ਜੰਗ ਦੇ ਬਾਵਜੂਦ ਸਰਹੱਦ ’ਤੇ ਹਥਿਆਰਾਂ ਦੀ ਤਸਕਰੀ ਜਾਰੀ
ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 10 ਮਈ
ਭਾਰਤ ਅਤੇ ਪਾਕਿਸਤਾਨ ਵਿਚਾਲੇ ਭਾਵੇਂ ਜੰਗ ਚੱਲ ਰਹੀ ਸੀ ਪਰ ਇਸ ਦੌਰਾਨ ਸਰਹੱਦ ’ਤੇ ਹਥਿਆਰਾਂ ਦੀ ਤਸਕਰੀ ਦਾ ਕੰਮ ਵੀ ਜਾਰੀ ਰਿਹਾ। ਅੱਜ ਬੀਐੱਸਐੱਫ ਅਤੇ ਪੰਜਾਬ ਪੁਲੀਸ ਨੇ ਸਾਂਝੇ ਆਪਰੇਸ਼ਨ ਦੌਰਾਨ ਸਰਹੱਦ ਤੋਂ ਵੱਡੀ ਮਾਤਰਾ ਵਿੱਚ ਹਥਿਆਰ ਬਰਾਮਦ ਕੀਤੇ। ਇਨ੍ਹਾਂ ਵਿੱਚ ਪਿਸਤੌਲ ਅਤੇ ਹੋਰ ਅਸਲਾ ਬਰੂਦ ਵੀ ਸ਼ਾਮਲ ਹੈ। ਬੀਐੱਸਐੱਫ ਅਧਿਕਾਰੀ ਨੇ ਦੱਸਿਆ ਕਿ ਅੱਜ ਬੀਐੱਸਐੱਫ ਦੇ ਇੰਟੈਲੀਜੈਂਸ ਵਿੰਗ ਦੀ ਖੁਫੀਆ ਸੂਚਨਾ ਦੇ ਆਧਾਰ ’ਤੇ ਬੀਐੱਸਐੱਫ ਨੇ ਪੰਜਾਬ ਪੁਲੀਸ ਦੇ ਸਹਿਯੋਗ ਨਾਲ ਜ਼ਿਲ੍ਹਾ ਅੰਮ੍ਰਿਤਸਰ ਦੇ ਸਰਹੱਦੀ ਖੇਤਰ ਵਿੱਚ ਸਾਂਝਾ ਜਾਂਚ ਆਪਰੇਸ਼ਨ ਕੀਤਾ ਅਤੇ ਦੁਪਹਿਰ ਵੇਲੇ ਇਸ ਮਾਮਲੇ ਵਿੱਚ ਵੱਡੀ ਸਫ਼ਲਤਾ ਹਾਸਲ ਕੀਤੀ। ਉਨ੍ਹਾਂ ਦੱਸਿਆ ਕਿ ਅੰਮ੍ਰਿਤਸਰ ਜ਼ਿਲ੍ਹੇ ਦੇ ਸਰਹੱਦੀ ਪਿੰਡ ਸ਼ੇਖ ਭੱਟੀ ਦੇ ਖੇਤਾਂ ਵਿੱਚੋਂ ਵੱਡਾ ਪੈਕੇਟ ਬਰਾਮਦ ਹੋਇਆ। ਇਸ ਵਿੱਚੋਂ 2.7 ਕਿੱਲੋ ਉੱਚ ਦਰਜੇ ਦਾ ਵਿਸਫੋਟਕ, ਦੋ ਹੈਂਡ ਗ੍ਰਨੇਡ, ਦੋ ਪਿਸਤੌਲ, ਚਾਰ ਮੈਗਜ਼ੀਨ, 30 ਗੋਲੀਆਂ, ਦੋ ਡੈਟੋਨੇਟਰ ਅਤੇ ਆਈਈਡੀ ਸਰਕਟ ਬਰਾਮਦ ਹੋਇਆ। ਪੈਕੇਟ ਨੂੰ ਪੀਲੇ ਰੰਗ ਦੀ ਟੇਪ ਨਾਲ ਮੁਕੰਮਲ ਤੌਰ ’ਤੇ ਬੰਦ ਕੀਤਾ ਹੋਇਆ ਸੀ। ਇਹ ਪੈਕੇਟ ਇੱਥੇ ਤਾਰ ਨਾਲ ਲਟਕਿਆ ਹੋਇਆ ਸੀ। ਇਸ ਨੂੰ ਡਰੋਨ ਰਾਹੀਂ ਇਥੇ ਪਿੰਡ ਦੇ ਖੇਤਾਂ ਵਿੱਚ ਸੁੱਟਿਆ ਗਿਆ। ਉਨ੍ਹਾਂ ਕਿਹਾ ਕਿ ਮਿਲੀ ਸੂਚਨਾ ਦੇ ਆਧਾਰ ’ਤੇ ਕੀਤੀ ਕਾਰਵਾਈ ਕਾਰਨ ਬੀਐੱਸਐੱਫ ਅਤੇ ਪੰਜਾਬ ਪੁਲੀਸ ਨੇ ਸਾਂਝੇ ਆਪਰੇਸ਼ਨ ਦੌਰਾਨ ਸਰਹੱਦ ਪਾਰੋਂ ਹਥਿਆਰਾਂ ਦੀ ਤਸਕਰੀ ਦਾ ਇਹ ਯਤਨ ਅਸਫ਼ਲ ਬਣਾ ਦਿੱਤਾ। ਉਨ੍ਹਾਂ ਕਿਹਾ ਕਿ ਭਾਵੇਂ ਸਰਹੱਦ ’ਤੇ ਸਖ਼ਤ ਸੁਰੱਖਿਆ ਪ੍ਰਬੰਧ ਹਨ ਪਰ ਫੇਰ ਵੀ ਹਥਿਆਰਾਂ ਦੀ ਤਸਕਰੀ ਦੇ ਅਜਿਹੇ ਯਤਨ ਲਗਾਤਾਰ ਕੀਤੇ ਜਾ ਰਹੇ ਹਨ।