ਕਿਸਾਨਾਂ ਤੇ ਮਜ਼ਦੂਰਾਂ ਦੇ ਵਿਰੋਧ ਕਾਰਨ ਮੰਤਰੀ ਦੇ ਪ੍ਰੋਗਰਾਮ ਰੱਦ
ਗੁਰਬਖ਼ਸ਼ਪੁਰੀ
ਤਰਨ ਤਾਰਨ, 11 ਅਪਰੈਲ
ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੂੰ ਕਿਸਾਨਾਂ-ਮਜ਼ਦੂਰਾਂ ਵੱਲੋਂ ਉਨ੍ਹਾਂ ਦੇ ਸਰਕਾਰੀ ਪ੍ਰੋਗਰਾਮਾਂ ਦਾ ਵਿਰੋਧ ਕਰਨ ਦੀ ਦਿੱਤੀ ਚਿਤਾਵਨੀ ਦੇ ਮੱਦੇਨਜਰ ਆਪਣੇ ਅੱਜ ਦੇ ਸਾਰੇ ਸਰਕਾਰੀ ਪ੍ਰੋਗਰਾਮ ਰੱਦ ਕਰਨੇ ਪਏ।
ਮੰਤਰੀ ਵੱਲੋਂ ਪ੍ਰੋਗਰਾਮ ਰੱਦ ਕਰਨ ’ਤੇ ਵੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਝੰਡੇ ਹੇਠ ਵੱਡੀ ਗਿਣਤੀ ਕਿਸਾਨਾਂ-ਮਜ਼ਦੂਰਾਂ ਨੇ ਇਲਾਕੇ ਦੇ ਪਿੰਡ ਨੌਸ਼ਹਿਰਾ ਪੰਨੂਆਂ ਵਿੱਚ ਕਾਲੀਆਂ ਝੰਡੀਆਂ ਨਾਲ ਰੋਸ ਮਾਰਚ ਕੀਤਾ। ਇੱਥੇ ਮੰਤਰੀ ਨੇ ਖੇਤੀਬਾੜੀ ਵਿਭਾਗ ਵੱਲੋਂ ਕੀਤੇ ਜਾਣ ਵਾਲੇ ਜ਼ਿਲ੍ਹਾ ਪੱਧਰੀ ਕਿਸਾਨ ਸਿਖਲਾਈ ਸੈਮੀਨਾਰ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣਾ ਸੀ| ਸਰਕਾਰੀ ਤੌਰ ’ਤੇ ਜਾਰੀ ਕੀਤੀ ਸੂਚਨਾ ਅਨੁਸਾਰ ਮੰਤਰੀ ਦੇ ਅੱਜ ਦੇ ਰੁਝੇਵਿਆਂ ਵਿੱਚ ਉਨ੍ਹਾਂ ਨੌਸ਼ਹਿਰਾ ਪੰਨੂਆਂ ਦੇ ਇਕ ਫਾਰਮ ਹਾਊਸ ਵਿੱਚ ਜ਼ਿਲ੍ਹਾ ਪੱਧਰੀ ਕਿਸਾਨ ਸਿਖਲਾਈ ਸੈਮੀਨਾਰ ਤੋਂ ਇਲਾਵਾ ਇਲਾਕੇ ਦੇ ਪ੍ਰਿੰਗੜੀ, ਰੱਤਾ ਗੁੱਦਾ, ਬੁਰਜ, ਪਨਗੋਟਾ ਸਣੇ 10 ਸਕੂਲਾਂ ਵਿੱਚ ‘ਪੰਜਾਬ ਸਿੱਖਿਆ ਕ੍ਰਾਂਤੀ’ ਤਹਿਤ ਕੀਤੇ ਵਿਕਾਸ ਕੰਮਾਂ ਦਾ ਉਦਘਾਟਨ ਕਰਨ ਲਈ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣਾ ਸੀ। ਪ੍ਰਸ਼ਾਸਨ ਨੇ ਸਵੇਰ ਵੇਲੇ ਹੀ ਮੰਤਰੀ ਦੇ ਸਾਰੇ ਪ੍ਰੋਗਰਾਮ ਰੱਦ ਕਰਨ ਦੀ ਸੂਚਨਾ ਜਾਰੀ ਕਰ ਦਿੱਤੀ ਸੀ। ਮੰਤਰੀ ਦੇ ਪ੍ਰੋਗਰਾਮ ਖ਼ਿਲਾਫ਼ ਰੋਸ ਵਿਖਾਵਾ ਕਰਨ ਲਈ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜ਼ਿਲ੍ਹਾ ਜਨਰਲ ਸਕੱਤਰ ਹਰਜਿੰਦਰ ਸਿੰਘ ਸ਼ਕਰੀ ਦੀ ਅਗਵਾਈ ਵਿੱਚ ਵੱਡੀ ਗਿਣਤੀ ਕਿਸਾਨਾਂ-ਮਜ਼ਦੂਰਾਂ ਨੇ ਨੌਸ਼ਹਿਰਾ ਪੰਨੂਆਂ ਦੀਆਂ ਸੜਕਾਂ ’ਤੇ ਕਾਲੀਆਂ ਝੰਡੀਆਂ ਨਾਲ ਰੋਸ ਵਿਖਾਵਾ ਕੀਤਾ। ਜਥੇਬੰਦੀ ਦੇ ਆਗੂ ਜਰਨੈਲ ਸਿੰਘ ਨੂਰਦੀ, ਫਤਿਹ ਸਿੰਘ ਪਿੱਦੀ, ਦਿਆਲ ਸਿੰਘ ਮੀਆਂਵਿੰਡ, ਰੇਸ਼ਮ ਸਿੰਘ ਘੁਰਕਵਿੰਡ ਨੇ ਆਪਣੇ ਸੰਬੋਧਨ ਵਿੱਚ ਪੰਜਾਬ ਸਰਕਾਰ ਵੱਲੋਂ 19 ਮਾਰਚ ਨੂੰ ਸ਼ੰਭੂ-ਖਿਨੌਰੀ ਦੇ ਬਾਰਡਰ ’ਤੇ ਮੋਰਚੇ ਵਿੱਚ ਸ਼ਾਂਤਮਈ ਬੈਠੇ ਕਿਸਾਨਾਂ ਅਤੇ ਮਜ਼ਦੂਰਾਂ ’ਤੇ ਢਾਹੇ ਅਣਮਨੁੱਖੀ ਤਸ਼ੱਦਦ ਦੀ ਨਿਖੇਧੀ ਕੀਤੀ।
ਪੱਟੀ ਦੇ ਸਕੂਲਾਂ ’ਚ ਹੋਣ ਵਾਲੇ ਸਮਾਗਮ ਰੱਦ
ਵਿਧਾਨ ਸਭਾ ਹਲਕਾ ਤਰਨ ਤਾਰਨ, ਖੇਮਕਰਨ ਅਤੇ ਖਡੂਰ ਸਾਹਿਬ ਦੇ ਵਿਧਾਇਕਾਂ ਵੱਲੋਂ ਅੱਜ ਆਪੋ-ਆਪਣੇ ਹਲਕਿਆਂ ਦੇ ਵੱਖ ਵੱਖ ਨੌਂ ਸਰਕਾਰੀ ਸਕੂਲਾਂ ਅੰਦਰ ਬੀਤੇ ਦੋ ਦੇ ਸਾਲਾਂ ਦੌਰਾਨ ਕੀਤੇ ਵਿਕਾਸ ਕੰਮਾਂ ਦੇ ਉਦਘਾਟਨ ਕੀਤੇ। ਅੱਜ ਹਲਕਾ ਪੱਟੀ ਤੋਂ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ 10 ਸਕੂਲਾਂ ਵਿੱਚ ਕੀਤੇ ਵਿਕਾਸ ਦੇ ਉਦਘਾਟਨ ਕਰਨੇ ਸਨ ਪਰ ਉਨ੍ਹਾਂ ਦੇ ਸਮਾਗਮਾਂ ਮੌਕੇ ਸੂਬਾ ਸਰਕਾਰ ਵਲੋਂ ਸ਼ੰਭੂ-ਖਨੌਰੀ ਦੇ ਬਾਰਡਰਾਂ ਤੇ ਕੀਤੇ ਤਸ਼ਦੱਦ ਖ਼ਿਲਾਫ਼ ਰੋਸ ਵਿਖਾਵੇ ਕਰਨ ਦੀ ਇਕ ਕਿਸਾਨ ਜਥੇਬੰਦੀ ਵੱਲੋਂ ਚਿਤਾਵਨੀ ਦੇਣ ਕਰਕੇ ਉਨ੍ਹਾਂ ਆਪਣੇ ਪ੍ਰੋਗਰਾਮ ਰੱਦ ਕਰ ਦਿੱਤੇ। ਤਰਨ ਤਾਰਨ ਦੇ ਵਿਧਾਇਕ ਡਾ. ਕਸ਼ਮੀਰ ਸਿੰਘ ਸੋਹਲ, ਖੇਮਕਰਨ ਦੇ ਵਿਧਾਇਕ ਸਰਵਣ ਸਿੰਘ ਧੁੰਨ ਅਤੇ ਖਡੂਰ ਸਾਹਿਬ ਦੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੇ ਕਰਮਵਾਰ ਪੰਜ, ਚਾਰ ਅਤੇ ਚਾਰ ਸਕੂਲਾਂ ਵਿੱਚ ਕੀਤੇ ਕੰਮਾਂ ਦੇ ਉਦਘਾਟਨ ਕੀਤੇ।