ਖਾਲਸਾ ਕਾਲਜ ਵਿੱਚ ਦਾਖਲਾ ਪ੍ਰਕਿਰਿਆ ਸ਼ੁਰੂ
ਪੱਤਰ ਪ੍ਰੇਰਕ
ਨਵੀਂ ਦਿੱਲੀ, 2 ਅਗਸਤ
ਦਿੱਲੀ ਯੂਨੀਵਰਸਿਟੀ (ਡੀਯੂ) ਦੀ ਪਹਿਲੀ ਕੱਟ ਲਿਸਟ ਆਉਣ ਨਾਲ ਹੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਚੱਲਦੇ ਤੇ ਡੀਯੂ ਨਾਲ ਜੁੜੇ ਕਾਲਜਾਂ ਵਿੱਚ ਦਾਖ਼ਲਾ ਪ੍ਰਬੰਧ ਪ੍ਰਕਿਰਿਆ ਆਰੰਭ ਦਿੱਤੀ ਗਈ ਹੈ। ਗੁਰੂ ਤੇਗ਼ ਬਹਾਦਰ ਖ਼ਾਲਸਾ ਕਾਲਜ (ਉੱਤਰੀ ਕੈਂਪਸ) ਦੇ ਪ੍ਰਿੰਸੀਪਲ ਜਸਵਿੰਦਰ ਸਿੰਘ ਨੇ ਦੱਸਿਆ ਕਿ ਜਿਨ੍ਹਾਂ ਸਿੱਖ ਵਿਦਿਆਰਥੀਆਂ ਕੋਲ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਘੱਟ ਗਿਣਤੀ ਵਿਦਿਆਰਥੀ ਵਾਲਾ ਪ੍ਰਮਾਣ ਪੱਤਰ ਹੋਵੇਗਾ, ਉਨ੍ਹਾਂ ਨੂੰ ਸਿੱਧਾ ਦਾਖ਼ਲਾ ਦਿੱਤਾ ਜਾਵੇਗਾ ਪਰ ਜਿਸ ਵਿਦਿਆਰਥੀ ਨੇ ਹੋਰਨਾਂ ਥਾਵਾਂ ਜਾਂ ਸਰਕਾਰੀ ਏਜੰਸੀ ਤੋਂ ਇਹ ਸਰਟੀਫਿਕੇਟ ਬਣਵਾਇਆ ਹੈ, ਉਸ ਨੂੰ ਨਿੱਜੀ ਤੌਰ ’ਤੇ ਬੁਲਾ ਕੇ ਕਮੀ ਪੇਸ਼ੀ ਦੇਖੀ ਜਾਵੇਗੀ। ਉਨ੍ਹਾਂ ਦੱਸਿਆ ਕਿ ਕਾਲਜ ਸਟਾਫ਼ ਵੱਲੋਂ ਮੀਟਿੰਗ ਕਰਕੇ ਨਵੀਂ ਸਿੱਖਿਆ ਨੀਤੀ ਨੂੰ ਲਾਗੂ ਕਰਨ ਸਬੰਧੀ ਸਾਹਮਣੇ ਆਉਣ ਵਾਲੀਆਂ ਪ੍ਰੇਸ਼ਾਨੀਆਂ ਬਾਰੇ ਵਿਚਾਰ ਕੀਤੀ ਜਾ ਰਹੀ ਹੈ। ਕਾਲਜ ਵਿੱਚ 16 ਅਗਸਤ ਤੋਂ ਅਗਲਾ ਸੈਸ਼ਨ ਸ਼ੁਰੂ ਹੋ ਜਾਵੇਗਾ। ਡਾ. ਹਰਬੰਸ ਸਿੰਘ ਨੇ ਦੱਸਿਆ ਕਿ ਵਿਦਿਆਰਥੀਆਂ ਨੂੰ ਦਾਖ਼ਲੇ ਦੌਰਾਨ ਕੋਈ ਪ੍ਰੇਸ਼ਾਨੀ ਨਾ ਆਵੇ, ਇਸ ਲਈ ਅਧਿਆਪਕਾਂ ਨੂੰ ਹਦਾਇਤਾਂ ਲੋੜੀਂਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ।