ਇੰਡੀਅਨ ਆਈਡਲ ਫੇਮ ਪਵਨਦੀਪ ਰਾਜਨ ਯੂਪੀ ਦੇ ਅਮਰੋਹਾ ਵਿਚ ਸੜਕ ਹਾਦਸੇ ’ਚ ਗੰਭੀਰ ਜ਼ਖ਼ਮੀ, ਹਾਲਤ ਸਥਿਰ
ਨੌਇਡਾ, 5 ਮਈ
‘ਇੰਡੀਅਨ ਆਈਡਲ’ ਸੀਜ਼ਨ 12 ਦਾ ਜੇਤੂ ਪਵਨਦੀਪ ਰਾਜਨ ਸੋਮਵਾਰ ਤੜਕੇ ਉੱਤਰ ਪ੍ਰਦੇਸ਼ ਦੇ ਅਮਰੋਹਾ ਜ਼ਿਲ੍ਹੇ ਵਿੱਚ ਸੜਕ ਹਾਦਸੇ ਵਿੱਚ ਗੰਭੀਰ ਜ਼ਖ਼ਮੀ ਹੋ ਗਿਆ। ਡਾਕਟਰਾਂ ਮੁਤਾਬਕ ਉਸ ਦੀ ਹਾਲਤ ਸਥਿਰ ਤੇ ਉਹ ਹੋਸ਼ ਵਿਚ ਹੈ। ਉੱਤਰਾਖੰਡ ਨਾਲ ਸਬੰਧਤ ਇਹ ਗਾਇਕ ਨੋਇਡਾ ਦੇ ਹਸਪਤਾਲ ਵਿੱਚ ਕਈ ਫਰੈਕਚਰ ਅਤੇ ਸਿਰ ਵਿੱਚ ਗੰਭੀਰ ਸੱਟ ਲਈ ਜ਼ੇਰੇ ਇਲਾਜ ਹੈ। ਨੋਇਡਾ ਦੇ ਫੋਰਟਿਸ ਹਸਪਤਾਲ ਨੇ ਇੱਕ ਬਿਆਨ ਵਿੱਚ ਕਿਹਾ ਕਿ ਪਵਨਦੀਪ ਨੂੰ ਹਾਦਸੇ ਤੋਂ ਬਾਅਦ ਆਰਥੋਪੈਡਿਕਸ ਟੀਮ ਦੀ ਨਿਗਰਾਨੀ ਹੇਠ ਮੈਡੀਕਲ ਸਹੂਲਤ ਵਿੱਚ ਦਾਖਲ ਕਰਵਾਇਆ ਗਿਆ ਹੈ। ਹਾਦਸੇ ਵਿਚ ਗਾਇਕ ਦੇ ਕਈ ਥਾਈਂ ਫਰੈਕਚਰ ਹੈ।
ਬਿਆਨ ਵਿੱਚ ਕਿਹਾ ਗਿਆ ਹੈ ਕਿ ‘ਉਹ ਇਸ ਵੇਲੇ ਸਥਿਰ ਅਤੇ ਹੋਸ਼ ਵਿੱਚ ਹਨ। ਉਸ ਦੀਆਂ ਕਈ ਵਾਰ ਸਰਜਰੀਆਂ ਹੋਣਗੀਆਂ। ਸਾਡੀ ਕਲੀਨਿਕਲ ਟੀਮ ਉਸ ਦੀ ਸਥਿਤੀ ’ਤੇ ਨੇੜਿਓਂ ਨਜ਼ਰ ਰੱਖ ਰਹੀ ਹੈ ਅਤੇ ਲੋੜੀਂਦੀ ਡਾਕਟਰੀ ਦੇਖਭਾਲ ਪ੍ਰਦਾਨ ਕੀਤੀ ਜਾ ਰਹੀ ਹੈ।’’
ਪੁਲੀਸ ਨੇ ਦੱਸਿਆ ਕਿ ਇਹ ਹਾਦਸਾ ਗਜਰੌਲਾ ਦੇ ਚੌਪਾਲਾ ਚੌਰਾਹਾ ਓਵਰਬ੍ਰਿਜ ਨੇੜੇ ਕੌਮੀ ਸ਼ਾਹਰਾਹ 9 ’ਤੇ ਸਰਕਲ ਅਫਸਰ ਦੇ ਦਫ਼ਤਰ ਨੇੜੇ ਤੜਕੇ 2.30 ਵਜੇ ਦੇ ਕਰੀਬ ਵਾਪਰਿਆ। ਪਵਨਦੀਪ ਦੀ ਐੱਸਯੂਵੀ ਸੜਕ ਕਿਨਾਰੇ ਖਰਾਬ ਹੋ ਗਈ ਤੇ ਇੱਕ ਕੈਂਟਰ ਟਰੱਕ ਨਾਲ ਟਕਰਾ ਗਈ। ਇਸ ਹਾਦਸੇ ਵਿੱਚ ਕਾਰ ਚਾਲਕ ਰਾਹੁਲ ਸਿੰਘ ਅਤੇ ਸਾਥੀ ਯਾਤਰੀ ਅਜੈ ਮਹਿਰਾ ਵੀ ਜ਼ਖਮੀ ਹੋ ਗਏ।
ਪੁਲੀਸ ਨੇ ਦੱਸਿਆ ਕਿ ਰਾਹਗੀਰਾਂ ਨੇ ਤਿੰਨਾਂ ਨੂੰ ਪਹਿਲਾਂ ਸਥਾਨਕ ਹਸਪਤਾਲ ਲਿਆਂਦਾ ਅਤੇ ਮਗਰੋਂ ਉਨ੍ਹਾਂ ਨੂੰ ਬਿਹਤਰ ਇਲਾਜ ਲਈ ਉੱਚ ਮੈਡੀਕਲ ਸੈਂਟਰ ਵਿੱਚ ਰੈਫਰ ਕਰ ਦਿੱਤਾ। ਗਜਰੌਲਾ ਪੁਲੀਸ ਸਟੇਸ਼ਨ ਦੇ ਇੰਚਾਰਜ ਇੰਸਪੈਕਟਰ ਅਖਿਲੇਸ਼ ਪ੍ਰਧਾਨ ਨੇ ਇਸ ਖ਼ਬਰ ਏਜੰਸੀ ਨੂੰ ਦੱਸਿਆ ਕਿ ਨੁਕਸਾਨੇ ਗਏ ਵਾਹਨਾਂ ਨੂੰ ਜ਼ਬਤ ਕਰ ਲਿਆ ਗਿਆ ਹੈ ਅਤੇ ਅਗਲੇਰੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।
ਪੁਲੀਸ ਤੇ ਚਸ਼ਮਦੀਦਾਂ ਮੁਤਾਬਕ ਜਿਸ ਇਲਾਕੇ ਵਿੱਚ ਹਾਦਸਾ ਵਾਪਰਿਆ ਹੈ, ਉੱਥੇ ਅਕਸਰ ਅਣਅਧਿਕਾਰਤ ਟੈਕਸੀ ਸਟੈਂਡ ਨੇੜੇ ਗੈਰ-ਕਾਨੂੰਨੀ ਤੌਰ ’ਤੇ ਪਾਰਕ ਕੀਤੇ ਵਾਹਨਾਂ ਕਰਕੇ ਟਰੈਫਿਕ ਜਾਮ ਹੁੰਦਾ ਹੈ, ਜਿਸ ਕਾਰਨ ਅਕਸਰ ਹਾਦਸੇ ਵਾਪਰਦੇ ਹਨ।
ਉੱਤਰਾਖੰਡ ਦੇ ਚੰਪਾਵਤ ਜ਼ਿਲ੍ਹੇ ਦੇ ਰਹਿਣ ਵਾਲੇ ਪਵਨਦੀਪ ਨੇ 2021 ਵਿੱਚ ਸੋਨੀ ਟੀਵੀ ਦਾ ਸੰਗੀਤ ਰਿਐਲਿਟੀ ਸ਼ੋਅ ‘ਇੰਡੀਅਨ ਆਈਡਲ’ ਦਾ 12ਵਾ ਸੀਜ਼ਨ ਜਿੱਤਿਆ ਸੀ। ਹਾਦਸੇ ਦੀ ਖ਼ਬਰ ਮਿਲਦੇ ਹੀ ਮੌਕੇ ’ਤੇ ਪ੍ਰਸ਼ੰਸਕਾਂ ਦੀ ਭੀੜ ਇਕੱਠੀ ਹੋ ਗਈ ਅਤੇ ਪਰਿਵਾਰਕ ਮੈਂਬਰ ਜ਼ਖ਼ਮੀਆਂ ਨੂੰ ਨੋਇਡਾ ਦੇ ਹਸਪਤਾਲ ਵਿੱਚ ਦਾਖਲ ਕਰਵਾਉਣ ਲਈ ਦੌੜੇ। ਉਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਪਵਨਦੀਪ ਦੀ ਸਿਹਤ ’ਤੇ ਚਿੰਤਾ ਪ੍ਰਗਟ ਕੀਤੀ ਅਤੇ ਉਨ੍ਹਾਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕੀਤੀ। -ਪੀਟੀਆਈ