ਉਦੈਪੁਰ ਮਾਈਨਰ ਦਾ ਅਧੂਰਾ ਕੰਮ ਪੂਰਾ ਕਰਵਾ ਕੇ ਪਾਣੀ ਚਾਲੂ ਕਰਨ ਦੀ ਮੰਗ
ਸਨੌਰ, 11 ਜੂਨ
ਸਨੌਰ ਇਲਾਕੇ ਨਾਲ ਸਬੰਧਤ ਮੰਡੀ, ਉਦੈਪੁਰ, ਦੀਵਾਨਵਾਲਾ, ਭਾਂਖਰ, ਬਹਿਰੂ, ਖੇੜੀ, ਗੁਥਮੜਾ, ਕੋਹਲੇਮਾਜਰਾ, ਬੂੜੇਮਾਜਰਾ ਅਤੇ ਬਰਕਤਪੁਰ ਪਿੰਡਾਂ ਦੇ ਕਿਸਾਨਾਂ ਨੇ ਸਿੰਜਾਈ ਵਿਭਾਗ ਦੇ ਸਕੱਤਰ ਕ੍ਰਿਸ਼ਨ ਕੁਮਾਰ ਨੂੰ ਪੱਤਰ ਲਿਖ ਕੇ ਉਦੈਪੁਰ ਮਾਈਨਰ ਵਜੋਂ ਜਾਣੇ ਜਾਂਦੇ ਸੂਏ ਵਿਚਲੇ ਮੋਘੇ ਚਾਲੂ ਕਰਨ ਸਮੇਤ ਇਸ ਸੂਏ ਤੋਂ ਲੰਘਦੇ ਵੱਖ-ਵੱਖ ਰਸਤਿਆਂ ਨਾਲ ਸਬੰਧਤ ਅਧੂਰੀਆਂ ਪੁਲੀਆਂ ਨੂੰ ਮੁਕੰਮਲ ਕਰ ਕੇ ਇਸ ’ਚ ਪਾਣੀ ਛੱਡਣ ਦੀ ਮੰਗ ਕੀਤੀ ਹੈ।
ਇਸ ਸਬੰਧੀ ਮੰਡੀ ਪਿੰਡ ਦੇ ਵਸਨੀਕ ਐਡਵੋਕੇਟ ਗੁਰਨਾਮ ਸਿੰਘ ਬਾਬਾ ਨੇ ਦੱਸਿਆ ਕਿ ਇਨ੍ਹਾਂ ਪਿੰਡਾਂ ਦੀਆਂ ਫ਼ਸਲਾਂ ਨੂੰ ਉਦੈਪੁਰ ਮਾਈਨਰ ਸੂਏ ਦਾ ਹੀ ਪਾਣੀ ਲੱਗਦਾ ਹੈ ਪਰ ਇਨ੍ਹਾਂ ਪਿੰਡਾਂ ਦੇ ਮੋਘੇ ਚਾਲੂ ਨਹੀਂ ਕੀਤੇ ਗਏ। ਉਨ੍ਹਾਂ ਅਧੂਰੀਆਂ ਪੁਲੀਆਂ ਬਣਾਉਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਟਿਊਬਵੈੱਲਾਂ ਦਾ ਪਾਣੀ ਬਹੁਤ ਨੀਵਾਂ ਚਲਾ ਗਿਆ ਹੈ ਜਿਸ ਕਰਕੇ ਲੋਕ ਇਸ ਮਾਈਨਰ ਦੇ ਪਾਣੀ ’ਤੇ ਹੀ ਨਿਰਭਰ ਹਨ। ਉਨ੍ਹਾਂ ਕਿਹਾ ਕਿ ਝੋਨੇ ਦੀ ਲਵਾਈ ਵੀ ਸ਼ੁਰੂ ਹੋ ਚੁੱਕੀ ਹੈ ਜਿਸ ਕਰਕੇ ਇਸ ਸੂਏ ’ਚ ਵਿਚਲੀਆਂ ਸਾਰੀਆਂ ਤੋਟਾਂ ਦੂਰ ਕਰ ਕੇ ਢੁੱਕਵਾਂ ਪਾਣੀ ਛੱਡਿਆ ਜਾਵੇ ਤਾਂ ਜੋ ਇਨ੍ਹਾਂ ਪਿੰਡਾਂ ਦੇ ਕਿਸਾਨ ਵੀ ਝੋਨਾ ਲਾ ਸਕਣ।