ਜ਼ਿਲ੍ਹਾ ਨਸ਼ਾ ਮੁਕਤੀ ਤੇ ਪੁਨਰਵਾਸ ਸੁਸਾਇਟੀ ਦੀ ਮੀਟਿੰਗ
ਖੇਤਰੀ ਪ੍ਰਤੀਨਿਧ
ਪਟਿਆਲਾ, 6 ਮਈ
ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਕਿਹਾ ਕਿ ਨਸ਼ਿਆਂ ਦੀ ਸਪਲਾਈ ਚੇਨ ਟੁੱਟਣ ਮਗਰੋਂ ਨਸ਼ੇ ਦੇ ਆਦੀਆਂ ਦੀ ਇਲਾਜ ਕਰਵਾਉਣ ਲਈ ਵਧਣ ਵਾਲੀ ਗਿਣਤੀ ਮੁਤਾਬਕ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਤਿਆਰੀਆਂ ਮੁਕੰਮਲ ਹਨ। ਅੱਜ ਇੱਥੇ ਜ਼ਿਲ੍ਹਾ ਨਸ਼ਾ ਮੁਕਤੀ ਤੇ ਪੁਨਰਵਾਸ ਸੁਸਾਇਟੀ ਦੀ ਬੈਠਕ ਦੀ ਪ੍ਰਧਾਨਗੀ ਕਰਦਿਆਂ ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ ਸਾਰੇ ਨਸ਼ਾ ਮੁਕਤੀ ਕੇਂਦਰਾਂ ਨੂੰ ਹੁਨਰ ਵਿਕਾਸ ਦੇ ਕੇਂਦਰਾਂ ਵਜੋਂ ਵੀ ਵਿਕਸਤ ਕੀਤਾ ਜਾ ਰਿਹਾ ਹੈ। ਇਸ ਮੌਕੇ ਐੱਸਐੱਸਪੀ ਵਰੁਣ ਸ਼ਰਮਾ ਨੇ ਕਿਹਾ ਕਿ ਪਟਿਆਲਾ ਪੁਲੀਸ ਨਸ਼ਾ ਤਸਕਰਾਂ ਦਾ ਖੁਰਾ ਖੋਜ ਮਿਟਾਉਣ ਲਈ ਪੂਰੀ ਤਰ੍ਹਾਂ ਤਿਆਰ ਹੈ ਤੇ ਪੁਲੀਸ ਵੱਲੋਂ ਸਪਲਾਈ ਚੇਨ ਤੋੜੇ ਜਾਣ ਕਰਕੇ ਨਸ਼ਾ ਮੁਕਤੀ ਲਈ ਵੱਧ ਲੋਕ ਅੱਗੇ ਆਉਣਗੇ। ਉਨ੍ਹਾਂ ਕਿਹਾ ਕਿ ਨਸ਼ਿਆਂ ਦੇ ਖਾਤਮੇ ਲਈ ਵਿੱਢੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ 7 ਮਈ ਤੋਂ ਕੱਢੀ ਜਾ ਰਹੀ ਨਸ਼ਾ ਮੁਕਤੀ ਯਾਤਰਾ ਹਰ ਪਿੰਡ ਤੱਕ ਲਿਜਾਈ ਜਾਵੇਗੀ। ਡਾ. ਪ੍ਰੀਤੀ ਯਾਦਵ ਨੇ ਜ਼ਿਲ੍ਹੇ ਦੇ ਤਿੰਨ ਸਰਕਾਰੀ ਮਾਡਲ ਨਸ਼ਾ ਮੁਕਤੀ ਕੇਂਦਰਾਂ, ਸਾਕੇਤ ਹਸਪਤਾਲ, ਮਾਡਲ ਡੀ ਐਡਿਕਸ਼ਨ ਸੈਂਟਰ ਰਾਜਿੰਦਰਾ ਹਸਪਤਾਲ ਤੇ ਸਿਵਲ ਹਸਪਤਾਲ ਰਾਜਪੁਰਾ, 7 ਪ੍ਰਾਈਵੇਟ ਨਸ਼ਾ ਮੁਕਤੀ ਕੇਂਦਰਾਂ ਸਮੇਤ ਰੈੱਡ ਕਰਾਸ ਦੇ ਸਾਕੇਤ ਪੁਨਰਵਾਸ ਕੇਂਦਰ, 9 ਪ੍ਰਾਈਵੇਟ ਪੁਨਰਵਾਸ ਕੇਂਦਰਾਂ ਅਤੇ 32 ਓਟ ਕਲੀਨਿਕਾਂ ਦੀ ਕਾਰਗੁਜ਼ਾਰੀ ਦਾ ਵੀ ਮੁਲਾਂਕਣ ਕੀਤਾ। ਇਸ ਮੌਕੇ ਏਡੀਸੀ ਈਸ਼ਾ ਸਿੰਗਲ, ਐੱਸਪੀ ਵੈਭਵ ਚੌਧਰੀ ਤੇ ਸਿਵਲ ਸਰਜਨ ਡਾ. ਜਗਪਾਲਇੰਦਰ ਸਿੰਘ ਆਦਿ ਹਾਜ਼ਰ ਸਨ।