ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਇਜ਼ਰਾਈਲ ਦਾ ਇਰਾਨ ’ਤੇ ਹਮਲਾ; ਤਿੰਨ ਜਰਨੈਲਾਂ ਦੀ ਮੌਤ

04:09 AM Jun 14, 2025 IST
featuredImage featuredImage
ਤਹਿਰਾਨ ’ਚ ਇਜ਼ਰਾਇਲੀ ਹਮਲੇ ’ਚ ਨੁਕਸਾਨੀ ਇਮਾਰਤ ਨੇੜੇ ਖੜ੍ਹੇ ਬਚਾਅ ਕਰਮੀ। -ਫੋਟੋ: ਰਾਇਟਰਜ਼

ਦੁਬਈ, 13 ਜੂਨ
ਇਜ਼ਰਾਈਲ ਨੇ ਇਰਾਨ ਦੇ ਪਰਮਾਣੂ ਪ੍ਰੋਗਰਾਮ ਨੂੰ ਨਿਸ਼ਾਨਾ ਬਣਾਉਂਦਿਆਂ ਅੱਜ ਸਵੇਰੇ ਦੇਸ਼ ਦੀ ਰਾਜਧਾਨੀ ’ਤੇ ਹਮਲੇ ਕੀਤੇ, ਜਿਨ੍ਹਾਂ ’ਚ ਘੱਟੋ-ਘੱਟ ਤਿੰਨ ਸਿਖਰਲੇ ਫੌਜੀ ਅਫਸਰਾਂ ਦੀ ਮੌਤ ਹੋ ਗਈ। ਇਜ਼ਰਾਈਲ ਨੇ ਹਮਲੇ ਦੇ ਜਵਾਬ ’ਚ ਇਰਾਨ ਵੱਲੋਂ ਡਰੋਨ ਦਾਗੇ ਜਾਣ ਦਾ ਦਾਅਵਾ ਕੀਤਾ ਹੈ ਹਾਲਾਂਕਿ ਇਰਾਨ ਨੇ ਇਨ੍ਹਾਂ ਦਾਅਵਿਆਂ ਨੂੰ ਖਾਰਜ ਕਰ ਦਿੱਤਾ ਹੈ। ਇਰਾਨ ਨੇ ਹਮਲਿਆਂ ’ਚ ਮਾਰੇ ਗਏ ਦੋ ਸਿਖਰਲੇ ਫੌਜੀ ਅਫਸਰਾਂ ਦੀ ਥਾਂ ਨਵੇਂ ਅਧਿਕਾਰੀਆਂ ਦੀ ਨਿਯੁਕਤੀ ਕਰ ਦਿੱਤੀ ਹੈ। ਇਨ੍ਹਾਂ ਹਮਲਿਆਂ ਨਾਲ ਪੱਛਮੀ ਏਸ਼ੀਆ ਦੇ ਦੋ ਕੱਟੜ ਵਿਰੋਧੀ ਮੁਲਕਾਂ ਵਿਚਾਲੇ ਵੱਡੀ ਜੰਗ ਦਾ ਖਦਸ਼ਾ ਵੱਧ ਗਿਆ ਹੈ। ਇਸ ਨੂੰ 1980 ਦੇ ਦਹਾਕੇ ’ਚ ਇਰਾਕ ਨਾਲ ਜੰਗ ਮਗਰੋਂ ਇਰਾਨ ’ਤੇ ਸਭ ਤੋਂ ਵੱਡਾ ਹਮਲਾ ਮੰਨਿਆ ਜਾ ਰਿਹਾ ਹੈ। ਇਹ ਹਮਲਾ ਇਰਾਨ ਦੇ ਤੇਜ਼ੀ ਨਾਲ ਵਧਦੇ ਪਰਮਾਣੂ ਪ੍ਰੋਗਰਾਮ ਨੂੰ ਲੈ ਕੇ ਪੈਦਾ ਹੋਏ ਤਣਾਅ ਦਰਮਿਆਨ ਕੀਤਾ ਗਿਆ ਹੈ। ਇਜ਼ਰਾਇਲੀ ਸੈਨਾ ਨੇ ਕਿਹਾ ਹੈ ਕਿ ਇਰਾਨ ਉਸ ’ਤੇ ਕੀਤੇ ਗਏ ਹਮਲਿਆਂ ਦੇ ਜਵਾਬ ’ਚ ਇਜ਼ਰਾਈਲ ’ਤੇ ਡਰੋਨ ਦਾਗ ਰਿਹਾ ਹੈ। ਇਜ਼ਰਾਈਲ ਦੇ ਮੁੱਖ ਫੌਜੀ ਬੁਲਾਰੇ ਬ੍ਰਿਗੇਡੀਅਰ
