ਪੰਜਾਬ ਸਿੱਖਿਆ ਕ੍ਰਾਂਤੀ: ਜਲੰਧਰ ਦੇ 37 ਸਕੂਲਾਂ ’ਚ ਵਿਕਾਸ ਪ੍ਰਾਜੈਕਟਾਂ ਦਾ ਉਦਘਾਟਨ
ਹਤਿੰਦਰ ਮਹਿਤਾ
ਜਲੰਧਰ 11 ਅਪਰੈਲ
ਪੰਜਾਬ ਦੇ ਬਾਗਬਾਨੀ, ਸੁਤੰਤਰਤਾ ਸੈਨਾਨੀ ਅਤੇ ਰੱਖਿਆ ਸੇਵਾਵਾਂ ਭਲਾਈ ਮੰਤਰੀ ਮਹਿੰਦਰ ਭਗਤ ਵੱਲੋਂ ਅੱਜ ਸਰਕਾਰੀ ਸੀਨੀਅਰ ਸੈਕੰਡਰੀ (ਲੜਕੇ), ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਅਤੇ ਸਰਕਾਰੀ ਪ੍ਰਾਇਮਰੀ ਸਕੂਲ ਭਾਰਗਵ ਕੈਂਪ, ਜਲੰਧਰ ਵਿੱਚ 26.78 ਲੱਖ ਰੁਪਏ ਦੇ ਵਿਕਾਸ ਪ੍ਰਾਜੈਕਟ ਲੋਕ ਅਰਪਣ ਕੀਤੇ ਗਏ। ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ‘ਪੰਜਾਬ ਸਿੱਖਿਆ ਕ੍ਰਾਂਤੀ’ ਉਪਰਾਲੇ ਤਹਿਤ ਅੱਜ ਜ਼ਿਲ੍ਹੇ ਦੇ 37 ਸਰਕਾਰੀ ਸਕੂਲਾਂ ਵਿੱਚ 2.90 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ ਗਿਆ, ਜਿਸ ਨਾਲ ਜ਼ਿਲ੍ਹੇ ਦੀਆਂ ਸਿੱਖਿਆ ਸੰਸਥਾਵਾਂ ਦੇ ਬੁਨਿਆਦੀ ਢਾਂਚੇ ਨੂੰ ਹੋਰ ਹੁਲਾਰਾ ਮਿਲੇਗਾ। ਕੈਬਨਿਟ ਮੰਤਰੀ ਵੱਲੋਂ ਬੁਨਿਆਦੀ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਲਈ ਵਿਕਾਸ ਪ੍ਰਾਜੈਕਟਾਂ ਲਈ 10 ਲੱਖ ਰੁਪਏ ਦੀ ਗਰਾਂਟ ਦੇਣ ਦਾ ਐਲਾਨ ਕੀਤਾ ਗਿਆ। ਇਸ ਤਰ੍ਹਾਂ ਵਿਧਾਇਕ ਰਮਨ ਅਰੋੜਾ ਅਤੇ ਇੰਦਰਜੀਤ ਕੌਰ ਮਾਨ ਨੇ ਆਪਣੇ ਵਿਧਾਨ ਸਭਾ ਖੇਤਰਾਂ ਦੇ ਸਕੂਲਾਂ ਵਿੱਚ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ ਗਿਆ। ਵਿਧਾਇਕ ਰਮਨ ਅਰੋੜਾ ਨੇ 1.10 ਕਰੋੜ ਅਤੇ ਨਕੋਦਰ ਤੋਂ ਵਿਧਾਇਕ ਇੰਦਰਜੀਤ ਕੌਰ ਮਾਨ ਨੇ ਸਰਕਾਰੀ ਸਕੂਲਾਂ ਵਿੱਚ 17.37 ਲੱਖ ਰੁਪਏ ਦੇ ਵਿਕਾਸ ਪ੍ਰਾਜੈਕਟ ਲੋਕ ਅਰਪਣ ਕੀਤੇ।
