ਟਰੈਫਿਕ ਇੰਚਾਰਜ ਵੱਲੋਂ ਟਿੱਪਰਾਂ ਅਤੇ ਮੋਟਰਸਾਈਕਲਾਂ ਦੇ ਚਲਾਨ
ਦੇਵੀਗੜ੍ਹ, 11 ਜੂਨ
ਐੱਸਐੱਸਪੀ ਪਟਿਆਲਾ ਵਰੁਣ ਸ਼ਰਮਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅਤੇ ਡੀ.ਐੱਸ.ਪੀ. ਟਰੈਫਿਕ ਅੱਛਰੂ ਰਾਮ ਦੀ ਨਿਗਰਾਨੀ ਹੇਠ ਟਰੈਫਿਕ ਇੰਚਾਰਜ ਸਰਕਲ ਦੇਵੀਗੜ੍ਹ ਤਰਸੇਮ ਕੁਮਾਰ ਵੱਲੋਂ ਸਮੇਤ ਆਪਣੀ ਪੁਲੀਸ ਟੀਮ ਨਾਲ ਕਈ ਵਾਹਨਾਂ ’ਤੇ ਸਖ਼ਤੀ ਕਰਦਿਆਂ ਓਵਰ ਸਪੀਡ ਅਤੇ ਗਲਤ ਸਾਈਡ ’ਤੇ ਖੜ੍ਹੇ ਵਾਹਨਾਂ ਦੇ ਚਲਾਨ ਕੀਤੇ ਗਏ। ਟਰੈਫਿਕ ਇੰਚਾਰਜ ਤਰਸੇਮ ਕੁਮਾਰ ਨੇ ਦੱਸਿਆ ਕਿ ਅੱਜ ਦੇਵੀਗੜ੍ਹ ਵਿੱਚ ਗਲਤ ਸਾਈਡ ’ਤੇ ਖੜ੍ਹੇ ਦੋ ਵਾਹਨਾਂ ਅਤੇ 1 ਓਵਰ ਸਪੀਡ ਟਿੱਪਰ ਦੇ ਚਲਾਨ ਕੱਟੇ ਗਏ ਹਨ। ਇਸ ਤੋਂ ਇਲਾਵਾ ਪਟਾਕੇ ਮਾਰਨ ਵਾਲੇ ਮੋਟਰਸਾਈਕਲਾਂ ਅਤੇ ਆਵਾਜਾਈ ਵਿੱਚ ਵਿਘਨ ਪਾ ਰਹੀਆਂ ਗਲਤ ਸਾਈਡ ’ਤੇ ਖੜ੍ਹੀਆਂ ਗੱਡੀਆਂ ਦੇ ਵੀ ਚਲਾਨ ਕੱਟੇ ਗਏ ਹਨ। ਇਸ ਮੌਕੇ ਉਨ੍ਹਾਂ ਵਾਹਨ ਚਾਲਕਾਂ ਨੂੰ ਹਦਾਇਤ ਕੀਤੀ ਕਿ ਟਰੈਫਿਕ ਨਿਯਮਾਂ ਦੀ ਪਾਲਣਾ ਕਰਨ ਤਾਂ ਜੋ ਸੁਚਾਰੂ ਢੰਗ ਨਾਲ ਟਰੈਫਿਕ ਚੱਲ ਸਕੇ। ਉਨ੍ਹਾਂ ਕਿਹਾ ਕਿ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਜਨਤਾ ਨੂੰ ਅਪੀਲ ਕੀਤੀ ਕਿ ਟਰੈਫਿਕ ਸੁਚਾਰੂ ਢੰਗ ਨਾਲ ਚਲਾਉਣ ਲਈ ਸਹਿਯੋਗ ਦਿੱਤਾ ਜਾਵੇ, ਆਪਣੇ ਵਾਹਨ ਪਾਰਕਿੰਗ ਵਾਲੀ ਜਗ੍ਹਾ ’ਤੇ ਖੜ੍ਹੇ ਕਰਨ ਅਤੇ ਮੇਨ ਸੜਕ ਨੂੰ ਪਾਰਕਿੰਗ ਨਾ ਬਣਾਇਆ ਜਾਵੇ ਤਾਂ ਜੋ ਸੜਕਾਂ ’ਤੇ ਜਾਮ ਨਾ ਲੱਗੇ ਅਤੇ ਹਾਦਸਿਆਂ ਤੋਂ ਬਚਾਅ ਹੋ ਸਕੇ। ਇਸ ਮੌਕੇ ਇਕਬਾਲ ਸਿੰਘ ਟਰੈਫਿਕ ਕਰਮਚਾਰੀ ਵੀ ਹਾਜ਼ਰ ਸਨ।