ਜਨਰਲ ਐਫੀ ਡੈਫਰਿਨ ਨੇ ਕਿਹਾ, ‘ਪਿਛਲੇ ਕੁਝ ਘੰਟਿਆਂ ’ਚ ਇਰਾਨ ਨੇ ਇਜ਼ਰਾਈਲ ਵੱਲ ਸੌ ਤੋਂ ਵੱਧ ਡਰੋਨ ਦਾਗੇ ਹਨ। ਸਾਰੀਆਂ ਰੱਖਿਆ ਪ੍ਰਣਾਲੀਆਂ ਹਮਲੇ ਰੋਕਣ ਲਈ ਕੰਮ ਕਰ ਰਹੀਆਂ ਹਨ।’ ਉਨ੍ਹਾਂ ਕਿਹਾ ਕਿ ਤਕਰੀਬਨ 200 ਇਜ਼ਰਾਇਲੀ ਲੜਾਕੂ ਜਹਾਜ਼ ਮੁਹਿੰਮ ’ਚ ਸ਼ਾਮਲ ਸਨ ਅਤੇ ਇਰਾਨ ਦੇ ਤਕਰੀਬਨ 100 ਟੀਚਿਆਂ ’ਤੇ ਹਮਲਾ ਕੀਤਾ ਗਿਆ ਤੇ ਹਮਲੇ ਅਜੇ ਵੀ ਜਾਰੀ ਹਨ। ਉਨ੍ਹਾਂ ਦੱਸਿਆ ਕਿ ਇਰਾਨ ’ਚ ਕਈ ਥਾਵਾਂ ’ਤੇ ਹਮਲੇ ਕੀਤੇ ਗਏ ਹਨ ਜਿਨ੍ਹਾਂ ’ਚ ਇਰਾਨ ਦਾ ਮੁੱਖ ਪਰਮਾਣੂ ਕੇਂਦਰ ਵੀ ਸ਼ਾਮਲ ਹੈ। ਹਮਲੇ ਮਗਰੋਂ ਉੱਥੋਂ ਕਾਲਾ ਧੂੰਆਂ ਉਠਦਾ ਦੇਖਿਆ ਗਿਆ ਹੈ।
ਇਜ਼ਰਾਈਲ ਦੇ ਹਮਲੇ ’ਚ ਇਰਾਨ ਦੇ ਨੀਮ ਫੌਜੀ ਬਲ ਰੈਵੋਲਿਊਸ਼ਨਰੀ ਗਾਰਡ ਦੇ ਮੁਖੀ ਜਨਰਲ ਹੁਸੈਨ ਸਲਾਮੀ ਦੀ ਮੌਤ ਹੋ ਗਈ ਹੈ। ਦੇਸ਼ ਦੇ ਸਰਕਾਰੀ ਟੀਵੀ ਚੈਨਲ ਨੇ ਆਪਣੀ ਖ਼ਬਰ ’ਚ ਇਹ ਜਾਣਕਾਰੀ ਦਿੱਤੀ। ਖ਼ਬਰ ’ਚ ਇਹ ਵੀ ਦੱਸਿਆ ਗਿਆ ਕਿ ਇਜ਼ਰਾਇਲੀ ਹਵਾਈ ਹਮਲੇ ’ਚ ਇਰਾਨ ਦੇ ਹਥਿਆਰਬੰਦ ਬਲਾਂ ਦੇ ਚੀਫ ਆਫ ਸਟਾਫ ਜਨਰਲ ਮੁਹੰਮਦ ਬਾਘੇਰੀ ਦੀ ਵੀ ਮੌਤ ਹੋ ਗਈ ਹੈ। ਖ਼ਬਰ ਅਨੁਸਾਰ ਮ੍ਰਿਤਕਾਂ ਵਿੱਚ ਬੈਲਿਸਟਿਕ ਮਿਜ਼ਾਈਲ ਪ੍ਰੋਗਰਾਮ ਦੇ ਸੰਚਾਲਕ ਜਨਰਲ ਅਮੀਰ ਅਲੀ ਹਾਜੀਜ਼ਾਦੇਹ ਵੀ ਸ਼ਾਮਲ ਹਨ। ਸਰਕਾਰੀ ਖ਼ਬਰ ਏਜੰਸੀ ਨੇ ਦੱਸਿਆ ਕਿ ਇਰਾਨ ਦੇ ਸਰਵਉੱਚ ਨੇਤਾ ਅਯਾਤੁੱਲ੍ਹਾ ਅਲੀ ਖਮੇਨੀ ਨੇ ਜਨਰਲ ਮੁਹੰਮਦ ਬਾਘੇਰੀ ਦੀ ਥਾਂ ਜਨਰਲ ਅਬਦੁੱਲ ਰਹੀਮ ਮੌਸਾਵੀ ਨੂੰ ਹਥਿਆਰਬੰਦ ਬਲਾਂ ਦਾ ਨਵਾਂ ਮੁਖੀ ਅਤੇ ਜਨਰਲ ਹੁਸੈਨ ਸਲਾਮੀ ਦੀ ਥਾਂ ’ਤੇ ਮੁਹੰਮਦ ਪਾਕਪੌਰ ਨੂੰ ਨੀਮ ਫੌਜੀ ਬਲ ਰੈਵੋਲਿਊਸ਼ਨਰੀ ਗਾਰਡ ਦੀ ਅਗਵਾਈ ਲਈ ਚੁਣਿਆ ਗਿਆ ਹੈ।
ਇਸੇ ਦੌਰਾਨ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਪ੍ਰਸ਼ਾਸਨ ਨੇ ਕਿਹਾ ਕਿ ਇਨ੍ਹਾਂ ਹਮਲਿਆਂ ’ਚ ਉਸ ਦਾ ਕੋਈ ਹੱਥ ਨਹੀਂ ਹੈ। ਨਾਲ ਹੀ ਉਸ ਨੇ ਅਮਰੀਕੀ ਹਿੱਤਾਂ ਜਾਂ ਕਰਮੀਆਂ ਨੂੰ ਨਿਸ਼ਾਨਾ ਬਣਾ ਕੇ ਕਿਸੇ ਵੀ ਤਰ੍ਹਾਂ ਦੀ ਕਾਰਵਾਈ ਕੀਤੇ ਜਾਣ ਪ੍ਰਤੀ ਚਿਤਾਵਨੀ ਦਿੱਤੀ ਹੈ। ਇਜ਼ਰਾਇਲੀ ਆਗੂਆਂ ਇਸ ਹਮਲੇ ਨੂੰ ਆਪਣੇ ਦੇਸ਼ ਦੀ ਹੋਂਦ ਦੀ ਲੜਾਈ ਦੱਸਿਆ ਹੈ। ਹਮਲੇ ਮਗਰੋਂ ਇਜ਼ਰਾਈਲ ਤੇ ਇਰਾਨ ਦੋਵਾਂ ਵੱਲੋਂ ਆਪਣੇ ਹਵਾਈ ਲਾਂਘੇ ਬੰਦ ਕਰ ਦਿੱਤੇ ਗਏ ਹਨ।
ਦੂਜੇ ਪਾਸੇ ਇਰਾਨ ਦੀ ਫਾਰਸ ਖ਼ਬਰ ਏਜੰਸੀ ਨੇ ਸੁਰੱਖਿਆ ਸੂਤਰਾਂ ਦੇ ਹਵਾਲੇ ਨਾਲ ਇਜ਼ਰਾਈਲ ਦੀ ਇਸ ਰਿਪੋਰਟ ਨੂੰ ਖਾਰਜ ਕਰ ਦਿੱਤਾ ਹੈ ਕਿ ਤਹਿਰਾਨ ਨੇ ਇਜ਼ਰਾਈਲ ’ਤੇ ਡਰੋਨ ਹਮਲੇ ਕੀਤੇ ਹਨ ਤੇ ਨਾਲ ਹੀ ਕਿਹਾ ਕਿ ਇਰਾਨ ‘ਨੇੜ ਭਵਿੱਖ’ ਵਿੱਚ ਇਸ ਦਾ ਬਦਲਾ ਲਵੇਗਾ। -ਏਪੀ/ਰਾਇਟਰਜ਼

Advertisement

ਭਾਰਤੀ ਵਿਦਿਆਰਥੀਆਂ ਵੱਲੋਂ ਤਹਿਰਾਨ ’ਚੋਂ ਕੱਢਣ ਦੀ ਮੰਗ

ਨਵੀਂ ਦਿੱਲੀ: ਇਰਾਨ ਵਿੱਚ ਪੜ੍ਹ ਰਹੇ ਭਾਰਤੀ ਵਿਦਿਆਰਥੀਆਂ ਨੇ ਰਾਜਧਾਨੀ ਨੇੜਲੇ ਇਲਾਕਿਆਂ ਸਣੇ ਇਰਾਨ ਵਿੱਚ ਪ੍ਰਮੁੱਖ ਫੌਜੀ ਅਤੇ ਪਰਮਾਣੂ ਟਿਕਾਣਿਆਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਇਜ਼ਰਾਇਲੀ ਹਵਾਈ ਹਮਲਿਆਂ ਤੋਂ ਬਾਅਦ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਉਨ੍ਹਾਂ ਨੂੰ ਇੱਥੋਂ ਬਾਹਰ ਕੱਢਿਆ ਜਾਵੇ। ਤਹਿਰਾਨ ਯੂਨੀਵਰਸਿਟੀ ਆਫ਼ ਮੈਡੀਕਲ ਸਾਇੰਸਿਜ਼ ਵਿੱਚ ਕਸ਼ਮੀਰ ਤੋਂ ਐੱਮਬੀਬੀਐੱਸ ਦੇ ਦੂਜੇ ਸਾਲ ਦੀ ਵਿਦਿਆਰਥਣ ਤਾਬੀਆ ਜ਼ਾਹਰਾ ਨੇ ਦੱਸਿਆ, ‘‘ਸਥਿਤੀ ਸ਼ਾਂਤ ਹੈ ਅਤੇ ਅਸੀਂ ਸੁਰੱਖਿਅਤ ਹਾਂ ਪਰ ਸਾਨੂੰ ਡਰ ਲੱਗ ਰਿਹਾ ਹੈ।’’ -ਪੀਟੀਆਈ