ਪਠਾਨਕੋਟ (ਐੱਨਪੀ ਧਵਨ): ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਠਾਕੁਰ ਅਮਿਤ ਸਿੰਘ ਮੰਟੂ ਨੇ ਅੱਜ ਸਿੱਖਿਆ ਕ੍ਰਾਂਤੀ ਤਹਿਤ ਸੁਜਾਨਪੁਰ ਹਲਕੇ ਦੇ ਪਿੰਡ ਮਿਰਜ਼ਾਪੁਰ ਦੇ ਪ੍ਰਾਇਮਰੀ ਸਕੂਲ, ਪਿੰਡ ਅਜ਼ੀਜ਼ਪੁਰ ਖਦਾਵਰ ਦੇ ਹਾਈ ਸਕੂਲ, ਪਿੰਡ ਸੌਲੀ ਭੋਲੀ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਕੀਤੇ। ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਰਾਜੇਸ਼ ਕੁਮਾਰ, ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਧਾਰ 2 ਰਾਕੇਸ਼ ਠਾਕੁਰ, ਬੀਐਨਓ ਪ੍ਰਿੰਸੀਪਲ ਬਲਬੀਰ ਵਿਰਦੀ, ਹੈੱਡਮਾਸਟਰ ਕੇਵਲ ਕ੍ਰਿਸ਼ਨ, ਸੈਂਟਰ ਹੈੱਡ ਟੀਚਰ ਪੂਨਮ, ਸਾਬਕਾ ਸਰਪੰਚ ਬਲਬੀਰ ਸਿੰਘ, ਸਰਪੰਚ ਰਾਜੇਸ਼ਵਰ ਸਿੰਘ, ਸਰਪੰਚ ਕੁਲਬੀਰ ਸਿੰਘ, ਸਰਪੰਚ ਸਲਵਿੰਦਰ ਸਿੰਘ ਹਾਜ਼ਰ ਸਨ। ਮੰਟੂ ਨੇ ਪਿੰਡ ਮਿਰਜ਼ਾਪੁਰ ਦੇ ਪ੍ਰਾਇਮਰੀ ਸਕੂਲ ਵਿੱਚ 3.70 ਲੱਖ ਦੀ ਲਾਗਤ ਨਾਲ ਹੋਣ ਵਾਲੀ ਕੰਧ ਦੀ ਮੁਰੰਮਤ, ਸਰਕਾਰੀ ਪ੍ਰਾਇਮਰੀ ਸਕੂਲ ਸੌਲੀ ਭੋਲੀ ਵਿੱਚ 3.04 ਲੱਖ ਦੀ ਲਾਗਤ ਨਾਲ ਹੋਣ ਵਾਲੀ ਚਾਰਦੀਵਾਰੀ ਦਾ ਕੰਮ, ਸਰਕਾਰੀ ਹਾਈ ਸਕੂਲ ਅਜ਼ੀਜ਼ਪੁਰ ਖਦਾਵਰ ਵਿੱਚ 4.70 ਲੱਖ ਦੀ ਲਾਗਤ ਨਾਲ ਹੋਣ ਵਾਲੀ ਚਾਰਦੀਵਾਰੀ ਦਾ ਕੰਮ ਅਤੇ 9.65 ਲੱਖ ਦੀ ਲਾਗਤ ਨਾਲ ਹੋਣ ਵਾਲੀ ਲਾਇਬ੍ਰੇਰੀ ਦੇ ਕੰਮ ਦਾ ਉਦਘਾਟਨ ਕੀਤਾ।
ਸ੍ਰੀ ਹਰਗੋਬਿੰਦਪੁਰ ਸਾਹਿਬ (ਗੁਰਭੇਜ ਸਿੰਘ ਰਾਣਾ): ਹਲਕੇ ਦੇ ਅੱਜ ਵੱਖ-ਵੱਖ ਸਰਕਾਰੀ ਪ੍ਰਾਇਮਰੀ ਤੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਵਿਧਾਇਕ ਅਮਰਪਾਲ ਸਿੰਘ ਨੇ 95 ਲੱਖ 2200 ਰੁਪਏ ਦੀ ਲਾਗਤ ਨਾਲ ਵਿਕਾਸ ਕਾਰਜਾਂ ਦੇ ਉਦਘਾਟਨ ਕੀਤੇ। ਉਨ੍ਹਾਂ ਦੱਸਿਆ ਕਿ ਸਰਕਾਰੀ ਪ੍ਰਾਇਮਰੀ ਸਕੂਲ ਭਰਥ ਵਿਖੇ 26 ਲੱਖ 39 ਹਜ਼ਾਰ 400 ਰੁਪਏ, ਨੰਗਲ ਝੋਰ ਵਿਖੇ 22 ਲੱਖ 7800 ਰੁਪਏ, ਢਪਈ ਵਿਖੇ 1 ਲੱਖ 10000 