ਧਰਮਸੋਤ ਵੱਲੋਂ ਵਾਤਾਵਰਨ ਪਾਰਕ ਦਾ ਉਦਘਾਟਨ
ਜੈਸਮੀਨ ਭਾਰਦਵਾਜ
ਨਾਭਾ,18 ਅਗਸਤ
ਇਥੇ ਦੇ ਹਾਥੀਖ਼ਾਨਾ ਮੁਹੱਲੇ ਵਿਚ ਜੰਗਲਾਤ ਵਿਭਾਗ ਦੀ ਦੋ ਏਕੜ ਜ਼ਮੀਨ ਵਿਚ ਵਾਤਾਵਰਨ ਪਾਰਕ ਬਣਾਇਆ ਜਾਣਾ ਹੈ ਜਿਸਦਾ ਉਦਘਾਟਨ ਅੱਜ ਪੰਜਾਬ ਦੇ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਕੀਤਾ। 26 ਲੱਖ ਦੀ ਲਾਗਤ ਨਾਲ ਤਿਆਰ ਹੋਣ ਵਾਲੇ ਇਸ ਪਾਰਕ ਨਾਲ ਨਾਭਾ ਦੇ ਤਿੰਨ ਵਾਰਡਾਂ ਦੇ ਨਿਵਾਸੀਆਂ ਨੂੰ ਲਾਭ ਹੋਣ ਦਾ ਦਾਅਵਾ ਕਰਦਿਆਂ ਧਰਮਸੋਤ ਨੇ ਦੱਸਿਆ ਨੇ ਪੰਜਾਬ ਸਰਕਾਰ ਵੱਲੋ ਇਹ ਪਾਰਕ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੈ। ਇਸ ਵਿਚ ਹਰ ਕਿਸਮ ਦੇ ਬੂਟੇ ਲਗਾ ਕੇ ਇਸਨੂੰ ਵਿਕਸਿਤ ਕੀਤਾ ਜਾਵੇਗਾ।ਇਸ ਤੋਂ ਇਲਾਵਾ ਅੱਜ ਸਾਧੂ ਸਿੰਘ ਧਰਮਸੋਤ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ 16 ਵਿਦਿਆਰਥੀਆਂ ਨੂੰ ਮੋਬਾਈਲ ਫੋਨ ਵੀ ਵੰਡੇ। ਉਨ੍ਹਾਂ ਦੱਸਿਆ ਕਿ ਪਟਿਆਲਾ ਜ਼ਿਲ੍ਹੇ ਦੇ 12ਵੀਂ ਜਮਾਤ ਦੇ 13962 ਵਿਦਿਆਰਥੀਆਂ ਨੂੰ ਸਮਾਰਟ ਫੋਨ ਵੰਡੇ ਜਾਣਗੇ। ਇਸ ਤੋਂ ਪਹਿਲਾਂ ਦੋਵੇਂ ਸਕੂਲਾਂ ਦੇ ਪ੍ਰਿੰਸੀਪਲਾਂ ਡਾ. ਨਰਿੰਦਰ ਸਿੰਘ ਅਤੇ ਰਮਨਦੀਪ ਸਿੰਘ ਨੇ ਕੈਬਨਿਟ ਮੰਤਰੀ ਦਾ ਸਵਾਗਤ ਕੀਤਾ ਅਤੇ ਸਕੂਲ ਦੀਆਂ ਪ੍ਰਾਪਤੀਆਂ ਤੋਂ ਜਾਣੂ ਕਰਵਾਇਆ।