ਐੱਸਐੱਸਪੀ ਹਰਮਨਬੀਰ ਗਿੱਲ ਵੱਲੋਂ ਥਾਣਿਆਂ ਦੀ ਜਾਂਚ
ਪੱਤਰ ਪ੍ਰੇਰਕ
ਬਠਿੰਡਾ, 1 ਦਸੰਬਰ
ਇਥੋਂ ਦੇ ਐਸਐਸਪੀ ਹਰਮਨਬੀਰ ਸਿੰਘ ਗਿੱਲ ਨੇ ਅੱਜ ਜ਼ਿਲ੍ਹਾ ਬਠਿੰਡਾ ਦੀ ਸਬ ਡਿਵੀਜ਼ਨ ਭੁੱਚੋ ਅਧੀਨ ਪੈਂਦੇ ਥਾਣਾ ਨੇਹੀਆਂਵਾਲਾ ਅਤੇ ਪੁਲੀਸ ਚੌਕੀ ਗੋਨਿਆਣਾ ਦੀ ਅਚਨਚੇਤ ਜਾਂਚ ਕੀਤੀ। ਇਸ ਚੈਕਿੰਗ ਦੌਰਾਨ ਮੁੱਖ ਅਫਸਰ ਕਰਮਜੀਤ ਕੌਰ ਨੂੰ ਸਖ਼ਤ ਹਦਾਇਤ ਕੀਤੀ ਗਈ ਕਿ ਸੀਨੀਅਰ ਅਫਸਰਾਂ ਵੱਲੋਂ ਦਿੱਤੇ ਗਏ ਹੁਕਮ ਆਪਣੇ ਸਟਾਫ ਨੂੰ ਰੋਜ਼ਾਨਾ ਰੋਲ ਕਾਲ ਸਮੇਂ ਪੜ੍ਹ ਕੇ ਸੁਣਾਏ ਜਾਣ ਅਤੇ ਹੁਕਮਾਂ ਦੀ ਪਾਲਣਾ ਯਕੀਨੀ ਬਣਾਈ ਜਾਵੇ। ਇਸ ਤੋਂ ਇਲਾਵਾ ਛੇ ਮਹੀਨਿਆਂ ਤੋਂ ਜ਼ਿਆਦਾ ਸਮਾਂ ਲੰਬਿਤ ਪਏ ਕੇਸਾਂ ਦਾ ਜਲਦੀ ਨਿਪਟਾਰਾ ਕਰਕੇ ਮਹੀਨਾਵਾਰੀ ਕਰਾਈਮ ਮੀਟਿੰਗ ਵਿੱਚ ਰਿਪੋਰਟ ਪੇਸ਼ ਕੀਤੀ ਜਾਵੇ। ਐਸਐਸਪੀ ਨੇ ਹੁਕਮ ਕੀਤਾ ਕਿ ਤਫਤੀਸ਼ ਦੇ ਮੁਕੱਦਮਿਆਂ ਦਾ ਨਿਪਟਾਰਾ 15 ਦਿਨਾਂ ਵਿੱਚ ਕੀਤਾ ਜਾਵੇ ਅਤੇ ਜਿਨ੍ਹਾਂ ਕੇਸਾਂ ਦੇ ਮੁਲਜ਼ਮ ਅਜੇ ਗ੍ਰਿਫਤਾਰ ਕਰਨੇ ਬਾਕੀ ਹਨ ਉਨ੍ਹਾਂ ਨੂੰ ਤਿੰਨ ਦਿਨਾਂ ਦੇ ਅੰਦਰ ਗ੍ਰਿਫਤਾਰ ਕੀਤਾ ਜਾਵੇ ਜਿਨ੍ਹਾਂ ਮੁਕੱਦਮਿਆਂ ਦੀ ਤਫਤੀਸ਼ ਮੁਕੰਮਲ ਹੋ ਚੁੱਕੀ ਹੈ, ਉਨ੍ਹਾਂ ਦਾ ਚਲਾਨ ਤਿਆਰ ਕਰਕੇ ਹਫਤੇ ਵਿੱਚ ਚਲਾਣ ਟੂ-ਕੋਰਟ ਕਰਵਾਏ ਜਾਣ। ਥਾਣੇ ਵਿੱਚ ਪੈਂਡਿੰਗ ਪਈਆਂ ਸਾਰੀਆਂ ਰਿਪੋਰਟਾਂ ਦੀ ਪ੍ਰਕਿਰਿਆ ਮੁਕੰਮਲ ਕਰਕੇ ਅਦਾਲਤ ਵਿੱਚ ਪੇਸ਼ ਕੀਤੀਆਂ ਜਾਣ। ਉਨ੍ਹਾਂ ਕਿਹਾ ਕਿ ਥਾਣੇ ਨਾਲ ਸਬੰਧਤ ਭਗੌੜਿਆਂ ਨੂੰ ਕਾਬੂ ਕਰਨ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾਵੇ।