ਲੈਫਟੀਨੈਂਟ ਜਨਰਲ ਕਟਿਆਰ ਨੇ ਪੱਛਮੀ ਕਮਾਂਡ ਦੇ ਜੀਓਸੀ-ਇਨ-ਸੀ ਵਜੋਂ ਅਹੁਦਾ ਸੰਭਾਲਿਆ
ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 1 ਜੁਲਾਈ
ਲੈਫਟੀਨੈਂਟ ਜਨਰਲ ਮਨੋਜ ਕੁਮਾਰ ਕਟਿਆਰ ਨੇ ਅੱਜ ਪੱਛਮੀ ਕਮਾਂਡ ਦੇ ਜਨਰਲ ਆਫਿਸਰ ਕਮਾਂਡਿੰਗ-ਇਨ-ਚੀਫ ਦਾ ਅਹੁਦਾ ਸੰਭਾਲ ਲਿਆ ਹੈ।
ਭਾਰਤ ਦੇ ਪ੍ਰੈੱਸ ਇਨਫਰਮੇਸ਼ਨ ਬਿਊਰੋ (ਰੱਖਿਆ ਵਿੰਗ) ਵੱਲੋਂ ਜਾਰੀ ਸੂਚਨਾ ਅਨੁਸਾਰ ਸੈਨਾ ਕਮਾਂਡਰ ਬਣਨ ’ਤੇ ਜਨਰਲ ਕਟਿਆਰ ਨੇ ਜੰਗੀ ਯਾਦਗਾਰ ’ਤੇ ਪਹੁੰਚ ਕੇ ਦੇਸ਼ ਲਈ ਆਪਣੀਆਂ ਜਾਨਾਂ ਵਾਰਨ ਵਾਲੇ ਵੀਰਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਰਾਸ਼ਟਰੀ ਰੱਖਿਆ ਅਕੈਡਮੀ ਖੜਕਵਾਸਲਾ ਅਤੇ ਭਾਰਤੀ ਸੈਨਾ ਅਕੈਡਮੀ ਦੇਹਰਾਦੂਨ ਦੇ ਸਾਬਕਾ ਵਿਦਿਆਰਥੀ ਲੈਫਟੀਨੈਂਟ ਜਨਰਲ ਕਟਿਆਰ ਨੂੰ 2 ਜੂਨ 1986 ਵਿੱਚ ਰਾਜਪੂਤ ਰੈਜੀਮੈਂਟ ਦੀ 23ਵੀਂ ਬਟਾਲੀਅਨ ਵਿੱਚ ਨਿਯੁਕਤ ਕੀਤਾ ਗਿਆ ਸੀ। ਉਹ ਮੰਨੇ-ਪ੍ਰਮੰਨੇ ਰੱਖਿਆ ਸੇਵਾ ਸਟਾਫ ਕਾਲਜ, ਰਾਸ਼ਟਰੀ ਰੱਖਿਆ ਕਾਲਜ ਅਤੇ ਨੈਸ਼ਨਲ ਵਾਰ ਕਾਲਜ ਯੂਐਸਏ ਦੇ ਗ੍ਰੈਜੂਏਟ ਵੀ ਹਨ ਅਤੇ ਰਾਜਪੂਤ ਰੈਜੀਮੈਂਟ ਵਿੱਚ ਰਹਿ ਚੁੱਕੇ ਹਨ। 37 ਸਾਲਾਂ ਤੋਂ ਵੱਧ ਸਮੇੀ ਦੇ ਕਾਰਜਕਾਲ ਵਿੱਚ ਜਨਰਲ ਕਟਿਆਰ ਨੇ ਸਿਆਚੀਨ ਗਲੇਸ਼ੀਅਰ ਵਿੱਚ ਕੰਟਰੋਲ ਰੇਖਾ ਦੇ ਨਾਲ 15 ਅਤੇ 16 ਕੋਰ ਅਤੇ ਅਸਲ ਕੰਟਰੋਲ ਰੇਖਾ ’ਤੇ ਅਤੇ 3, 14 ਤੇ 33 ਕੋਰ ਵਿੱਚ ਅਾਪਰੇਸ਼ਨਲ ਖੇਤਰਾਂ ਵਿੱਚ ਸੇਵਾ ਕੀਤੀ ਹੈ। ਜਨਰਲ ਆਫਿਸਰ ਨੇ ਭੂਟਾਨ ਵਿੱਚ ਭਾਰਤੀ ਸੈਨਾ ਸਿਖਲਾਈ ਟੀਮ ਅਤੇ ਰੱਖਿਆ ਸੇਵਾ ਸਟਾਫ ਕਾਲਜ ਵਾਲਿੰਗਟਨ ਵਿੱਚ ਟਰੇਨਰ ਦੇ ਰੂਪ ਵਿੱਚ ਵੀ ਕੰਮ ਕੀਤਾ ਹੈ। ਜਨਰਲ ਕਟਿਆਰ ਨੂੰ 2021 ਵਿੱਚ ਉੱਚ ਪੱਧਰੀ ਸੇਵਾ ਲਈ ਅਤਿ ਵਸ਼ਿਸ਼ਟ ਸੇਵਾ ਮੈਡਲ ਨਾਲ ਨਿਵਾਜਿਆ ਗਿਆ ਸੀ। ਇਸ ਤੋਂ ਪਹਿਲਾਂ ਉਹ ਭਾਰਤੀ ਸੈਨਾ ਦੇ ਡੀਜੀਐੱਮਓ ਰਹੇ ਹਨ।