ਇਰਾਨ ਖ਼ਿਲਾਫ਼ ਹਮਲਿਆਂ ’ਚ ਅਮਰੀਕਾ ਸ਼ਾਮਲ ਨਹੀਂ: ਰੂਬੀਓ

ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਕਿਹਾ ਕਿ ਇਜ਼ਰਾਈਲ ਨੇ ‘ਇਰਾਨ ਖ਼ਿਲਾਫ਼ ਇੱਕਪਾਸੜ ਕਾਰਵਾਈ ਕੀਤੀ ਹੈ ਅਤੇ ਇਜ਼ਰਾਈਲ ਨੇ ਅਮਰੀਕਾ ਨੂੰ ਕਿਹਾ ਹੈ ਕਿ ਇਹ ਹਮਲੇ ਉਸ ਦੀ ਆਤਮ ਰੱਖਿਆ ਲਈ ਜ਼ਰੂਰੀ ਸਨ।’ ਵ੍ਹਾਈਟ ਹਾਊਸ ਵੱਲੋਂ ਜਾਰੀ ਬਿਆਨ ’ਚ ਰੂਬੀਓ ਨੇ ਕਿਹਾ, ‘ਅਸੀਂ ਇਰਾਨ ਖ਼ਿਲਾਫ਼ ਹਮਲਿਆਂ ’ਚ ਸ਼ਾਮਲ ਨਹੀਂ ਹਾਂ ਤੇ ਸਾਡੀ ਸਭ ਤੋਂ ਵੱਡੀ ਤਰਜੀਹ ਅਮਰੀਕੀ ਸੈਨਾ ਦੀ ਸੁਰੱਖਿਆ ਕਰਨਾ ਹੈ।’ ਹਮਲੇ ਮਗਰੋਂ ਯਰੂਸ਼ਲਮ ’ਚ ਅਮਰੀਕੀ ਦੂਤਾਵਾਸ ਨੇ ਅਲਰਟ ਜਾਰੀ ਕਰਕੇ ਅਮਰੀਕੀ ਸਰਕਾਰੀ ਕਰਮਚਾਰੀਆਂ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਅਗਲੇ ਹੁਕਮਾਂ ਤੱਕ ਸੁਰੱਖਿਅਤ ਥਾਵਾਂ ’ਤੇ ਰਹਿਣ ਲਈ ਕਿਹਾ ਹੈ।

Advertisement

ਇਜ਼ਰਾਈਲ ਨੂੰ ਸਖ਼ਤ ਸਜ਼ਾ ਦਿੱਤੀ ਜਾਵੇਗੀ: ਖਮੇਨੀ

ਯਰੂਸ਼ਲਮ: ਇਰਾਨ ਦੇ ਸਰਵਉੱਚ ਨੇਤਾ ਅਯਾਤੁੱਲ੍ਹਾ ਅਲੀ ਖਮੇਨੀ ਨੇ ਅੱਜ ਕਿਹਾ ਕਿ ਉਸ ਦੇ ਦੇਸ਼ ’ਤੇ ਹਮਲੇ ਲਈ ਇਜ਼ਰਾਈਲ ਨੂੰ ‘ਸਖ਼ਤ ਸਜ਼ਾ’ ਦਿੱਤੀ ਜਾਵੇਗੀ। ਇਰਾਨ ਦੀ ਸਰਕਾਰੀ ਖ਼ਬਰ ਏਜੰਸੀ ‘ਆਈਆਰਐੱਨਏ’ ਨੇ ਖਮੇਨੀ ਦਾ ਬਿਆਨ ਜਾਰੀ ਕੀਤਾ। ਇਸ ਨੇ ਪੁਸ਼ਟੀ ਕੀਤੀ ਕਿ ਹਮਲੇ ’ਚ ਸੈਨਾ ਦੇ ਸਿਖਰਲੇ ਅਧਿਕਾਰੀ ਤੇ ਵਿਗਿਆਨੀ ਮਾਰੇ ਗਏ ਹਨ। ਖਮੇਨੀ ਨੇ ਕਿਹਾ ਕਿ ਉਨ੍ਹਾਂ ਦੇ ਦੇਸ਼ ’ਤੇ ਹੋਏ ਇਸ ਹਮਲੇ ’ਚ ‘ਇਜ਼ਰਾਈਲ ਦੇ ਖੂਨ ਨਾਲ ਲਿੱਬੜੇ ਹੱਥ ਸ਼ਾਮਲ ਹਨ।’ ਉਨ੍ਹਾਂ ਕਿਹਾ ਕਿ ਇਜ਼ਰਾਈਲ ਨੇ ਰਿਹਾਇਸ਼ੀ ਇਲਾਕਿਆਂ ’ਤੇ ਹਮਲਾ ਕਰਕੇ ਆਪਣੀਆਂ ਮਾੜੇ ਇਰਾਦੇ ਜ਼ਾਹਿਰ ਕੀਤੇ ਹਨ। -ਏਪੀ

