ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਚੁੱਪ ਤੇ ਚਿੱਤ ਵਿਚ ਵਸਦੀ ਕਿਰਨ ਗੁਜਰਾਲ

09:50 AM Aug 23, 2020 IST
Advertisement

ਪ੍ਰੇਮ ਸਿੰਘ

ਅਨਮੋਲ ਸਾਥ

Advertisement

1943 ਵਿਚ ਪਟਿਆਲਾ ਵਿਖੇ ਜਨਮੇ ਪ੍ਰੇਮ ਸਿੰਘ ਉੱਘੇ ਚਿੱਤਰਕਾਰ ਹਨ। ਉਹ ਚੰਡੀਗੜ੍ਹ ਦੇ ਆਰਟ ਕਾਲਜ ਦੇ ਪ੍ਰਿੰਸੀਪਲ, ਲਲਿਤ ਕਲਾ ਅਕਾਦਮੀ ਨਵੀਂ ਦਿੱਲੀ ਦੇ ਮੈਂਬਰ, ਨੈਸ਼ਨਲ ਗੈਲਰੀ ਆਫ ਮਾਡਰਨ ਆਰਟ ਨਵੀਂ ਦਿੱਲੀ ਦੀ ਸਲਾਹਕਾਰ ਕਮੇਟੀ ਦੇ ਮੈਂਬਰ ਰਹੇ। ਉਨ੍ਹਾਂ ਨੇ ਦੇਸ਼ ਵਿਦੇਸ਼ ਵਿਚ ਅਨੇਕਾਂ ਕਲਾ ਪ੍ਰਦਰਸ਼ਨੀਆਂ ਵਿਚ ਹਿੱਸਾ ਲਿਆ। ਉਹ 1966 ਤੋਂ ਲੈ ਕੇ ਹੁਣ ਤਕ ਕਲਾ ਦੇ ਖੇਤਰ ਵਿਚ ਸਰਗਰਮ ਹਨ। ਉਨ੍ਹਾਂ ਨੂੰ ਅਨੇਕਾਂ ਕੌਮੀ ਤੇ ਕੌਮਾਂਤਰੀ ਪੱਧਰ ਦੇ ਸਨਮਾਨ ਹਾਸਲ ਹੋਏ ਹਨ। ਇਸ ਤੋਂ ਇਲਾਵਾ ਉਨ੍ਹਾਂ ਕੌਮਾਂਤਰੀ ਪੱਧਰ ਦੀਆਂ ਕਲਾ ਪ੍ਰਦਰਸ਼ਨੀਆਂ ਵਿਚ ਕਮਿਸ਼ਨਰ ਅਤੇ ਜਿਊਰੀ ਵਜੋਂ ਵੀ ਜ਼ਿੰਮੇਵਾਰੀਆਂ ਨਿਭਾਈਆਂ। ਉਨ੍ਹਾਂ ਦੀਆਂ ਕਲਾਕ੍ਰਿਤੀਆਂ ਕਈ ਪ੍ਰਮੁੱਖ ਥਾਵਾਂ ’ਤੇ ਸੁਸ਼ੋਭਿਤ ਹਨ।

ਵਿਸ਼ਵ ਸਿਹਤ ਸੰਗਠਨ ਨੇ 11 ਮਾਰਚ ਨੂੰ ਕੋਵਿਡ-19 ਕੌਮਾਂਤਰੀ ਪੱਧਰ ਦੀ ਮਹਾਮਾਰੀ ਐਲਾਨਿਆ। ਸਾਰੇ ਜਗਤ ਵਿਚ ਇਕ ਭਿਆਨਕ ਸੰਨਾਟਾ ਛਾ ਗਿਆ।

ਭਾਰਤ ਸਰਕਾਰ ਨੇ ਲੌਕਡਾਊਨ ਬਾਰੇ ਸੋਚਦੇ 11 ਦਿਨ ਲੰਘਾ ਦਿੱਤੇ। ਇਸ ਨੂੰ ਲਗਾਉਣ ਸਮੇਂ 136 ਕਰੋੜ ਦੀ ਆਬਾਦੀ ਨੂੰ ਸਿਰਫ਼ ਚਾਰ ਘੰਟੇ ਦਾ ਵਕਤ ਦਿੱਤਾ। 22 ਮਾਰਚ ਤੋਂ ਸਵੈ-ਇਕਾਂਤਵਾਸ ਤੇ ਸਰੀਰਕ ਦੂਰੀ ਰੱਖਣ ਦੇ ਹੁਕਮ ਜਾਰੀ ਹੋਏ। ਜੀਵਨ ’ਚ ਅਚਾਨਕ ਪਈ ਬਿਪਤਾ ਨਾਲ ਚਾਰੇ ਪਾਸੇ ਹਾਹਾਕਾਰ ਮੱਚ ਗਈ। ਕੁਝ ਬਿਮਾਰੀ ਨਾਲ, ਕੁਝ ਦਹਿਸ਼ਤ ਨਾਲ ਤੇ ਕੁਝ ਭੁੱਖ ਨਾਲ ਮਰੇ। ਜਿਨ੍ਹਾਂ ਨੇ 1947 ’ਚ ਹੋਈ ਵੰਡ ਵੇਖੀ ਹੈ, ਉਨ੍ਹਾਂ ਨੂੰ ਇਹ ਕਹਿੰਦੇ ਸੁਣਿਆ ਕਿ ਇਸ ਤਰ੍ਹਾਂ ਦਾ ਕਹਿਰ ਤਾਂ ਉਸ ਵੇਲੇ ਵੀ ਨਹੀਂ ਵਾਪਰਿਆ। ਜਿੱਥੇ ਲੋਕ ਇੱਕ ਦੂਸਰੇ ਦੀ ਸਹਾਇਤਾ ਕਰ ਰਹੇ ਸਨ, ਉੱਥੇ ਨੇਤਾ ਇਸ ਦਰਦਨਾਕ ਤੇ ਦੁਖਦਾਇਕ ਸਥਿਤੀ ’ਚੋਂ ਰਾਜਨੀਤਕ ਸਵਾਰਥ ਲੱਭ ਰਹੇ ਸਨ।

