3.30 ਕੁਇੰਟਲ ਪੋਸਤ ਸਮੇਤ ਦੋ ਕਾਬੂ
ਇਕਬਾਲ ਸਿੰਘ ਸ਼ਾਂਤ
ਲੰਬੀ, 11 ਅਪਰੈਲ
ਹਲਕੇ ਦੇ ਪਿੰਡ ਪੰਨੀਵਾਲਾ ਫੱਤਾ ਵਿਖੇ ਸੀਆਈਏ-2 ਮਲੋਟ ਵੱਲੋਂ ਟਰੱਕ ਵਿਚ ਤਰਪਾਲ ਹੇਠਾਂ ਪਿਆਜ਼ ਦੇ ਗੱਟਿਆਂ ਵਿੱਚ ਲੁਕੋ ਕੇ ਰੱਖੀ 3.30 ਕੁਇੰਟਲ ਪੋਸਤ ਦੀ ਖੇਪ ਬਰਾਮਦ ਕਰਦਿਆਂ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਕਾਬੂ ਕੀਤੇ ਵਿਅਕਤੀਆਂ ਦੀ ਸ਼ਨਾਖਤ ਬੂਟਾ ਸਿੰਘ ਪੁੱਤਰ ਨਿਰੰਜਣ ਸਿੰਘ ਵਾਸੀ ਸ੍ਰੀ ਮੁਕਤਸਰ ਸਾਹਿਬ ਅਤੇ ਲਵਟੈਣ ਸਿੰਘ ਉਰਫ ਲਵ ਪੁੱਤਰ ਜਗਵਿੰਦਰ ਸਿੰਘ ਵਾਸੀ ਜੰਡਵਾਲਾ ਭੀਮੇਸ਼ਾਹ, ਫਾਜ਼ਿਲਕਾ ਵਜੋਂ ਹੋਈ ਹੈ।
ਜਾਣਕਾਰੀ ਅਨੁਸਾਰ ਪੰਨੀਵਾਲਾ ਫੱਤਾ ਵਿਖੇ ਮਲੋਟ-ਫਾਜ਼ਿਲਕਾ ਰੋਡ ’ਤੇ ਦਾਣਾ ਮੰਡੀ ਨੇੜੇ ਦੋ ਵਿਅਕਤੀਆਂ ਦੀਆਂ ਹਰਕਤਾਂ ਉੱਪਰ ਸ਼ੱਕ ਹੋਣ ’ਤੇ ਪੁਲੀਸ ਟੀਮ ਵੱਲੋਂ ਉਨ੍ਹਾਂ ਨੂੰ ਰੋਕ ਕੇ ਟਰੱਕ ਦੀ ਤਲਾਸ਼ੀ ਲਈ ਗਈ। ਇਸ ਦੌਰਾਨ ਟਰੱਕ ਵਿਚ ਪਿਆਜ਼ਾਂ ਦੇ ਗੱਟੇ ਤਰਪਾਲ ਨਾਲ ਢੱਕੇ ਹੋਏ ਸਨ। ਪੁਲੀਸ ਕਰਮੀਅ ਵੱਲੋਂ ਜਾਂਚ ਕੀਤੇ ਜਾਣ ਉਪਰੰਤ ਉਨ੍ਹਾਂ ਗੱਟਿਆਂ ਵਿੱਚੋਂ ਭੁੱਕੀ-ਚੂਰਾ ਪੋਸਤ ਬਰਾਮਦ ਹੋਇਆ। ਇਸ ਸਬੰਧੀ ਥਾਣਾ ਕਬਰਵਾਲਾ ਵਿਖੇ ਐੱਨਡੀਪੀਐੱਸ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ।