ਜੂਨੀਅਰ ਇੰਜਨੀਅਰਾਂ ਦੀ ਭੁੱਖ ਹੜਤਾਲ ਅੱਜ ਤੋਂ
ਖੇਤਰੀ ਪ੍ਰਤੀਨਿਧ
ਪਟਿਆਲਾ, 14 ਨਵੰਬਰ
ਪਾਵਰ ਜੂਨੀਅਰ ਇੰਜਨੀਅਰਾਂ ਦੀ ਮੁੱਢਲੀ ਤਨਖਾਹ ਦੀ ਪ੍ਰਵਾਨਗੀ ’ਤੇ ਸਰਕਾਰ ਵੱਲੋਂ ਬੇਲੋੜੀਆਂ ਸ਼ਰਤਾਂ ਲਾਉਣ ਦਾ ਗੰਭੀਰ ਨੋਟਿਸ ਲੈਂਦਿਆਂ ‘ਕੌਂਸਲ ਆਫ਼ ਜੂਨੀਅਰ ਇੰਜਨੀਅਰਜ਼’ (ਪੀਐਸਈਬੀ) ਵੱਲੋਂ ਇਹ ਸ਼ਰਤਾਂ ਹਟਵਾਉਣ ਸਮੇਤ ਹੋਰ ਮੰਗਾਂ ਦਾ ਨਿਪਟਾਰਾ ਕਰਵਾਉਣ ਲਈ ਸੂਬਾਈ ਪ੍ਰਧਾਨ ਪਰਮਜੀਤ ਸਿੰਘ ਖੱਟੜਾ ਦੀ ਅਗਵਾਈ ਹੇਠ ਵਿੱਢੇ ਸੰਘਰਸ਼ ਦੀ ਲੜੀ ਵਜੋਂ 15 ਨਵੰਬਰ ਤੋਂ ਪਾਵਰਕੌਮ ਦੇ ਪਟਿਆਲਾ ਸਥਿਤ ਮੁੱਖ ਦਫ਼ਤਰ ਵਿਖੇ ਭੁੱਖ ਹੜਤਾਲ ਸ਼ੁਰੂ ਕੀਤੀ ਜਾ ਰਹੀ ਹੈ। 24 ਨਵੰਬਰ ਤੱਕ ਚੱਲਣ ਵਾਲ਼ੀ ਇਸ ਲੜੀਵਾਰ ਭੁੱਖ ਹੜਤਾਲ ਦੌਰਾਨ ਰੋਜ਼ਾਨਾ ਵੱਖ-ਵੱਖ ਸਰਕਲ ਯੂਨਿਟਾਂ ਦੇ ਸੱਤ-ਸੱਤ ਮੈਂਬਰਾਂ ਦਾ ਜਥਾ 24-24 ਘੰਟੇ ਲਈ ਇਥੇ ਭੁੱਖ ਹੜਤਾਲ ਰੱਖਿਆ ਕਰੇਗਾ। ਸੂਬਾਈ ਪ੍ਰਧਾਨ ਪਰਮਜੀਤ ਸਿੰਘ ਖੱਟੜਾ ਅਤੇ ਜਨਰਲ ਸਕੱਤਰ ਇੰਜ. ਦਵਿੰਦਰ ਸਿੰਘ ਨੇ ਦੱਸਿਆ ਕਿ ਤਿੰਨ ਧਿਰੀ ਸਮਝੌਤੇ ਦੀ ਭਾਵਨਾ ਦੀ ਪਾਲਣਾ ਕਰਦੇ ਹੋਏ, ਮੈਨੇਜਮੈਂਟ ਨੇ ਪਹਿਲਾਂ ਹੀ ਪੰਜਾਬ ਵਿਚਲੇ ਆਪਣੇ ਹਮਰੁਤਬਾ ਦੇ ਮੁਕਾਬਲੇ ਪੀਐੱਸਪੀਸੀਐੱਲ ਦੇ ਸਾਰੇ ਕੇਡਰਾਂ ਦੀ ਤਨਖਾਹ ਬਰਾਬਰੀ ਬਣਾਈ ਰੱਖੀ ਹੈ। ਪਰ ਪਾਵਰ ਜੂਨੀਅਰ ਇੰਜਨੀਅਰ ਪੰਜਾਬ ਸਰਕਾਰ ਦੇ ਆਪਣੇ ਹਮਰੁਤਬਾ ਜੇਈਜ਼ ਨੂੰ ਪਹਿਲੀ ਦਸੰਬਰ 2011 ਤੋਂ ਮਿਲ ਰਹੀ 18,250 ਰੁਪਏ ਮੁਢਲੀ ਤਨਖਾਹ ਤੋਂ ਘੱਟ 17,450 ਰੁਪਏ ਹੀ ਲੈ ਰਹੇ ਹਨ।