ਇਸੇ ਉਥਲ-ਪੁਥਲ ’ਚ ਖ਼ਬਰ ਆਈ ਕਿ ਸਤੀਸ਼ ਗੁਜਰਾਲ ਨਹੀਂ ਰਹੇ। ਤਾਰੀਕ ਸੀ 27 ਮਾਰਚ। ਸਦੀ ਦੇ ਮਹਾਨ ਕਲਾਕਾਰ ਨੂੰ ਇਸ ਤਰ੍ਹਾਂ ਦੀ ਸੋਗਮਈ ਵਿਦਾਈ ਦੁਖਦਾਇਕ ਸੀ। ਕਲਾ ਜਗਤ ਨੇ ਕਲਾਕਾਰ, ਇਨਸਾਨੀਅਤ ਨੇ ਇਨਸਾਨ ਤੇ ਕਿਰਨ ਨੇ ਆਪਣਾ ਜੀਵਨ ਸਾਥੀ ਸਦਾ ਲਈ ਗੁਆ ਲਿਆ।

ਸਤੀਸ਼ ਗੁਜਰਾਲ ਤੇ ਕਿਰਨ ਪ੍ਰਤੀ ਮੇਰਾ ਆਦਰ-ਸਤਿਕਾਰ ਤੇ ਪ੍ਰੇਮ ਸੀ। ਕਿਰਨ ਨੂੰ ਯਾਦ ਕਰਦੇ ਤਾਂ ਹਮੇਸ਼ਾਂ ਸਤੀਸ਼ ਗੁਜਰਾਲ ਉਸ ਦੇ ਨਾਲ ਖੜ੍ਹਾ ਵਿਖਾਈ ਪੈਂਦਾ। ਇਸ ਤਰ੍ਹਾਂ ਹੀ ਸਤੀਸ਼ ਗੁਜਰਾਲ ਨੂੰ ਚੇਤੇ ਕਰਦੇ ਤਾਂ ਕਿਰਨ ਉਸ ਦੇ ਅੰਗ-ਸੰਗ ਨਜ਼ਰ ਪੈਂਦੀ। ਸਤੀਸ਼ ਨੇ ਆਪ ਆਪਣੀ ਜੀਵਨੀ ’ਚ ਲਿਖਿਆ ਹੈ ਕਿ ਕਿਰਨ ਤੇ ਉਹ ਕਦੇ ਵੀ 3-4 ਘੰਟਿਆਂ ਤੋਂ ਵੱਧ ਇਕ ਦੂਸਰੇ ਤੋਂ ਅਲੱਗ ਨਹੀਂ ਹੋਏ। ਸਤੀਸ਼ ਦਾ ਚਲੇ ਜਾਣਾ ਕਿੰਨਾ ਵੱਡਾ ਸਦਮਾ ਹੈ ਕਿਰਨ ਲਈ। ਕਿਰਨ ਦੀ ਹੁਣ ਸਤੀਸ਼ ਗੁਜਰਾਲ ਬਗ਼ੈਰ ਕਲਪਨਾ ਕਰਨਾ ਅਵਿਸ਼ਵਾਸੀ ਜਾਪਦਾ ਹੈ। 