ਰੁਪਏ, ਬਾਮ ਵਿਖੇ 9 ਲੱਖ 51 ਹਜ਼ਾਰ ਰੁਪਏ ਅਤੇ ਭਾਮੜੀ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿਕੇ 4 ਲੱਖ 68 ਹਜ਼ਾਰ ਰੁਪਏ ਦੇ ਵਿਕਾਸ ਕੰਮ ਕਰਵਾਏ ਗਏ ਹਨ। ਇਸੇ ਤਰ੍ਹਾਂ ਸੀਨੀਅਰ ਸੈਕੰਡਰੀ ਸਕੂਲ ਭਾਮ ਵਿਖੇ 36 ਲੱਖ 55 ਹਜ਼ਾਰ ਰੁਪਏ, ਭਾਮੜੀ ਵਿਖੇ 4 ਲੱਖ 40 ਹਜ਼ਾਰ ਰੁਪਏ ਅਤੇ ਢਪਈ ਵਿਖੇ 11 ਲੱਖ 11 ਹਜ਼ਾਰ ਰੁਪਏ ਦੇ ਵਿਕਾਸ ਕਾਰਜ ਕੀਤੇ ਗਏ ਹਨ।
ਰਈਆ (ਦਵਿੰਦਰ ਸਿੰਘ ਭੰਗੂ): ਪੰਹਲਕਾ ਬਾਬਾ ਬਕਾਲਾ ਸਾਹਿਬ ਦੇ ਵਿਧਾਇਕ ਦਲਬੀਰ ਸਿੰਘ ਟੌਂਗ ਨੇ ਪਿੰਡ ਖ਼ਾਨਪੁਰ ਸ਼ੇਰੋਂ, ਸੇਰੋਂ ਬਾਘਾ ਅਤੇ ਖ਼ਾਨਪੁਰ ਵਿਚ 48 ਲੱਖ ਦੀ ਲਾਗਤ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ। ਉਨ੍ਹਾਂ ਪਿੰਡ ਖ਼ਾਨਪੁਰ ਸੇਰੋਂ ਦੇ ਸਰਕਾਰੀ ਹਾਈ ਸਕੂਲ ਵਿੱਚ ਚਾਰਦੀਵਾਰੀ , ਸ਼ੇਰੋਂ ਬਾਘਾ ਦੇ ਸਰਕਾਰੀ ਮਿਡਲ ਸਕੂਲ ’ਚ ਚਾਰਦੀਵਾਰੀ, ਸਰਕਾਰੀ ਪ੍ਰਾਇਮਰੀ ਸਕੂਲ ਖ਼ਾਨਪੁਰ ਦੇ ਸਕੂਲ ਵਿੱਚ ਕਮਰਿਆਂ ਤੇ ਚਾਰਦੀਵਾਰੀ ਤੇ ਸ਼ੇਰੋ ਬਾਘਾ ਦੇ ਸਕੂਲ ਵਿੱਚ ਨਵੇਂ ਕਮਰੇ ਬੱਚਿਆਂ ਨੂੰ ਸਮਰਪਿਤ ਕੀਤੇ।
ਕਪੂਰਥਲਾ ਜ਼ਿਲ੍ਹੇ ’ਚ 94 ਲੱਖ ਰੁਪਏ ਦੇ ਵਿਕਾਸ ਕੰਮਾਂ ਦੀ ਸ਼ੁਰੂਆਤ
ਕਪੂਰਥਲਾ (ਜਸਬੀਰ ਸਿੰਘ ਚਾਨਾ): ਪੰਜਾਬ ਸਿੱਖਿਆ ਕ੍ਰਾਂਤੀ ਤਹਿਤ ਕਪੂਰਥਲਾ ਜ਼ਿਲ੍ਹੇ ਦੇ ਸਕੂਲਾਂ ਦੀ ਨੁਹਾਰ ਬਦਲਣ ਦੀ ਮੁਹਿੰਮ ਤਹਿਤ ਅੱਜ 8 ਹੋਰ ਸਕੂਲਾਂ ’ਚ 94 ਲੱਖ ਰੁਪਏ ਦੀ ਲਾਗਤ ਨਾਲ ਵੱਖ-ਵੱਖ ਵਿਕਾਸ ਕਾਰਜਾਂ ਦੇ ਉਦਘਾਟਨ ਕੀਤੇ ਗਏ। ਫਗਵਾੜਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਮੀਰਾਂਪੁਰ ਵਿੱਚ ਸੰਸਦ ਮੈਂਬਰ ਡਾ. ਰਾਜ ਕੁਮਾਰ ਚੱਬੇਵਾਲ ਵਲੋਂ 8.5 ਲੱਖ ਰੁਪਏ ਦੀ ਲਾਗਤ ਨਾਲ ਚਾਰਦੀਵਾਰੀ ਤੇ 3 ਲੱਖ ਰੁਪਏ ਦੀ ਲਾਗਤ ਨਾਲ ਕੀਤੇ ਗਏ ਹੋਰ ਵਿਕਾਸ ਕੰਮ ਲੋਕ ਅਰਪਿਤ ਕੀਤੇ ਗਏ। ਇਸ ਤੋਂ ਇਲਾਵਾ ਸਰਕਾਰੀ ਮਿਡਲ ਸਕੂਲ ਚੱਕਹਕੀਮ ਵਿਖੇ 1.60 ਲੱਖ ਰੁਪਏ ਦੀ ਲਾਗਤ ਨਾਲ ਸਪੋਰਟਸ ਟਰੈਕ ਤੇ 3.50 ਲੱਖ ਰੁਪਏ ਨਾਲ ਚਾਰਦੀਵਾਰੀ ਦੇ ਨਿਰਮਾਣ ਦਾ ਉਦਘਾਟਨ ਕੀਤਾ ਗਿਆ। ਕਪੂਰਥਲਾ ਬਲਾਕ ਦੇ ਸਰਕਾਰੀ ਪ੍ਰਾਇਮਰੀ ਤੇ ਮਿਡਲ ਸਕੂਲ ਚੂਹੜਵਾਲ ਵਿਖੇ ਪੰਜਾਬ ਰਾਜ ਗੋਦਾਮ ਨਿਗਮ ਦੇ ਚੇਅਰਮੈਨ ਗੁਰਦੇਵ ਸਿੰਘ ਲਾਖਣਾਂ, ਸੁਲਤਾਨਪੁਰ ਲੋਧੀ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਡੱਲਾ ਤੇ ਪ੍ਰਾਇਮਰੀ ਸਕੂਲ ਡੱਲਾ ਵਿਖੇ ਕਪੂਰਥਲਾ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਸੱਜਣ ਸਿੰਘ ਚੀਮਾ, ਭੁਲੱਥ ਬਲਾਕ ’ਚ ਸਰਕਾਰੀ ਪ੍ਰਾਇਮਰੀ ਸਕੂਲ ਦਿਆਲਪੁਰ ਤੇ ਸਰਕਾਰੀ ਪ੍ਰਾਇਮਰੀ ਸਕੂਲ ਸ਼ੇਰ ਸਿੰਘਵਾਲਾ ਵਿਖੇ ਹਰਸਿਮਰਨ ਸਿੰਘ ਘੁੰਮਣ ਡਾਇਰੈਕਟਰ ਜਲ ਸਰੋਤ ਵਿਭਾਗ ਤੇ ਮੈਂਬਰ ਪੰਜਾਬ ਕ੍ਰਿਕਟ ਐਸੋਸੀਏਸ਼ਨ ਨੇ ਉਦਘਾਟਨ ਕੀਤੇ।
ਨਿੱਜਰਾਂ, ਲੱਲੀਆਂ ਕਲਾਂ ਤੇ ਲੱਲੀਆਂ ਖ਼ੁਰਦ ਸਕੂਲਾਂ ’ਚ ਉਦਘਾਟਨ
ਕਰਤਾਰਪੁਰ (ਗੁਰਨੇਕ ਸਿੰਘ ਵਿਰਦੀ): ਵਿਧਾਇਕ ਬਲਕਾਰ ਸਿੰਘ ਨੇ ਅੱਜ ‘ਪੰਜਾਬ ਸਿੱਖਿਆ ਕ੍ਰਾਂਤੀ’ ਤਹਿਤ ਹਲਕੇ ਦੇ ਸਰਕਾਰੀ ਹਾਈ ਸਕੂਲ ਨਿੱਜਰਾਂ, ਸਰਕਾਰੀ ਪ੍ਰਾਇਮਰੀ ਸਕੂਲ ਲੱਲੀਆਂ ਕਲਾਂ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਲੱਲੀਆਂ ਖੁਰਦ ਵਿਖੇ 17.20 ਲੱਖ ਰੁਪਏ ਦੀ ਲਾਗਤ ਸਾਇੰਸ ਲੈਬ ਅਤੇ ਚਾਰਦੀਵਾਰੀਆਂ ਦੇ ਮੁਕੰਮਲ ਹੋਏ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਬੱਚੇ ਸਰਕਾਰੀ ਸਕੂਲਾਂ ਵਿੱਚ ਦਾਖਲ ਕਰਵਾ ਕੇ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਵੱਖ-ਵੱਖ ਸਹੂਲਤਾਂ ਦਾ ਲਾਹਾ ਲੈਣਾ ਚਾਹੀਦਾ ਹੈ।