ਮਿੱਟੀ ਦੇ ਸੈਂਪਲ ਇਕੱਤਰ ਕਰਨ ਲਈ ਮੁਹਿੰਮ
ਪਟਿਆਲਾ, 11 ਜੂਨ
ਜ਼ਿਲ੍ਹਾ ਪਟਿਆਲਾ ਦੇ ਮੁੱਖ ਖੇਤੀਬਾੜੀ ਅਫ਼ਸਰ ਡਾ. ਜਸਵਿੰਦਰ ਸਿੰਘ ਵੱਲੋਂ ਜ਼ਿਲ੍ਹੇ ਵਿੱਚ ਮਿੱਟੀ ਦੇ ਸੈਂਪਲ ਇਕੱਤਰ ਕਰਨ ਅਤੇ ਸਾਉਣੀ ਦੀਆਂ ਫ਼ਸਲਾਂ ਸਬੰਧੀ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪਟਿਆਲਾ ਨੂੰ ਮਿੱਟੀ ਦੇ 16,500 ਸੈਂਪਲ ਲੈਣ ਦਾ ਟੀਚਾ ਮਿਲਿਆ ਹੈ ਜਿਸ ਵਿੱਚੋਂ 10 ਹਜ਼ਾਰ ਸੈਂਪਲ ਇਕੱਤਰ ਕਰ ਲਏ ਗਏ ਹਨ ਅਤੇ ਮੁਹਿੰਮ 30 ਜੂਨ ਤੱਕ ਜਾਰੀ ਰਹੇਗੀ।
ਉਨ੍ਹਾਂ ਦੱਸਿਆ ਕਿ ਇਸ ਦੌਰਾਨ ਬਲਾਕ ਭੁਨਰਹੇੜੀ ਨੇ 458, ਘਨੌਰ ਨੇ 1491, ਨਾਭਾ ਨੇ 998, ਪਟਿਆਲਾ ਨੇ 865, ਪਾਤੜਾਂ ਨੇ 1095, ਰਾਜਪੁਰਾ ਨੇ 1510, ਸਮਾਣਾ ਨੇ 1204 ਅਤੇ ਸਨੌਰ ਨੇ ਮਿੱਟੀ ਦੇ 1896 ਸੈਂਪਲ ਕਿਸਾਨਾਂ ਦੇ ਖੇਤਾਂ ਵਿੱਚੋਂ ਇਕੱਤਰ ਕੀਤੇ ਹਨ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਕਿਸਾਨ ਟੈਸਟ ਰਿਪੋਰਟ ਅਨੁਸਾਰ ਖਾਦਾਂ ਦੀ ਵਰਤੋਂ ਕਰਨ ਅਤੇ ਵਾਤਾਵਰਨ ਨੂੰ ਸਾਫ਼ ਸੁਥਰਾ ਰੱਖਣ ਵਿੱਚ ਯੋਗਦਾਨ ਪਾਉਣ। ਸਾਉਣੀ ਦੀਆਂ ਫ਼ਸਲਾਂ ਸਬੰਧੀ ਕਿਸਾਨਾਂ ਨੂੰ ਪਿੰਡ ਪੱਧਰ ’ਤੇ ਕੈਂਪਾਂ, ਅਨਾਊਸਮੈਂਟਾਂ ਰਾਹੀਂ ਪੂਸਾ-44 ਅਤੇ ਹਾਈਬ੍ਰਿਡ ਬੀਜਾਂ ਦੀ ਬਿਜਾਈ ਨਾ ਕਰਨ ਤੇ ਪੀ.ਐੱਮ ਕਿਸਾਨ ਸਨਮਾਨ ਨਿਧੀ ਸਕੀਮ ਦਾ ਲਾਭ ਲੈਣ ਲਈ ਜਾਗਰੂਕ ਕੀਤਾ ਜਾ ਰਿਹਾ ਹੈ।
ਇਸ ਲੜੀ ਤਹਿਤ ਪਿੰਡ ਦੌਣ ਕਲਾਂ, ਫਰੀਦਪੁਰ, ਕੌਲੀ, ਅਲਹੌਰਾਂ ਕਲਾਂ, ਅਲਹੌਰਾਂ ਖੁਰਦ, ਸਵਾਈ ਸਿੰਘ ਵਾਲਾ, ਜਲਾਲਾਬਾਦ, ਚੌਂਹਠ, ਢੀਂਗੀ, ਸਾਧੋਹੇੜੀ, ਚੌਧਰੀ ਮਾਜਰਾ, ਉੱਚਾ ਗਾਓਂ, ਲਚਕਾਣੀ, ਖੇੜੀ ਮਾਨਿਆ, ਮੰਡੌਰ, ਘਮਰੌਦਾ, ਲੰਗ, ਚਲੈਲਾ ਅਤੇ ਕੋਟਲੀ ਵਿੱਚ ਖੇਤੀਬਾੜੀ ਵਿਭਾਗ ਦੇ ਏਡੀਓ, ਏਈਓ, ਏਐੱਸਆਈ, ਬੀਟੀਐੱਮ ਅਤੇ ਏਟੀਐੱਮ ਵੱਲੋਂ ਜਾਗਰੂਕਤਾ ਕੈਂਪ ਲਾਏ ਗਏ।