ਹਾਲਾਂਕਿ ਕਿਰਨ ਨੂੰ ਉਪਰ ਵਾਲੇ ਨੇ ਭਰਪੂਰ ਕਲਾਤਮਕ ਪ੍ਰਤਿਭਾ ਨਾਲ ਨਿਵਾਜਿਆ, ਪਰ ਜੋ ਸਮਰਪਿਤ ਭਾਵਨਾ ਉਸ ਨੇ ਆਪਣੇ ਜੀਵਨ ਸਾਥੀ ਪ੍ਰਤੀ ਵਿਖਾਈ ਉਹ ਆਪਣੇ ਆਪ ਵਿਚ ਇਕ ਅਦੁੱਤੀ ਮਿਸਾਲ ਹੈ। ਕਿਰਨ-ਸਤੀਸ਼ ਅਰਧਨਾਰੀਸ਼ਵਰ ਦਾ ਰੂਪ ਸਨ। ਸਾਨੂੰ ਸਭ ਨੂੰ ਪਤਾ ਹੈ ਕਿ ਸਤੀਸ਼ ਗੁਜਰਾਲ ਦੀ ਸੁਣਨ ਸ਼ਕਤੀ ਬਚਪਨ ’ਚ ਲੱਗੀ ਸੱਟ ਕਾਰਨ ਚਲੀ ਗਈ ਸੀ। ਜੀਵਨ ’ਚ ਭਰਪੂਰਤਾ ਉਸ ਵੇਲੇ ਆਈ ਜਦੋਂ 28 ਜੂਨ 1957 ਨੂੰ ਕਿਰਨ ਉਸ ਦੀ ਜੀਵਨ ਸਾਥੀ ਬਣ ਕੇ ਆਈ। ਕਿਹਾ ਤਾਂ ਇਹ ਜਾਂਦਾ ਹੈ ਕਿ ਸੰਗੀਤ ਤੇ ਕਲਾ ਮਾਨਸਿਕ ਅਤੇ ਬੌਧਿਕ ਵਿਕਾਸ ਲਈ ਲਾਭਕਾਰੀ ਹੈ। ਸਤੀਸ਼ ਦਾ ਕਹਿਣਾ ਸੀ ਕਿ ਕਿਰਨ ਨਾਲ ਵਿਆਹ ਮਗਰੋਂ ਉਸ ਨੂੰ ਜੀਵਨ ਵਿਚ ਕਦੇ ਵੀ ਉਦਾਸੀਨਤਾ ਤੇ ਨਿਰਾਸਤਾ ਦਾ ਸਾਹਮਣਾ ਨਹੀਂ ਕਰਨਾ ਪਿਆ। ਭਾਵਨਾ ਭਰੀ ਆਵਾਜ਼ ’ਚ ਕਹਿੰਦਾ ਕਿ ‘‘ਕਿਰਨ ਮੇਰੇ ਲਈ ਜੀਅ ਹੈ।’’ ਵੇਖੋ ਪਿਆਰ ਤੇ ਵਿਸ਼ਵਾਸ ਇਕ ਮਨੁੱਖ ਦੀਆਂ ਆਸਾਂ, ਸੁਪਨਿਆਂ ਤੇ ਇੱਛਾਵਾਂ ਦੀ ਪੂਰਤੀ ਲਈ ਕਿਵੇਂ ਰੱਬੀ ਸ਼ਕਤੀ ਬਣ ਜਾਂਦਾ ਹੈ।

ਜਦੋਂ ਲੇਖਕ ਖੁਸ਼ਵੰਤ ਸਿੰਘ ਸਤੀਸ਼ ਗੁਜਰਾਲ ਨੂੰ ‘‘ਲਾਇਲਾਜ ਆਸ਼ਾਵਾਦੀ’’ ਆਖਦਾ ਹੈ ਤਾਂ ਉਹ ਬੋਲ ਚੇਤੇ ਆ ਜਾਂਦੇ ਹਨ ਜੋ ਕਿ ਸਤੀਸ਼ ਨੇ ਵਿਆਹ ਸਮੇਂ ਆਖੇ ਸਨ ਕਿ ਕਿਰਨ ਦੇ ਆਉਣ ਨਾਲ ਊਸ ਦੇ ਜੀਵਨ ਦਾ ਨਜ਼ਰੀਆ ਹੀ ਬਦਲ ਗਿਆ ਹੈ।

ਕਿਰਨ ਦਿੱਲੀ ਆਰਟ ਕਾਲਜ ਵਿਖੇ ਆਪਣੀ ਕਲਾ ਸਿਖਲਾਈ ਦੇ ਅੰਤਿਮ ਵਰ੍ਹੇ ’ਚ ਸੀ ਜਦੋਂ ਮਾਡਰਨ ਸਕੂਲ ’ਚ ਸਤੀਸ਼ ਗੁਜਰਾਲ ਦੀ ਸੁਸਜਿਤ ਨੁਮਾਇਸ਼ ਦੇ ਉਦਘਾਟਨ ਸਮੇਂ ਪਹਿਲੀ ਵਾਰ ਮਿਲੀ। ਉਹ ਉਸ ਦੇ ਭਰਾ ਇੰਦਰ ਦੇ ਦੋਸਤ ਭੁਪਿੰਦਰ ਹੂਜਾ ਤੇ ਉਸ ਦੀ ਬੁੱਤਤਰਾਸ਼ ਪਤਨੀ ਊਸ਼ਾ ਰਾਣੀ ਹੂਜਾ ਨਾਲ ਆਈ ਸੀ। ਕਿਰਨ ਨੂੰ ਵੇਖਦੇ ਹੀ ਉਸ ਦਾ ਅੰਦਰਲਾ ਖਿੜ ਉੱਠਿਆ। 

