ਬੀਬੀਐੱਮਬੀ ਦੇ ਹਰਿਆਣਾ ਨੂੰ ਹਿੱਸੇ ਤੋਂ ਵੱਧ ਪਾਣੀ ਦੇਣ ਦਾ ਵਿਰੋਧ
ਨਿੱਜੀ ਪੱਤਰ ਪ੍ਰੇਰਕ
ਹੁਸ਼ਿਆਰਪੁਰ, 2 ਮਈ
ਸਿੱਖ ਸਦਭਾਵਨਾ ਦਲ ਦੇ ਸੂਬਾ ਪ੍ਰਧਾਨ ਜਥੇਦਾਰ ਗੁਰਵਤਨ ਸਿੰਘ ਮੁਲਤਾਨੀ ਨੇ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਬੀਬੀਐਮਬੀ ਰਾਹੀਂ ਆਪਣੇ ਹਿੱਸੇ ਤੋਂ ਵੱਧ ਪਾਣੀ ਹਰਿਆਣਾ ਨੂੰ ਦੇਣ ਦੀ ਕੋਸ਼ਿਸ਼ ਨੂੰ ਪੰਜਾਬ ਨਾਲ ਧੱਕਾ ਕਰਾਰ ਦਿੱਤਾ ਹੈ। ਉਨ੍ਹਾਂ ਕੇਂਦਰ ਦੀ ਇਸ ਸਾਜ਼ਿਸ਼ ਨੂੰ ਦੋ ਗੁਆਢੀ ਰਾਜਾਂ ਪਾੜ ਪਾਉਣ ਦੀ ਕੋਸ਼ਿਸ਼ ਕਰਾਰ ਦਿਤਾ ਹੈ।
ਜਥੇਦਾਰ ਮੁਲਤਾਨੀ ਨੇ ਹਰਿਆਣਾ ਪਹਿਲਾਂ ਹੀ ਤੈਅ ਹਿੱਸੇ ਤੋਂ ਵੱਧ ਪਾਣੀ ਲੈ ਚੁੱਕਾ ਹੈ ਅਤੇ ਪੰਜਾਬ ਅੰਦਰ ਵੀ ਪਾਣੀ ਦਾ ਜ਼ਮੀਨੀ ਪੱਧਰ ਲਗਾਤਾਰ ਡਿੱਗਦਾ ਜਾ ਰਿਹਾ ਹੈ। ਕੇਂਦਰ ਅਤੇ ਹਰਿਆਣਾ ਦੀ ਭਾਜਪਾ ਸਰਕਾਰ ਪਹਿਲਾਂ ਹੀ ਇੱਕ ਸਾਜਿਸ਼ ਤਹਿਤ ਪੰਜਾਬ ਦੀ ਹਿੱਸੇਦਾਰੀ ਘਟਾਈ ਗਈ ਹੈ ਅਤੇ ਹੁਣ ਵੀ ਪੰਜਾਬ ਦੇ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ। ਉਨ੍ਹਾਂ ਸੂਬੇ ਦੀ ਭਗਵੰਤ ਮਾਨ ਸਰਕਾਰ ਨੂੰ ਨਿਸ਼ਾਨੇ ’ਤੇ ਲੈਂਦਿਆਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ‘ਆਪ’ ਦੇ 92 ਵਿਧਾਇਕ ਜਿਤਾ ਕੇ ਸੂਬੇ ਦੀ ਵਾਗਡੋਰ ਸੌਂਪੀ ਹੈ, ਉਹ ਵਿਧਾਇਕ ਮੈਦਾਨ ਵਿੱਚ ਨਿਰਤਣ ਅਤੇ ਪੰਜਾਬ ਦੇ ਹਿੱਤਾਂ ਦੀ ਰਾਖੀ ਕਰਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੂੰ ਸਾਰੇ ਵਿਧਾਇਕਾਂ ਅਤੇ ਪਾਰਟੀ ਆਗੂਆਂ ਤੇ ਕਾਰਕੁਨਾ ਨੂੰ ਨਾਲ ਲੈ ਕੇ ਮੋਦੀ ਸਰਕਾਰ ਖ਼ਿਲਾਫ਼ ਸੰਘਰਸ਼ ਵਿੱਢਣਾ ਚਾਹੀਦਾ ਹੈ। ਉਨ੍ਹਾ ਸੂਬਾ ਸਰਕਾਰ ਤੋਂ ਮੰਗ ਕੀਤੀ ਕਿ ਪੰਜਾਬ ਦੇ ਪਾਣੀਆਂ ’ਤੇ ਪੈ ਰਹੇ ਡਾਕੇ ਅਤੇ ਚੰਡੀਗੜ੍ਹ ਵਿੱਚੋਂ ਘਟਾਈ ਜਾ ਰਹੀ ਪੰਜਾਬ ਦੀ ਹਿੱਸੇਦਾਰੀ ਖਿਲਾਫ਼ ਕੇਂਦਰ ਖਿਲਾਫ਼ ਸੰਘਰਸ਼ ਵਿੱਢੇ।