Drone Pakoras: ਜੰਗਬੰਦੀ ਦਰਮਿਆਨ ‘ਡਰੋਨ ਪਕੌੜੇ’ ਸੁਰਖੀਆਂ ਵਿਚ
ਚੰਡੀਗੜ੍ਹ, 11 ਮਈ
Drone Pakoras: ਭਾਰਤ ਤੇ ਪਾਕਿਸਤਾਨ ਵਿਚ ਤਣਾਅ ਦਰਮਿਆਨ ਜਿੱਥੇ ਇਕ ਪਾਸੇ ਡਰੋਨ ਹਮਲਿਆਂ ਦੀ ਚਰਚਾ ਜ਼ੋਰਾਂ ਉੱਤੇ ਹੈ, ਉਥੇ ਦੂਜੇ ਪਾਸੇ ਸੋਸ਼ਲ ਮੀਡੀਆ ’ਤੇ ਡਰੋਨ ਪਕੌੜੇ ਸੁਰਖੀਆਂ ਵਿਚ ਹਨ। ਇਹ ਮਜ਼ੇਦਾਰ ਤੇ ਨਿਵੇਕਲੀ ਪਹਿਲ ਸੇਵਾਮੁਕਤ ਲੈਫਟੀਨੈਂਟ ਜਨਰਲ ਕੇਜੇਐੱਸ ਢਿੱਲੋਂ ਵੱਲੋਂ ਕੀਤੀ ਗਈ ਹੈ, ਜਿਨ੍ਹਾਂ ਆਪਣੇ ਐਕਸ ਖਾਤੇ ਉੱਤੇ ਡਰੋਨ ਦੇ ਆਕਾਰ ਵਾਲੇ ਪਕੌੜਿਆਂ ਦੀ ਤਸਵੀਰ ਸਾਂਝੀ ਕੀਤੀ ਹੈ।
ਜਨਰਲ ਢਿੱਲੋਂ ਨੇ ਫੋਟੋ ਨਾਲ ਲਿਖਿਆ, ਡਰੋਨ ਪਕੌੜੇ...ਏਅਰ ਡਿਫੈਂਸ ਰੈਜੀਮੈਂਟ ਵਿਚ ਨਵਾਂ ਨਾਸ਼ਤਾ। ਜੈ ਹਿੰਦ।’’ ਉਨ੍ਹਾਂ ਦੀ ਇਹ ਰਚਨਾਤਮਕ ਤੇ ਦੇਸ਼ ਭਗਤੀ ਦੇ ਜਜ਼ਬੇ ਨਾਲ ਲਬਰੇਜ਼ ਪੋਸਟ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਈ। ਤਸਵੀਰ ਵਿਚ ਪਕੌੜੇ ਬਿਲਕੁਲ ਡਰੋਨ ਜਿਹੇ ਆਕਾਰ ਦੇ ਨਜ਼ਰ ਆ ਰਹੇ ਹਨ, ਜੋ ਆਮ ਪਕੌੜਿਆਂ ਨਾਲੋਂ ਬਿਲਕੁਲ ਵੱਖਰੇ ਹਨ।
ਇਸ ਮਜ਼ੇਦਾਰ ਪਹਿਲ ਉੱਤੇ ਸਾਬਕਾ ਆਈਪੀਐੱਸ ਅਧਿਕਾਰੀ ਗੁਰਿੰਦਰ ਢਿੱਲੋਂ ਨੇ ਵੀ ਟਿੱਪਣੀ ਕੀਤੀ ਹੈ। ਉਨ੍ਹਾਂ ਲਿਖਿਆ, ‘‘ਸਾਰੇ ਪੰਜਾਬੀ ਭਰਾਵਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ‘ਡਰੋਨ ਪਕੌੜੇ’ ਖਾਣੇ ਸ਼ੁਰੂ ਕਰਨ, ਜੋ ਇਕ Turkish-Chinese ਡਿਸ਼ ਹੈ, ਤਾਂ ਕਿ ਭਾਰਤੀ ਹਵਾਈ ਰੈਜੀਮੈਂਟ ਨੂੰ ਪੂਰੀ ਹਮਾਇਤ ਦਿੱਤੀ ਜਾ ਸਕੇ। ਸਾਨੂੰ ਆਪਣੀ ਏਅਰ ਡਿਫੈਂਸ ਫੋਰਸਿਜ਼ ’ਤੇ ਮਾਣ ਹੈ।’’ ਜਦੋਂ ਕਿ ਇੱਕ ਹੋਰ ਯੂਜ਼ਰ ਰਾਜ ਸ਼ੁਕਲਾ ਨੇ ਮਜ਼ਾਕ ਵਿੱਚ ਲਿਖਿਆ, ‘‘ਇੰਡੀਅਨ ਏਅਰ ਡਿਫੈਂਸ ਰੈਜੀਮੈਂਟ ਨੂੰ ਤੁਰੰਤ ‘ਡਰੋਨ ਪਕੌੜਾ’ ਪੇਟੈਂਟ ਕਰਾਉਣਾ ਚਾਹੀਦਾ ਹੈ, ਇਸ ਤੋਂ ਪਹਿਲਾਂ ਕਿ ਕੋਈ ਚਲਾਕ ਕਾਰੋਬਾਰੀ ਇਸ ਨੂੰ ਹੜੱਪ ਲਵੇ!’’