ਕੁਝ ਸਮੇਂ ਬਾਅਦ ਭੁਪਿੰਦਰ ਤੇ ਊਸ਼ਾ, ਕਿਰਨ ਨੂੰ ਲੈ ਕੇ ਸਤੀਸ਼ ਦੇ ਘਰ ਗਏ। ਕਿਰਨ ਨੇ ਉਸ ਦੇ ਕੰਮ ਵਿਚ ਰੁਚੀ ਲੈਂਦੇ ਹੋਰ ਪੇਟਿੰਗਜ਼ ਦੇਖਣ ਦੀ ਇੱਛਾ ਜ਼ਾਹਰ ਕੀਤੀ। ਜਿਉਂ-ਜਿਉਂ ਸ਼ਾਮ ’ਚ ਰੰਗ ਭਰ ਰਹੇ ਸਨ ਕਿਰਨ ਪ੍ਰਤੀ ਉਸ ਦਾ ਮੋਹ ਵਧਦਾ ਜਾ ਰਿਹਾ ਸੀ। ਵੇਖਣ ਨੂੰ ਪਿਆਰੀ, ਬੋਲਣ ’ਚ ਸੂਝਵਾਨ ਕਿਰਨ ਨੇ ਕਲਾ ਬਾਰੇ ਸਮਝਦਾਰ ਤੇ ਸੰਵੇਦਨਸ਼ੀਲ ਸਵਾਲ ਪੁੱਛੇ। ਉਸ ਨੂੰ ਸਤੀਸ਼ ਗੁਜਰਾਲ ਦੀ ਕਲਾ ’ਚ ਬੌਧਿਕਤਾ ਦੇ ਮਿਸ਼ਰਨ ਅਤੇ ਇਤਿਹਾਸਕ, ਮਿਥਿਹਾਸਕ ਤੇ ਭਾਵਨਾਤਮਕ ਪਰਤਾਂ ਨੇ ਪ੍ਰਭਾਵਿਤ ਕੀਤਾ। ਉਸ ਨੂੰ ਕਿਰਨ ਕੋਲੋਂ ਮਿਲੀ ਪ੍ਰਸੰਸਾ ’ਤੇ ਅਤਿਅੰਤ ਖ਼ੁਸ਼ੀ ਹੋਈ।

ਕਿਰਨ ਦੇ ਪਿਤਾ ਰਾਮ ਨਾਥ ਦਿੱਲੀ ਵਿਚ ਦੰਦਾਂ ਦੇ ਪ੍ਰਮੁੱਖ ਡਾਕਟਰਾਂ ਵਿਚੋਂ ਇਕ ਸਨ। ਇਹ ਪਰਿਵਾਰ ਵੀ ਸਤੀਸ਼ ਗੁਜਰਾਲ ਦੇ ਪਰਿਵਾਰ ਵਾਂਗ 1947 ਦੀ ਵੰਡ ਸਮੇਂ ਲਾਹੌਰ ਤੋਂ ਦਿੱਲੀ ਆ ਗਿਆ ਸੀ। ਰਾਮ ਨਾਥ ਦਾ ਚਚੇਰਾ ਭਾਈ ਵੀ ਦੰਦਾਂ ਦਾ ਡਾਕਟਰ ਸੀ ਜਿਸ ਦੀ ਪਤਨੀ ਫਰਾਂਸਿਸੀ ਸੀ। ਇਕੱਠਾ ਹੀ ਰਹਿੰਦਾ ਸੀ ਇਹ ਪਰਿਵਾਰ। ਸਤੀਸ਼ ਨੇ ਕਿਰਨ ਨਾਲ ਵਿਆਹ ਦੀ ਇੱਛਾ ਜਤਾਈ। ਗੱਲਬਾਤ ’ਤੇ ਪਤਾ ਲੱਗਾ ਕਿ ਕਿਰਨ ਦੀ ਮਾਂ ਨਹੀਂ। ਉਸ ਦੇ ਮਰਨ ਉਪਰੰਤ ਪਿਤਾ ਨੇ ਆਪਣੀ ਪਤਨੀ ਦੀ ਭੈਣ ਨਾਲ ਵਿਆਹ ਕਰਵਾ ਲਿਆ।

ਜਦੋਂ ਕਿਰਨ ਦੇ ਪਿਤਾ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਹੈਰਾਨ ਹੋਇਆ। ਉਸ ਆਖਿਆ ਕਿ ਕਿਵੇਂ ਉਸ ਦੀ ਸੋਹਣੀ ਧੀ ਇਕ ਬੋਲੇ ਕਲਾਕਾਰ ਨਾਲ ਵਿਆਹ ਕਰਨ ਬਾਰੇ ਸੋਚ ਰਹੀ ਹੈ। ਰਾਮ ਨਾਥ ਦੀ ਘਰਵਾਲੀ ਇਸ ਦੇ ਸਖ਼ਤ ਵਿਰੁੱਧ ਸੀ।

ਕਿਰਨ ਤੇ ਸਤੀਸ਼ ਅੱਗੇ ਹੁਣ ਕੋਈ ਰਾਹ ਨਹੀਂ ਸੀ ਸਿਵਾਏ ਇਸ ਦੇ ਕਿ ਆਪਣੇ ਭਵਿੱਖ ਲਈ ਪਿਤਾ ਰਾਮ ਨਾਥ ਦੀ ਮਰਜ਼ੀ ਵਿਰੁੱਧ ਵਿਆਹ ਕਰਨ। ਇੱਥੇ ਕਿਰਨ ਦੀ ਪ੍ਰਸ਼ੰਸਾ ਕਰਨੀ ਬਣਦੀ ਹੈ ਕਿ ਉਸ ਨੇ ਆਪਣਾ ਪਰਿਵਾਰ ਛੱਡ ਕੇ ਬੋਲੇ ਕਲਾਕਾਰ ਦਾ ਸਾਥ ਦਿੱਤਾ।

28 ਜੂਨ 1957 ਵਿਆਹ ਦੀ ਤਰੀਕ ਨਿਸ਼ਚਿਤ ਹੋ ਗਈ। ਨਾ ਕਿਸੇ ਜੋਤਸ਼ੀ ਨੂੰ ਪੁੱਛਿਆ ਤੇ ਨਾ ਹੀ ਟੇਵੇ ਮਿਲਾਏ। 27 ਜੂਨ ਦੀ ਰਾਤ ਇਕੱਠਾ ਹੋਇਆ ਪਰਿਵਾਰ ਜਸ਼ਨ ’ਚ ਰੌਂਅ ਤੇ ਰੰਗ ਵਿਚ ਸੀ।