ਇਜ਼ਰਾਈਲ ਦੀ ਹੋਂਦ ਲਈ ਚਲਾਈ ਮੁਹਿੰਮ: ਨੇਤਨਯਾਹੂ

ਯਰੂਸ਼ਲਮ: ਇਰਾਨ ਨੂੰ ਪਰਮਾਣੂ ਹਥਿਆਰ ਬਣਾਉਣ ਤੋਂ ਰੋਕਣ ਦੇ ਇਰਾਦੇ ਨਾਲ ਇਜ਼ਰਾਈਲ ਨੇ ‘ਅਪਰੇਸ਼ਨ ਰਾਈਜ਼ਿੰਗ ਲਾਇਨ’ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਇਜ਼ਰਾਇਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਅੱਜ ਦਾਅਵਾ ਕੀਤਾ ਕਿ ਨਤਾਂਜ ਸਥਿਤ ਇਰਾਨ ਦੇ ਮੁੱਖ ਪਰਮਾਣੂ ਕੇਂਦਰ ਸਣੇ ਹੋਰਨਾਂ ਟਿਕਾਣਿਆਂ ’ਤੇ ਹਮਲਾ ਕੀਤਾ ਗਿਆ ਹੈ। ਨੇਤਨਯਾਹੂ ਨੇ ਅੱਜ ਸਵੇਰੇ ਇਕ ਵੀਡੀਓ ਸੁਨੇਹੇ ਵਿਚ ਕਿਹਾ, ‘‘ਕੁਝ ਹੀ ਸਮਾਂ ਪਹਿਲਾਂ ਇਜ਼ਰਾਈਲ ਨੇ ‘ਅਪਰੇਸ਼ਨ ਰਾਈਜ਼ਿੰਗ ਲਾਇਨ’ ਸ਼ੁਰੂ ਕੀਤਾ ਹੈ ਜੋ ਇਜ਼ਰਾਈਲ ਦੀ ਹੋਂਦ ਲਈ ਇਰਾਨੀ ਖਤਰੇ ਨੂੰ ਖ਼ਤਮ ਕਰਨ ਵਾਸਤੇ ਇਕ ਸੋਚਿਆ ਸਮਝਿਆ ਫੌਜੀ ਅਪਰੇਸ਼ਨ ਹੈ। ਖ਼ਤਰਾ ਖ਼ਤਮ ਹੋਣ ਤੱਕ ਇਹ ਅਪਰੇਸ਼ਨ ਜਾਰੀ ਰਹੇਗਾ।’’ -ਪੀਟੀਆਈ

