ਫ਼ਾਜ਼ਿਲਕਾ ਦੇ ਪਿੰਡਾਂ ’ਚ ਕਿਸਾਨਾਂ ਨੇ ਫੂਕੀਆਂ ਕੇਂਦਰ ਸਰਕਾਰ ਦੀਆਂ ਅਰਥੀਆਂ
ਪਰਮਜੀਤ ਸਿੰਘ
ਫਾਜ਼ਿਲਕਾ, 25 ਜੁਲਾਈ
ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ਸੂਬਾ ਦੇ ਸੱਦੇ ‘ਤੇ ਜ਼ਿਲ੍ਹਾ ਮੀਤ ਪ੍ਰਧਾਨ ਮੇਜਰ ਸਿੰਘ ਚੱਕ ਸੈਦੋਕੇ ਦੀ ਅਗਵਾਈ ‘ਚ ਮੋਲਵੀ ਵਾਲਾ, ਚੱਕ ਪਾਲੀ ਵਾਲਾ ਅਤੇ ਰੋਹੀ ਵਾਲਾ ਪਿੰਡਾਂ ‘ਚ ਕੇਂਦਰ ਸਰਕਾਰ ਦੀਆਂ ਅਰਥੀਆਂ ਫੂਕੀਆਂ ਗਈਆਂ। ਇਸ ਮੌਕੇ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕਰਦਿਆਂ ਆਗੂਆਂ ਅਤੇ ਬੁਲਾਰਿਆਂ ਨੇ ਕਿਹਾ ਕਿ ਕੇਂਦਰ ‘ਚ ਰਾਜ ਕਰ ਰਹੀ ਭਾਜਪਾ ਦੀ ਸਰਕਾਰ ਵੱਲੋਂ 5 ਜੂਨ ਨੂੰ ਖੇਤੀ ਨਾਲ ਸਬੰਧਤ ਜਾਰੀ ਤਿੰਨ ਆਰਡੀਨੈਂਸਾਂ ਦਾ ਮਕਸਦ ਖੁੱਲ੍ਹੀ ਮੰਡੀ ਦੇ ਨਾਂ ‘ਤੇ ਸਰਕਾਰੀ ਖਰੀਦ ਦਾ ਭੋਗ ਪਾਉਣਾ ਅਤੇ ਵੱਡੀਆਂ ਕੰਪਨੀਆਂ ਨੂੰ ਖਰੀਦ ਦੀ ਖੁੱਲ੍ਹ ਦੇ ਕੇ ਕਿਸਾਨਾਂ-ਮਜ਼ਦੂਰਾਂ ਦੀ ਲੁੱਟ ਕਰਵਾਉਣਾ ਹੈ। ਸਰਕਾਰ ਵੱਲੋਂ ਜਾਰੀ ਕੀਤੇ ਜਾ ਰਹੇ ਆਰਡੀਨੈਂਸਾਂ ਨੂੰ ਰੱਦ ਕਰਵਾਉਣ ਲਈ ਯੂਨੀਅਨ ਵੱਲੋਂ 13 ਭਰਾਤਰੀ ਜਥੇਬੰਦੀਆਂ ਨਾਲ ਮਿਲ ਕੇ ਸੂਬਾ ਕਮੇਟੀ ਦੇ ਫ਼ੈਸਲੇ ਮੁਤਾਬਕ 26 ਜੁਲਾਈ ਤੱਕ ਪਿੰਡ ਪਿੰਡ ਕੇਂਦਰ ਸਰਕਾਰ ਦੀਆਂ ਅਰਥਿਆਂ ਫੂਕੀਆਂ ਜਾ ਰਹੀਆਂ ਹਨ। ਇਸ ਮੋਕੇ ਬਲਾਕ ਪ੍ਰਧਾਨ ਹਰਮੀਤ ਸਿੰਘ ਢਾਬਾਂ, ਸ਼ੇਰ ਸਿੰਘ ਚੱਕ ਸੈਦੋਕੇ, ਕਾਬਲ ਸਿੰਘ ਘਾਂਗਾ, ਬਲਵੰਤ ਸਿੰਘ ਖਾਲਸਾ, ਕਰਤਾਰ ਸਿੰਘ ਪੀਰੇਕੇ, ਸਾਵਨ ਸਿੰਘ ਢਾਬਾਂ, ਪਰਮਜੀਤ ਸਿੰਘ ਘਾਂਗਾ, ਚਰਨਜੀਤ ਸਿੰਘ ਢਾਬਾਂ, ਮੁਖਤਿਆਰ ਸਿੰਘ ਭੋਡੀਪੁਰ, ਜਗੀਰ ਚੰਦ ਭੋਡੀਪੁਰ, ਬਾਜ ਸਿੰਘ ਘਾਂਗਾ, ਕਾਬਲ ਸਿੰਘ, ਹਰਦੀਪ ਸਿੰਘ ਚੱਕ ਸੈਦੋਕੇ ਨੇ ਸੰਬੋਧਨ ਕੀਤਾ।