ਕਿਰਨ ਤੇ ਸਤੀਸ਼ ਗੁਜਰਾਲ ਫ਼ੋਟੋਆਂ: ਲੇਖਕ

ਕਿਰਨ ਤੇ ਸਤੀਸ਼ ਕੋਰਟ ਰੂਮ ਵਿਚ ਗਏ, ਰਜਿਸਟਰ ’ਤੇ ਹਸਤਾਖ਼ਰ ਕੀਤੇ ਤੇ ਪਤਨੀ ਪਤੀ ਦੇ ਰੂਪ ਵਿਚ ਬਾਹਰ ਆ ਗਏ। ਨੈਨੀਤਾਲ ਵਿਖੇ ਹਨੀਮੂਨ ਮਨਾਇਆ। ਇੰਦਰ ਦੀ ਮਦਦ ਨਾਲ ਕਰਜ਼ਨ ਰੋਡ ’ਤੇ ਦੋ ਕਮਰਿਆਂ ਦਾ ਘਰ ਮਿਲ ਗਿਆ। ਕਿਰਾਇਆ ਸੀ 350 ਰੁਪਏ। ਉਸ ਵਕਤ ਆਰਥਿਕ ਹਾਲਤ ਚੰਗੀ ਨਹੀਂ ਸੀ। ਕਲਾ ਦੇ ਸਹਾਰੇ ਜੀਣਾ ਆਪਣੇ ਆਪ ਵਿਚ ਇਕ ਬੜੀ ਵੱਡੀ ਚੁਣੌਤੀ ਹੈ। ਕਿਰਨ ਨੂੰ ਕੋਟੇਜ ਇੰਡਸਟਰੀਜ਼ ਇੰਪੋਰੀਅਮ ਦੇ ਡਿਜ਼ਾਈਨ ਵਿੰਗ ਵਿਚ ਨੌਕਰੀ ਮਿਲ ਗਈ। ਦਫ਼ਤਰੀ ਮਾਹੌਲ ਸੁਖਾਵਾਂ ਨਾ ਵੇਖਦੇ ਹੋਏ ਕਿਰਨ ਨੇ ਦੋ ਮਹੀਨੇ ਬਾਅਦ ਨੌਕਰੀ ਤੋਂ ਅਸਤੀਫ਼ਾ ਦੇ ਦਿੱਤਾ। ਨੌਕਰੀ ਦੌਰਾਨ ਕਿਰਨ ਨੂੰ ਹੈਂਡਲੂਮ ਤੇ ਹੈਂਡੀਕਰਾਫਸ ਵਿਚ ਲੋਕਾਂ ਦੀ ਰੁਚੀ ਦਾ ਗਿਆਨ ਹੋਇਆ।

ਸਤੀਸ਼ ਦੀ ਮਦਦ ਨਾਲ ਘਰ ਦੇ ਵਿਹੜੇ ’ਚ ਵਰਕਸ਼ਾਪ ਸਥਾਪਤ ਕੀਤੀ। ਕਿਰਨ ਨੇ ਲੱਕੜੀ ਦੇ ਗਹਿਣੇ, ਨਿੱਕੇ-ਨਿੱਕੇ ਲੱਕੜ ਦੇ ਸਜਾਵਟੀ ਪੀਸ ਤੇ ਬਾਟਿਕ ਪ੍ਰਿੰਟ ਬਣਾਏ। ਇਸ ਵਿਚੋਂ ਕੋਈ ਬਹੁਤੀ ਕਮਾਈ ਤਾਂ ਨਹੀਂ ਹੋਈ, ਪਰ ਰਾਹਤ ਜ਼ਰੂਰ ਮਿਲੀ।

ਸਤੀਸ਼ ਆਪਣੀ ਕਲਾ ’ਚ ਖੜੋਤ ਬਾਰੇ ਚਿੰਤਤ ਸੀ। ਭਾਵੇਂ ਵੰਡ ਸਮੇਂ ਦੇ ਚਿੱਤਰਾਂ ਨੇ ਉਸ ਨੂੰ ਪੈਸੇ ਦੇ ਨਾਲ-ਨਾਲ ਪਛਾਣ ਵੀ ਦਿੱਤੀ, ਪਰ ਹੁਣ ਉਹ ਇਸ ਜਕੜ ਤੋਂ ਆਜ਼ਾਦ ਹੋਣਾ ਚਾਹੁੰਦਾ ਸੀ। ਇਸ ਦੁਬਿਧਾ ਉਪਰ ਸੋਚਦਿਆਂ ਰਾਤਾਂ ਦੀ ਨੀਂਦ ਗਈ। ਸੁਭਾਅ ਚਿੜਚਿੜਾ ਤੇ ਗੁਸੈਲਾ ਹੋ ਗਿਆ। ਕਿਰਨ ਨੇ ਉਸ ਦੀ ਅੰਦਰ ਦੀ ਹਲਚਲ ਨੂੰ ਭਾਂਪਿਆ ਤੇ ਸਤੀਸ਼ ਨੂੰ ਉਸ ਦੀ ਵਧਦੀ ਚਿੰਤਾ ਦਾ ਇਜ਼ਹਾਰ ਕਰਨ ਲਈ ਆਖਿਆ। ਕਿਰਨ ਨੇ ਉਸ ਦੇ ਸੰਕਟ ਨੂੰ ਸਮਝਿਆ ਤੇ ਅੱਗੇ ਵਧਣ ਲਈ ਹੌਸਲਾ ਦਿੱਤਾ।

ਸ਼ਹਿਰ ਚੰਡੀਗੜ੍ਹ ਉਸ ਸਮੇਂ ਉਸਰ ਰਿਹਾ ਸੀ। ਮੋਂਸ ਲੀ ਕਾਰਬੂਜ਼ੀਏ ਦੇ ਸਹਿਯੋਗੀ ਪੀਅਰੇ ਜੈਨਰੇਅ ਨੇ ਆਪਣੇ ਡਿਜ਼ਾਈਨ ਕੀਤੇ ਗਾਂਧੀ ਭਵਨ ਦੀ ਇਕ ਕੰਧ ’ਤੇ ਸਤੀਸ਼ ਗੁਜਰਾਲ ਨੂੰ ਮਿਊਰਲ ਬਣਾਉਣ ਲਈ ਸੱਦਿਆ। ਸਿਰਜਣਾ ਦਾ ਨਵਾਂ ਬੂਹਾ ਖੁੱਲ੍ਹਿਆ। ਪੇਂਟਿੰਗ ਤੋਂ ਮਿਊਰਲ ’ਚ ਸਪੇਸ ਦਾ ਨਵਾਂ ਅਹਿਸਾਸ ਹੋਇਆ। ਅਜੰਤਾ-ਏਲੋਰਾ, ਚਿੱਤਰਕਲਾ, ਬੁੱਤਤਰਾਸ਼ੀ ਤੇ ਆਰਕੀਟੈਕਚਰ ਦਾ ਸੁਮੇਲ ਕਿਸੇ ਵੀ ਕਲਾਕਾਰ ਲਈ ਸਮਾਰਕੀ ਸੋਮਾ ਹੈ। ਮੈਕਸਿਕੋ ਅਨੁਭਵ ਵੀ ਸਹਾਈ ਹੋਇਆ। ਓਖਲਾ ਇੰਡਸਟਰੀਅਲ ਏਰੀਆ ਵਿਚ ਸ਼ੈੱਡ ਮਿਲਣ ’ਤੇ ਸੈਰਾਮਿਕਸ ਬਣਾਉਣ ਦੀ ਭੱਠੀ ਲਗਾਈ। ਕਿਰਨ ਨੇ ਉੱਥੇ ਪੋਟਰੀ ਬਣਾਈ। ਇਕ ਵਾਰ ਪ੍ਰਸਿੱਧ ਲੇਖਕ ਵੇਦ ਮਹਿਤਾ ਨਾਲ ਮੁਲਾਕਾਤ ਹੋਈ। ਵੇਦ ਮਹਿਤਾ ਨਾਬੀਨਾ ਸੀ, ਪਰ ਜੋ ਉਸ ਲਿਖਿਆ ਉਸ ਨਾਲ ਦੁਨੀਆਂ ਦੀਆਂ ਅੱਖਾਂ ਖੁੱਲ੍ਹ ਗਈਆਂ। ਵੇਦ ਮਹਿਤਾ ਨੇ ਆਪਣੀ ਲਿਖਤ ਰਾਹੀਂ ਅੰਨ੍ਹੇਪਣ ਨੂੰ ਸੋਚ ਦ੍ਰਿਸ਼ਟੀ ’ਚ ਬਦਲ ਕੇ ਆਪਣੀ ਸ਼ਕਤੀ ਦਾ ਸਰੋਤ ਬਣਾਇਆ। ਵਿਚਾਰ ਹੋਇਆ ਕਿ ਅੰਨ੍ਹਾਪਣ ਬਦਤਰ ਹੈ ਜਾਂ ਬੋਲਾਪਣ। ਵੇਦ ਮੁਤਾਬਿਕ ਅੰਨ੍ਹਾਪਣ ਬੋਲੇਪਣ ਨਾਲੋਂ ਕਿਤੇ ਬਿਹਤਰ ਹੈ। ਸਤੀਸ਼ ਦਾ ਵਿਚਾਰ ਇਸ ਦੇ ਉਲਟ ਸੀ। ਉਹ ਆਪੋ ਆਪਣੀ ਧਾਰਨਾ ਤੇ ਅਨੁਭਵ ਤੋਂ ਬੋਲ ਰਹੇ ਸਨ। ਪ੍ਰਸ਼ੰਸਾਜਨਕ ਇਹ ਹੈ ਕਿ ਦੋਵਾਂ ਨੇ ਆਪਣੇ ਆਪ ਨੂੰ ਅਪਾਹਜ ਨਾ ਸਮਝ ਕੇ ਆਪਣੀ ਅੰਦਰੂਨੀ ਪ੍ਰੇਰਨਾ ਤੇ ਸ਼ਕਤੀ ਦਾ ਖੁੱਲ੍ਹ ਕੇ ਪ੍ਰਗਟਾਵਾ ਕੀਤਾ।