ਭਾਰਤੀਆਂ ਨੂੰ ਯਾਤਰਾ ਤੋਂ ਬਚਣ ਦੀ ਸਲਾਹ

ਇਜ਼ਰਾਈਲ ਸਥਿਤ ਭਾਰਤੀ ਸਫ਼ਾਰਤਖਾਨੇ ਨੇ ਇਜ਼ਰਾਈਲ ਵਿਚ ਮੌਜੂਦ ਭਾਰਤੀ ਨਾਗਰਿਕਾਂ ਨੂੰ ਚੌਕਸੀ ਵਰਤਣ ਤੇ ਬੇਲੋੜੀ ਯਾਤਰਾ ਤੋਂ ਬਚਣ ਦੀ ਸਲਾਹ ਦਿੱਤੀ ਹੈ। ਇਜ਼ਰਾਈਲ ਵੱਲੋਂ ਇਰਾਨ ਵਿਰੁੱਧ ਜੰਗੀ ਮੁਹਿੰਮ ਸ਼ੁਰੂ ਕਰਨ ਦਾ ਐਲਾਨ ਕੀਤੇ ਜਾਣ ਤੋਂ ਤੁਰੰਤ ਬਾਅਦ ਭਾਰਤੀ ਅੰਬੈਸੀ ਨੇ ‘ਐਕਸ’ ਉੱਤੇ ਇੱਕ ਪੋਸਟ ਵਿੱਚ ਕਿਹਾ, ‘‘ਖੇਤਰ ਦੀ ਮੌਜੂਦਾ ਸਥਿਤੀ ਦੇ ਮੱਦੇਨਜ਼ਰ, ਇਜ਼ਰਾਈਲ ਵਿੱਚ ਸਾਰੇ ਭਾਰਤੀ ਨਾਗਰਿਕਾਂ ਨੂੰ ਚੌਕਸ ਰਹਿਣ ਅਤੇ ਸੁਰੱਖਿਆ ਪ੍ਰੋਟੋਕੋਲ ਦੀ ਪਾਲਣਾ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।’’

ਨੇਤਨਯਾਹੂ ਨੇ ਪ੍ਰਧਾਨ ਮੰਤਰੀ ਮੋਦੀ ਸਣੇ ਆਲਮੀ ਆਗੂਆਂ ਨਾਲ ਗੱਲ ਕੀਤੀ

ਯਰੂਸ਼ਲਮ: ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਇਰਾਨ ’ਤੇ ਕੀਤੇ ਹਮਲਿਆਂ ਲਈ ਕੌਮਾਂਤਰੀ ਹਮਾਇਤ ਹਾਸਲ ਕਰਨ ਦੀਆਂ ਕੂਟਨੀਤਕ ਕੋਸ਼ਿਸ਼ਾਂ ਤਹਿਤ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਕਈ ਆਲਮੀ ਆਗੂਆਂ ਨਾਲ ਗੱਲ ਕੀਤੀ ਹੈ। ਇਜ਼ਰਾਇਲੀ ਪ੍ਰਧਾਨ ਮੰਤਰੀ ਦੇ ਦਫ਼ਤਰ ਵੱਲੋਂ ਜਾਰੀ ਬਿਆਨ ’ਚ ਕਿਹਾ ਗਿਆ ਹੈ ਕਿ ਲੰਘੀ ਰਾਤ ਤੋਂ ਹੁਣ ਤੱਕ ਨੇਤਨਯਾਹੂ ਨੇ ਜਰਮਨੀ ਦੇ ਚਾਂਸਲਰ ਫਰੈਡਰਿਕ ਮਰਜ਼, ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੌਂ ਸਮੇਤ ਕਈ ਆਲਮੀ ਆਗੂਆਂ ਨਾਲ ਗੱਲ ਕੀਤੀ ਹੈ। ਇਸ ’ਚ ਕਿਹਾ ਗਿਆ ਹੈ ਕਿ ਉਹ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ, ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਤੇ ਬਰਤਾਨੀਆ ਦੇ ਪ੍ਰਧਾਨ ਮੰਤਰੀ ਕੀਰ ਸਟਾਰਮਰ ਨਾਲ ਵੀ ਗੱਲ ਕਰਨਗੇ। ਭਾਰਤ ਨੇ ਕਿਹਾ ਕਿ ਉਹ ਇਰਾਨ ਤੇ ਇਜ਼ਰਾਈਲ ਵਿਚਾਲੇ ਬਣੇ ਹਾਲਾਤ ਤੋਂ ਬਹੁਤ ਫਿਕਰਮੰਦ ਹੈ ਤੇ ਉਹ ਸਥਿਤੀ ’ਤੇ ਨੇੜਿਓਂ ਨਜ਼ਰ ਰੱਖ ਰਿਹਾ ਹੈ। -ਪੀਟੀਆਈ

Advertisement