ਪਠਾਨਕੋਟ ਨੇੜੇ ਅਪਾਚੇ ਦੀ ਐਮਰਜੈਂਸੀ ਲੈਂਡਿੰਗ
ਵਿਜੈ ਮੋਹਨ/ਐੱਨਪੀ ਧਵਨ
ਚੰਡੀਗੜ੍ਹ/ਪਠਾਨਕੋਟ, 13 ਜੂਨ
ਪਠਾਨਕੋਟ ਦੇ ਨੰਗਲਭੂਰ ਥਾਣੇ ਅਧੀਨ ਆਉਂਦੇ ਪਿੰਡ ਅਨੇੜ ਦੇ ਖੇਤਾਂ ’ਚ ਭਾਰਤੀ ਹਵਾਈ ਸੈਨਾ ਦੇ ਅਪਾਚੇ ਹੈਲੀਕਾਪਟਰ ਦੀ ਐਮਰਜੈਂਸੀ ਲੈਂਡਿੰਗ ਹੋਈ ਹੈ। ਬੀਤੇ ਇਕ ਵਰ੍ਹੇ ’ਚ ਅਪਾਚੇ ਹੈਲੀਕਾਪਟਰਾਂ ਨਾਲ ਸਬੰਧਤ ਇਹ ਤੀਜੀ ਘਟਨਾ ਹੈ। ਕੋਕਪਿਟ ਐਮਰਜੈਂਸੀ ਚਿਤਾਵਨੀ ਮਗਰੋਂ ਹੈਲੀਕਾਪਟਰ ਨੂੰ ਇਹਤਿਆਤ ਵਜੋਂ ਅਚਾਨਕ ਉਤਾਰਿਆ ਗਿਆ। ਸਥਾਨਕ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਕਿਹਾ ਕਿ ਘਟਨਾ ’ਚ ਕੋਈ ਜਾਨੀ ਜਾਂ ਮਾਲੀ ਨੁਕਸਾਨ ਨਹੀਂ ਹੋਇਆ ਹੈ। ਹੈਲੀਕਾਪਟਰ ਦੇ ਦੋਵੇਂ ਪਾਇਲਟ ਸੁਰੱਖਿਅਤ ਹਨ। ਪਠਾਨਕੋਟ ਏਅਰਬੇਸ ਤੋਂ ਹਵਾਈ ਸੈਨਾ ਦੇ ਜਵਾਨ ਹੈਲੀਕਾਪਟਰ ਦੀ ਜਾਂਚ ਲਈ ਮੌਕੇ ’ਤੇ ਪੁੱਜੇ। ਜਾਣਕਾਰੀ ਮੁਤਾਬਕ ਇਸ ਮਗਰੋਂ ਪਾਇਲਟ ਅਤੇ ਸਹਿ-ਪਾਇਲਟ ਅਪਾਚੇ ਹੈਲੀਕਾਪਟਰ ਨੂੰ ਪਠਾਨਕੋਟ ਏਅਰਬੇਸ ’ਤੇ ਲੈ ਗਏ। ਸੂਤਰਾਂ ਅਨੁਸਾਰ ਜਦੋਂ ਇਹ ਹੈਲੀਕਾਪਟਰ ਇਸ ਖੇਤਰ ਵਿੱਚ ਘੁੰਮ ਰਿਹਾ ਸੀ ਤਾਂ ਕੋਈ ਖ਼ਰਾਬੀ ਆ ਜਾਣ ਕਾਰਨ ਪਾਇਲਟ ਨੇ ਇਸ ਨੂੰ ਸੁਰੱਖਿਅਤ ਉਤਾਰ ਲਿਆ ਸੀ। ਲੈਂਡਿੰਗ ਮਗਰੋਂ ਦੋਵੇਂ ਪਾਇਲਟ ਹੈਲੀਕਾਪਟਰ ’ਚੋਂ ਸੁਰੱਖਿਅਤ ਬਾਹਰ ਨਿਕਲ ਆਏ ਸਨ। ਹੈਲੀਕਾਪਟਰ ਦੇ ਅਚਾਨਕ ਉਤਰਨ ਕਾਰਨ ਸਥਾਨਕ ਲੋਕਾਂ ਵਿੱਚ ਹਫ਼ੜਾ-ਦਫ਼ੜੀ ਫੈਲ ਗਈ ਅਤੇ ਉਥੇ ਕਾਫੀ ਗਿਣਤੀ ਵਿੱਚ ਲੋਕ ਇਕੱਠੇ ਹੋ ਗਏ ਸਨ। ਕਈਆਂ ਨੇ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ ਅਤੇ ਸੋਸ਼ਲ ਮੀਡੀਆ ’ਤੇ ਵੀ ਅਪਲੋਡ ਕਰ ਦਿੱਤੀ ਸੀ। ਨੰਗਲਭੂਰ ਥਾਣੇ ਦੀ ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਲੋਕਾਂ ਨੂੰ ਉਥੋਂ ਦੂਰ ਕੀਤਾ। ਸੂਤਰਾਂ ਅਨੁਸਾਰ ਇਸ ਹੈਲੀਕਾਪਟਰ ਨੇ ਪਠਾਨਕੋਟ ਦੇ ਏਅਰਬੇਸ ਤੋਂ ਉਡਾਣ ਭਰੀ ਸੀ ਅਤੇ ਅਕਸਰ ਹੀ ਉਹ ਇਸ ਖੇਤਰ ’ਚ ਦਿਖਾਈ ਦਿੰਦਾ ਸੀ। ਪਿਛਲੇ ਹਫ਼ਤੇ ਵੀ ਅਪਾਚੇ ਹੈਲੀਕਾਪਟਰ ਨੂੰ ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਕੋਲ ਤਕਨੀਕੀ ਖ਼ਰਾਬੀ ਕਾਰਨ ਖੇਤਾਂ ਵਿੱਚ ਉਤਾਰਨਾ ਪਿਆ ਸੀ। ਪਿਛਲੇ ਸਾਲ ਅਪਰੈਲ ’ਚ ਲੱਦਾਖ ’ਚ ਖਰਦੁੰਗ ਲਾ ਨੇੜੇ ਇਹਤਿਆਤ ਵਜੋਂ ਲੈਂਡਿੰਗ ਦੌਰਾਨ ਅਪਾਚੇ ਹੈਲੀਕਾਪਟਰ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਸੀ। ਬਾਅਦ ’ਚ ਉਸ ਨੂੰ ਟਰਾਲੇ ’ਤੇ ਸੜਕ ਮਾਰਗ ਰਾਹੀਂ ਮੁਕਾਮ ’ਤੇ ਪਹੁੰਚਾਇਆ ਗਿਆ ਸੀ।
2019 ’ਚ ਹਵਾਈ ਫ਼ੌਜ ’ਚ ਸ਼ਾਮਲ ਕੀਤੇ ਸਨ ਅਪਾਚੇ
ਭਾਰਤੀ ਹਵਾਈ ਸੈਨਾ ਨੇ ਏਐੱਚ-64 ਅਪਾਚੇ ਨੂੰ ਸਤੰਬਰ 2019 ’ਚ ਫੌਜ ਵਿੱਚ ਸ਼ਾਮਲ ਕੀਤਾ ਸੀ ਅਤੇ ਪਠਾਨਕੋਟ ’ਚ 125 ਹੈਲੀਕਾਪਟਰ ਸਕੁਆਡਰਨ ਬਣਾਈ ਗਈ ਸੀ। ਬਾਅਦ ’ਚ ਇਕ ਹੋਰ 137 ਹੈਲੀਕਾਪਟਰ ਸਕੁਆਡਰਨ ਦਾ ਗਠਨ ਕੀਤਾ ਗਿਆ ਸੀ। ਹਵਾਈ ਸੈਨਾ ਨੇ 22 ਜਦਕਿ ਥਲ ਸੈਨਾ ਨੇ 6 ਅਪਾਚੇ ਹੈਲੀਕਾਪਟਰ ਖ਼ਰੀਦੇ ਸਨ। ਇਨ੍ਹਾਂ ਹੈਲੀਕਾਪਟਰਾਂ ਨੂੰ 2020 ’ਚ ਚੀਨ ਨਾਲ ਟਕਰਾਅ ਮਗਰੋਂ ਲੱਦਾਖ ’ਚ ਅਸਲ ਕੰਟਰੋਲ ਰੇਖਾ ’ਤੇ ਤਾਇਨਾਤ ਕੀਤਾ ਗਿਆ ਸੀ।