ਸਤੀਸ਼ ਨੇ ਕਿਰਨ ਦੇ ਇਸ ਬਾਰੇ ਵਿਚਾਰ ਜਾਨਣੇ ਚਾਹੇ। ਹੁਣ ਤਕ ਉਨ੍ਹਾਂ ਨੂੰ ਇਕੱਠੇ ਰਹਿੰਦੇ ਇਕ ਦਹਾਕੇ ਤੋਂ ਵੱਧ ਹੋ ਗਿਆ ਸੀ। ਇਕ ਦੂਸਰੇ ਦੇ ਸੁਭਾਅ ਤੇ ਲੋੜਾਂ ਨੂੰ ਹੁਣ ਉਹ ਭਲੀਭਾਂਤ ਸਮਝਦੇ ਸਨ। ਉਹ ਹੁਣੇ ਹੁਣੇ ਪੂਰੇ ਕੀਤੇ ਮਿਊਰਲ ’ਤੇ ਖ਼ੁਸ਼ੀ ਮਨਾ ਰਹੇ ਸਨ। ਕਿਰਨ ਨੇ ਸਤੀਸ਼ ਦੀਆਂ ਅੱਖਾਂ ’ਤੇ ਹੱਥ ਰੱਖ ਕੇ ਪੁੱਛਿਆ ਕਿ ‘‘ਕੀ ਉਹ ਮੇਰਾ ਚਿਹਰਾ, ਜੋ ਹੁਣ ਵੇਖ ਰਿਹਾ ਹੈ, ਅੱਖਾਂ ਤੋਂ ਬਗੈਰ ਵੇਖ ਸਕਦਾ।’’ ਕਿਆ ਪਲ ਹੋਣਗੇ ਇਹ। ਦਿਲ ਦੀ ਗਹਿਰਾਈ ਨੂੰ ਛੂੰਹਦੇ ਹਨ।

ਸਤੀਸ਼ ਗੁਜਰਾਲ ਨਾਲ ਸੰਚਾਰ ਕਰਨ ਲਈ ਕਿਰਨ ਉਸ ਦਾ ਅਨਿੱਖੜ ਅੰਗ ਸੀ। ਜਦੋਂ ਵੀ ਪੁੱਛੋ ਕਿਰਨ ਦਾ ਇਹੋ ਹੀ ਜਵਾਬ ਹੁੰਦਾ ਕਿ ਉਹ ਤਾਂ ਸਤੀਸ਼ ਦੀ ਚੁੱਪ ਤੇ ਚਿੱਤ ਵਿਚ ਵਸਦੀ ਹੈ।

ਸਤੀਸ਼ ਦੇ ਮਿੱਤਰ ਉਸ ਨੂੰ ਦੱਸਦੇ ਕਿ ਕਿਰਨ ਬਹੁਤ ਸੋਹਣਾ ਗਾਉਂਦੀ ਹੈ। ਉਹ ਮਹਿਸੂਸ ਤਾਂ ਕਰਦਾ ਸੀ ਕਿ ਉਹ ਕਿਰਨ ਦਾ ਗਾਉਣ ਸੁਣ ਨਹੀਂ ਸਕਦਾ, ਪਰ    ਨਾਲ ਹੀ ਮਨ ਨੂੰ ਸਮਝਾਉਂਦਿਆਂ ਕਹਿੰਦਾ ਕਿ ਇਹ    ਵੀ ਬਦਤਰ ਹੋਣਾ ਸੀ ਕਿ ਜੇ ਉਹ ਕਿਰਨ ਦਾ    ਚਿਹਰਾ ਨਾ ਵੇਖ ਸਕਦਾ, ਸਤੀਸ਼ ਨੂੰ ਬੋਲੇਪਣ ਨਾਲੋਂ ਅੰਨ੍ਹਾਪਣ ਹੋਰ ਵੀ ਖ਼ੌਫ਼ਨਾਕ ਲੱਗਦਾ ਸੀ। ਕਿਰਨ-ਸਤੀਸ਼ ਪਰਿਵਾਰ ਵਿਚ ਪੁੱਤਰ ਮੋਹਿਤ ਤੇ ਧੀਆਂ ਅਲਪਨਾ ਤੇ ਰਸੀਲ ਹਨ।

ਸਤੀਸ਼ ਦੀ ਇਕੱਲਤਾ ’ਚ ਕਿਰਨ ਦੇ ਆਉਣ ਨਾਲ ਉਸ ਦੇ ਜੀਵਨ ਵਿਚ ਇਕ ਨਾਟਕੀ ਬਦਲਾਅ ਆਇਆ। ਇਹ ਕਹਿੰਦੇ ਹੋਏ ਉਸ ਨੂੰ ਬਾਦਸ਼ਾਹ ਬਾਬਰ ਦੀ ਇਕ ਘਟਨਾ ਚੇਤੇ ਆ ਜਾਂਦੀ, ਜਦੋਂ ਬਾਬਰ ਦਾ ਪੱਤਰ ਹੁਮਾਯੂੰ ਮਰਨ ਦੇ ਕੰਢੇ ਸੀ। ਉਸ ਨੇ ਪੁੱਤਰ ਦੇ ਮੰਜੇ ਦੁਆਲੇ ‘ਯਾਹ ਅੱਲ੍ਹਾ’ ਦੇ ਜਾਪ ’ਚ ਦੁਆ ਕੀਤੀ ਕਿ ਆਪਣੇ ਪੁੱਤਰ ਦੀ ਬਿਮਾਰੀ ਉਸ ਨੂੰ ਲੱਗ ਜਾਵੇ ਤੇ ਉਸ ਦੀ ਸਿਹਤ ਬਹਾਲ ਕਰਕੇ ਉਸ ਦੀ ਆਪਣੀ ਜਾਨ ਲੈ ਲਈ ਜਾਵੇ। ਚਮਤਕਾਰ ਹੋਇਆ। ਹੁਮਾਯੂੰ ਠੀਕ ਹੋ ਗਿਆ ਤੇ ਕੁਝ ਸਮੇਂ ਬਾਅਦ ਹੀ ਬਾਬਰ ਦੀ ਮ੍ਰਿਤੂ ਹੋ ਗਈ।

