ਪਹਿਲਗਾਮ ਹਮਲੇ ’ਚ ਮਾਰੇ ਲੋਕਾਂ ਦੀ ਯਾਦ ’ਚ ਮੋਮਬੱਤੀ ਮਾਰਚ
ਹਰਪ੍ਰੀਤ ਕੌਰ
ਹੁਸ਼ਿਆਰਪੁਰ, 2 ਮਈ
ਪਹਿਲਗਾਮ ਵਿੱਚ ਅਤਿਵਾਦੀਆਂ ਵਲੋਂ ਮਾਰੇ ਗਏ ਸੈਲਾਨੀਆਂ ਨੂੰ ਸ਼ਰਧਾਂਜਲੀ ਦੇਣ ਹਿੱਤ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਵੱਲੋਂ ਸ਼ਹਿਰ ਵਿੱਚ ਮੋਮਬੱਤੀ ਮਾਰਚ ਕੀਤਾ ਗਿਆ। ਇਸ ਮੌਕੇ ਪ੍ਰਿੰਸੀਪਲ ਅਮਨਦੀਪ ਸ਼ਰਮਾ, ਜਸਵੀਰ ਤਲਵਾੜਾ, ਸੰਜੀਵ ਧੂਤ, ਪ੍ਰਿਤਪਾਲ ਸਿੰਘ ਚੌਟਾਲਾ, ਸੁਨੀਲ ਸ਼ਰਮਾ, ਤਿਲਕ ਰਾਜ ਆਦਿ ਆਗੂਆਂ ਨੇ ਇਸ ਹਮਲੇ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਤੇ ਮੰਗ ਕੀਤੀ ਕਿ ਹਮਲੇ ਦੀ ਉੱਚ ਪੱਧਰੀ ਜਾਂਚ ਕੀਤੀ ਜਾਵੇ ਅਤੇ ਨਿਰਦੋਸ਼ ਲੋਕਾਂ ਦੇ ਕਾਤਲਾਂ ਨੂੰ ਸਖਤ ਸਜ਼ਾ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਇਹ ਕਿਸੇ ਇੱਕ ਧਰਮ ਜਾਂ ਫ਼ਿਰਕੇ ਉੱਪਰ ਹਮਲਾ ਨਹੀਂ ਹੈ ਸਗੋਂ ਦੇਸ਼ ਦੀ ਏਕਤਾ ਅਖੰਡਤਾ ਉੱਪਰ ਹਮਲਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਨੂੰ ਤੋੜਣ ਵਾਲੀਆਂ ਕੁੱਝ ਤਾਕਤਾਂ ਇਸ ਨੂੰ ਧਰਮ ’ਤੇ ਹਮਲਾ ਗਰਦਾਨ ਕੇ ਦੇਸ਼ ਵਿੱਚ ਫ਼ਿਰਕੂ ਜ਼ਹਿਰ ਫੈਲਾਉਣਾ ਚਾਹੁੰਦੀਆਂ ਹਨ ਜਿਸ ਤੋਂ ਲੋਕਾਂ ਨੂੰ ਸਾਵਧਾਨ ਰਹਿਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਦੁੱਖ ਦੇ ਸੰਕਟ ਦੀ ਇਸ ਘੜੀ ਵਿੱਚ ਦੇਸ਼ ਦਾ 80 ਲੱਖ ਅਤੇ ਪੰਜਾਬ ਦਾ ਦੋ ਲੱਖ ਐੱਨਪੀਐੱਸ ਕਰਮਚਾਰੀ ਦੇਸ਼ ਦੇ ਨਾਲ ਖੜ੍ਹਾ ਹੈ। ਇਸੇ ਕਰਕੇ ਮਜ਼ਦੂਰ ਦਿਵਸ ’ਤੇ ਪਹਿਲੀ ਮਈ ਨੂੰ ਜੰਤਰ-ਮੰਤਰ ਦਿੱਲੀ ਵਿੱਚ ਦਿੱਤਾ ਜਾਣ ਵਾਲਾ ਧਰਨਾ ਮੁਲਤਵੀ ਕਰਕੇ ਹੁਣ ਸ਼ੋਕ ਸਭਾ ਅਤੇ ਮੋਮਬੱਤੀ ਮਾਰਚ ਕਰ ਕੇ ਪਹਿਲਗਾਮ ਦੇ ਮ੍ਰਿਤਕਾਂ ਨੂੰ ਸ਼ਰਧਾਂਜਲੀਆਂ ਦਿੱਤੀਆਂ ਜਾ ਰਹੀਆਂ ਹਨ। ਇਸ ਮੌਕੇ ਪ੍ਰਿੰਸ ਗੜ੍ਹਦੀਵਾਲਾ, ਵਿਕਾਸ ਸ਼ਰਮਾ, ਵਰਿੰਦਰ ਵਿੱਕੀ, ਵਿਕਾਸ ਅਰੋੜਾ, ਦਵਿੰਦਰ ਸਿੰਘ, ਰਾਜ ਕੁਮਾਰ, ਸਚਿਨ ਕੁਮਾਰ, ਚਮਨ ਲਾਲ, ਸੰਦੀਪ ਸ਼ਰਮਾ, ਜਸਵਿੰਦਰ ਪਾਲ, ਅਸ਼ੋਕ ਕੁਮਾਰ, ਦੀਪਕ ਕੁਮਾਰ, ਲੈਕਚਰਾਰ ਉਪਿੰਦਰ ਸਿੰਘ ਆਦਿ ਹਾਜ਼ਿਰ ਸਨ।