ਕੋਵਿਡ-19: ਸੈਕਟਰ ਮੈਜਿਟਰੇਟ ਤਾਇਨਾਤ
ਮਨਮੋਹਨ ਸਿੰਘ ਢਿੱਲੋਂ
ਅੰਮ੍ਰਿਤਸਰ, 20 ਅਗਸਤ
ਸ਼ਹਿਰ ਵਿਚ ਤੇਜ਼ੀ ਨਾਲ ਵੱਧ ਰਹੇ ਕੋਵਿਡ-19 ਨੂੰ ਠੱਲ੍ਹ ਪਾਉਣ ਲਈ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਮੈਜਿਸਟਰੇਟ ਗੁਰਪ੍ਰੀਤ ਸਿੰਘ ਖਹਿਰਾ ਨੇ ਸ਼ਹਿਰ ਨੂੰ 20 ਸੈਕਟਰਾਂ ਵਿਚ ਵੰਡ ਕੇ ਪੁਲੀਸ ਦੇ ਨਾਲ-ਨਾਲ ਸਿਵਲ ਅਧਿਕਾਰੀਆਂ ਨੂੰ ਸੈਕਟਰ ਮੈਜਿਸਟਰੇਟ ਲਾ ਦਿੱਤਾ ਹੈ। ਜਾਰੀ ਕੀਤੇ ਹੁਕਮਾਂ ਵਿਚ ਉਨ੍ਹਾਂ ਸ਼ਹਿਰੀ 20 ਥਾਣਿਆਂ ਦੀ ਹੱਦਬੰਦੀ ਨੂੰ ਸੈਕਟਰ ਮੰਨ ਕੇ ਇਕ ਸਿਵਲ ਅਧਿਕਾਰੀ, ਜਿਹੜੇ, ਵੱਖ-ਵੱਖ ਵਿਭਾਗਾਂ ਵਿਚੋਂ ਲਏ ਗਏ ਹਨ, ਨੂੰ ਇਹ ਵੱਡੀ ਜ਼ਿੰਮੇਵਾਰੀ ਸੌਂਪੀ ਹੈ। ਇਹ ਅਧਿਕਾਰੀ ਅਲਾਟ ਕੀਤੇ ਗਏ ਥਾਣਾ ਖੇਤਰ ਵਿਚ ‘ਕੋਵਿਡ ਮੌਨੀਟਰ’ ਵਜੋਂ ਪੁਲੀਸ ਨਾਲ ਮਿਲ ਕੇ ਕਰੋਨਾ ਦੇ ਖਾਤਮੇ ਲਈ ਕੰਮ ਕਰਨਗੇ।ਉਨ੍ਹਾਂ ਕਿਹਾ ਕਿ ਇਸ ਕੰਮ ਵਿਚ ਕੋਵਿਡ ਦੇ ਸ਼ੱਕੀ ਮਰੀਜ਼ਾਂ ਦੇ ਨਮੂਨੇ ਲੈਣੇ, ਟੈਸਟ ਕਰਵਾਉਣੇ, ਘਰ ਵਿਚ ਇਕਾਂਤਵਾਸ ਕਰਨਾ, ਕੰਟੇਨਮੈਂਟ ਅਤੇ ਮਾਈਕਰੋ ਕੰਟੇਨਮੈਂਟ ਜੋਨ ਐਲਾਨੇ ਗਏ ਇਲਾਕਿਆਂ ਵਿਚ ਪ੍ਰੋਟੋਕੋਲ ਅਨੁਸਾਰ ਕੰਮ ਕਰਵਾਉਣੇ ਅਤੇ ਇਨ੍ਹਾਂ ਇਲਾਕਿਆਂ ਵਿੱਚ ਰਹਿਣ ਵਾਲੇ ਲੋਕਾਂ ਦੀਆਂ ਜ਼ਰੂਰੀ ਲੋੜਾਂ ਲਈ ਪ੍ਰਬੰਧ ਕਰਨਾ ਸ਼ਾਮਲ ਹੈ। ਅਧਿਕਾਰੀ ਆਪਣੇ-ਆਪਣੇ ਇਲਾਕੇ ’ਚ ਕੋਵਿਡ ਕੇਸਾਂ ਦੀ ਨਿਗਰਾਨੀ ਕਰਦੇ ਹੋਏ ਇਸ ਵਿਚ ਹੋ ਰਹੇ ਵਾਧੇ ਸਬੰਧੀ ਅੰਕੜੇ ਵੀ ਇਕੱਠੇ ਕਰਨਗੇ। ਸ੍ਰੀ ਖਹਿਰਾ ਨੇ ਕਿਹਾ ਕਿ ਇਹ ਟੀਮਾਂ ਆਪਣੇ- ਆਪਣੇ ਇਲਾਕੇ ਦੇ ਐੱਸਡੀਐੱਮ, ਡੀਸੀਪੀ ਅਤੇ ਸਿਵਲ ਸਰਜਨ ਦੀ ਨਿਗਰਾਨੀ ਹੇਠ ਕੰਮ ਕਰਨਗੀਆਂ।