ਬਿਲਕੁਲ ਇਸੇ ਤਰ੍ਹਾਂ ਹੀ ਕਿਰਨ ਨੇ ਸਤੀਸ਼ ਦੀ ਇਕੱਲਤਾ ਦਾ ਬੋਝ ਆਪਣੇ ਸਿਰ ਲਿਆ। ਉਸ ਨੇ ਉਸ ਨੂੰ ਇਕਾਂਤਵਾਸ ਤੋਂ ਰਾਹਤ ਹੀ ਨਹੀਂ ਦਿਵਾਈ ਸਗੋਂ ਸਮਾਜ ਦਾ ਸਜੀਵ ਅੰਗ ਹੋਣ ਦਾ ਵਿਸ਼ਵਾਸ ਵੀ ਬਣਾਇਆ। ਇਸੇ ਸਦਕਾ ਉਹ ਆਪਣੇ ਆਪ ਨੂੰ ਪੂਰੀ ਯੋਗਤਾ ਤੇ ਭਰਪੂਰ ਸ਼ਕਤੀ ਰਾਹੀਂ ਪ੍ਰਗਟਾਅ ਸਕਿਆ। ਉਸ ਦੀ ਅਸਥਿਰ ਰਚਨਾਤਮਕ ਜ਼ਿੰਦਗੀ ਵਿਚ ਅਨੇਕ ਉਤਰਾਅ-ਚੜ੍ਹਾਅ ਆਏ, ਪਰ ਕਿਰਨ ਦੇ ਉਸ ਵਿਚ ਵਿਸ਼ਵਾਸ ਨੇ ਉਸ ਨੂੰ ਸਿਰਜਣਾ ਨਾਲੋਂ ਕਦੇ ਵੀ ਟੁੱਟਣ ਨਹੀਂ ਦਿੱਤਾ।

1997 ਵਿਚ ਜਦੋਂ ਸਤੀਸ਼ ਗੁਜਰਾਲ ਨੇ ਆਪਣੀ ਜੀਵਨੀ ‘ਏ ਬਰੱਸ਼ ਵਿਦ ਲਾਈਫ’ ਲਿਖੀ ਤਾਂ ਇਸ ਨੂੰ ਸਮਰਪਿਤ ਇਸ ਤਰ੍ਹਾਂ ਕੀਤਾ, ‘‘ਕਿਰਨ ਲਈ, ਜਿਸ ਨੇ ਚੁੱਪ ਦੀ ਵਾਦੀ ’ਚੋਂ ਵਿਚਰਦਿਆਂ ਮੇਰਾ ਹੱਥ ਫੜਿਆ।’’

ਕਿਰਨ-ਸਤੀਸ਼ ਦੇ ਮਿਊਜ਼ੀਅਮ ਉਸਾਰਨ ਦੇ ਸੁਪਨੇ ’ਚ ਸਤੀਸ਼ ਦੇ ਚਲਾਣਾ ਕਰਨ ਨਾਲ ਵਿਘਨ ਪੈ ਗਿਆ। ਘਰ ਦੇ ਨਾਲ ਲੱਗਦਾ ਪਲਾਟ ਵੀ ਖਰੀਦ ਲਿਆ ਸੀ।

ਜਿਸ ਤਰ੍ਹਾਂ ਕਿਰਨ ਗੁਜਰਾਲ ਨੇ ਆਪਣੀ ਸ਼ਰਧਾ, ਸਮਰਪਣ ਅਤੇ ਸਾਧਨਾ ਨਾਲ ਆਪਣੇ ਬੱਚਿਆਂ ਨੂੰ ਲਿਖਾਇਆ-ਪੜ੍ਹਾਇਆ ਤੇ ਸਿਰਜਣਾਤਮਕ ਤੌਰ ’ਤੇ ਉਨ੍ਹਾਂ ਨੂੰ ਹੁਨਰਮੰਦ ਬਣਾਇਆ ਤੇ ਸਤੀਸ਼ ਦੀ ਸ਼ਕਤੀ ਬਣ ਕੇ ਸਾਥ ਨਿਭਾਇਆ- ਇਸ ਸਭ ਕੁਝ ਨੂੰ ਵੇਖਦਿਆਂ ਸਤੀਸ਼ ਗੁਜਰਾਲ ਦੀ ਕਲਾ ਦੇ ਮਿਊਜ਼ੀਅਮ ਦੀ ਉਸਾਰੀ ਕੋਈ ਬਹੁਤੀ ਦੂਰ ਨਹੀਂ ਜਾਪਦੀ।

ਸੰਪਰਕ: 98110-52271

Advertisement
Tags :
ਕਿਰਨਗੁਜਰਾਲਚਿੱਤਚੁੱਪਵਸਦੀ
Advertisement