ਕੁਲਦੀਪ ਧਾਲੀਵਾਲ ਵੱਲੋਂ ਡਿਜੀਟਲ ਲਾਇਬ੍ਰੇਰੀ ਬਣਾਉਣ ਦਾ ਐਲਾਨ
ਰਣਬੀਰ ਮਿੰਟੂ
ਚੇਤਨਪੁਰਾ, 31 ਮਾਰਚ
ਪੰਜਾਬ ਕਲਾ ਪਰਿਸ਼ਦ ਚੰਡੀਗੜ੍ਹ ਵੱਲੋਂ ਹਾਸ਼ਮ ਸ਼ਾਹ ਯਾਦਗਾਰੀ ਟਰੱਸਟ ਦੇ ਸਹਿਯੋਗ ਨਾਲ ਅੱਜ ਕੌਮਾਂਤਰੀ ਕਿੱਸਾਕਾਰ ਹਾਸ਼ਮ ਸ਼ਾਹ ਦੇ ਜੱਦੀ ਪਿੰਡ ਜਗਦੇਵ ਕਲਾਂ ਵਿੱਚ ਉਨ੍ਹਾਂ ਦੀ ਯਾਦ ਨੂੰ ਸਮਰਪਿਤ ਯਾਦਗਾਰੀ ਭਾਸ਼ਣ ਤੇ ਸੈਮੀਨਾਰ ਕਰਵਾਇਆ ਗਿਆ। ਸੈਮੀਨਾਰ ਵਿੱਚ ਬਤੌਰ ਮੁੱਖ ਮਹਿਮਾਨ ਵਜੋਂ ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ, ਜੋ ਹਾਸ਼ਮ ਸ਼ਾਹ ਯਾਦਗਾਰੀ ਟਰੱਸਟ ਦੇ ਪ੍ਰਧਾਨ ਵੀ ਹਨ, ਸ਼ਾਮਿਲ ਹੋਏ। ਵਿਸ਼ੇਸ਼ ਮਹਿਮਾਨਾਂ ਵਜੋਂ ਡਾਕਟਰ ਸੁਖਦੇਵ ਸਿੰਘ ਸਿਰਸਾ (ਸਾਬਕਾ ਮੁਖੀ, ਪੰਜਾਬੀ ਵਿਭਾਗ ਪੰਜਾਬ ਯੂਨੀਵਰਸਿਟੀ), ਪ੍ਰੋਫੈਸਰ ਸੁਰਜੀਤ ਜੱਜ, ਡਾ. ਹੀਰਾ ਸਿੰਘ ਤੋਂ ਇਲਾਵਾ ਪ੍ਰਧਾਨਗੀ ਮੰਡਲ ਵਿੱਚ ਚੇਅਰਮੈਨ ਸਵਿੰਦਰ ਸਿੰਘ ਗਿੱਲ, ਕੰਵਰਜੀਤ ਸਿੰਘ ਗਿੱਲ, ਜਸਬੀਰ ਸਿੰਘ ਗਿੱਲ, ਰਮੇਸ਼ ਯਾਦਵ, ਭੁਪਿੰਦਰ ਸਿੰਘ ਤੇ ਐੱਸ ਪਰਸ਼ੋਤਮ ਸਾਂਝੇ ਤੌਰ ਮੌਜੂਦ ਸਨ।
ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਐਲਾਨ ਕੀਤਾ ਕਿ ਕਿੱਸਾਕਾਰ ਹਾਸ਼ਮ ਸ਼ਾਹ ਯਾਦ ਨੂੰ ਸਮਰਪਿਤ ਹਾਸ਼ਮ ਸ਼ਾਹ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਜਗਦੇਵ ਕਲਾਂ ਵਿੱਚ ਪੰਜਾਬ ਦੀ ਦਿਹਾਤੀ ਖੇਤਰ ਦੀ ਵੱਡੀ ਤੇ ਪਲੇਠੀ 21 ਲੱਖ ਰੁਪਏ ਦੀ ਲਾਗਤ ਨਾਲ ਡਿਜੀਟਲ ਲਾਇਬ੍ਰੇਰੀ ਸਥਾਪਿਤ ਕੀਤੀ ਜਾਏਗੀ। ਉਨ੍ਹਾਂ ਇਸ ਪਿੰਡ ਦੇ ਜੰਮਪਲ ਨਾਵਲਕਾਰ ਰਾਜ ਗਿੱਲ, ਕਹਾਣੀਕਾਰ ਮੁਖਤਾਰ ਗਿੱਲ ਅਤੇ ਪੰਜਾਬੀ ਕਵੀ ਬਾਬਾ ਨਜਮੀ ਦੇ ਵੱਡ ਵਡੇਰਿਆਂ ਦਾ ਜੱਦੀ ਪਿੰਡ ਹੋਣ ਦਾ ਉਚੇਚੇ ਤੌਰ ’ਤੇ ਜ਼ਿਕਰ ਕੀਤਾ। ਇਸ ਮੌਕੇ ਪੰਜਾਬੀ ਵਿਭਾਗ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਸਾਬਕਾ ਮੁਖੀ ਡਾਕਟਰ ਸੁਖਦੇਵ ਸਿੰਘ ਸਰਸਾ, ਪ੍ਰੋਫੈਸਰ ਸੁਰਜੀਤ ਜੱਜ, ਖਾਲਸਾ ਕਾਲਜ ਅੰਮ੍ਰਿਤਸਰ ਦੇ ਪੰਜਾਬੀ ਵਿਭਾਗ ਦੇ ਡਾਕਟਰ ਹੀਰਾ ਸਿੰਘ ਆਦਿ ਸ਼ਖਸ਼ੀਅਤਾਂ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਇਸ ਮੌਕੇ ਖੁਸ਼ਪਾਲ ਸਿੰਘ ਧਾਲੀਵਾਲ, ਕੰਵਰਜੀਤ ਸਿੰਘ ਗਿੱਲ, ਪ੍ਰਿੰਸੀਪਲ ਯਸ਼ਮੀਤ ਕੌਰ, ਸੁਬੇਗ ਸਿੰਘ ਗਿੱਲ ਸਰਪੰਚ ਜਗਦੇਵ ਕਲਾ, ਭਾਈ ਸੁਵਿੰਦਰ ਸਿੰਘ, ਸੁਵਿੰਦਰ ਸਿੰਘ ਮੁਗਲ , ਰਾਜਪਾਲ ਕੌਰ, ਬਲਦੇਵ ਸਿੰਘ ਗਿੱਲ , ਹਰਬੰਸ ਸਿੰਘ, ਰਾਜਵਿੰਦਰ ਸਿੰਘ ਗਿੱਲ, ਸਾਹਿਬ ਸਿੰਘ ਤੋਂ ਇਲਾਵਾ ਸਮੂਹ ਸਕੂਲ ਸਟਾਫ ਵਿਦਿਆਰਥੀਆਂ ਤੇ ਇਲਾਕੇ ਦੇ ਪਤਵੰਤੇ ਹਾਜ਼ਰ ਸਨ।