ਸ਼ੁਭਾਂਸ਼ੂ ਦਾ ਕੌਮਾਂਤਰੀ ਪੁਲਾੜ ਸਟੇਸ਼ਨ ਮਿਸ਼ਨ ਟਲਿਆ
ਨਵੀਂ ਦਿੱਲੀ, 11 ਜੂਨ
‘ਸਪੇਸਐਕਸ’ ਦੇ ‘ਫਾਲਕਨ-9’ ਰਾਕੇਟ ’ਚ ਲੀਕ ਦੀ ਮੁਰੰਮਤ ਕਾਰਨ ਭਾਰਤੀ ਪੁਲਾੜ ਯਾਤਰੀ ਸ਼ੁਭਾਂਸ਼ੂ ਸ਼ੁਕਲਾ ਅਤੇ ਤਿੰਨ ਹੋਰਾਂ ਨੂੰ ਲੈ ਕੇ ਮੰਗਲਵਾਰ ਨੂੰ ਕੌਮਾਂਤਰੀ ਪੁਲਾੜ ਸਟੇਸ਼ਨ ਜਾਣ ਵਾਲੇ ‘ਐਕਸੀਓਮ-4 ਮਿਸ਼ਨ’ ਨੂੰ ਹਾਲ ਦੀ ਘੜੀ ਟਾਲ ਦਿੱਤਾ ਗਿਆ ਹੈ। ਸਪੇਸਐਕਸ ਨੇ ‘ਐਕਸ’ ’ਤੇ ਪੋਸਟ ’ਚ ਕਿਹਾ, ‘‘ਪੋਸਟ ਸਟੈਟਿਕ ਬੂਸਟਰ ਦੀ ਜਾਂਚ ਦੌਰਾਨ ਤਰਲ ਆਕਸੀਜਨ ਦੇ ਰਿਸਾਅ ਦਾ ਪਤਾ ਲੱਗਣ ਮਗਰੋਂ ਉਸ ਦੀ ਮੁਰੰਮਤ ਦੀ ਲੋੜ ਸੀ ਜਿਸ ਕਾਰਨ ‘ਐਕਸੀਓਮ-4 ਮਿਸ਼ਨ ਦੇ ‘ਫਾਲਕਨ-9’ ਨੂੰ ਦਾਗ਼ਣ ਦਾ ਪ੍ਰੋਗਰਾਮ ਫਿਲਹਾਲ ਰੋਕ ਦਿੱਤਾ ਗਿਆ ਹੈ।’’ ਸਪੇਸਐਕਸ ਨੇ ਕਿਹਾ ਕਿ ਮੁਰੰਮਤ ਦਾ ਕੰਮ ਪੂਰਾ ਹੋ ਜਾਣ ਮਗਰੋਂ ਲਾਂਚਿੰਗ ਦੀ ਉਹ ਨਵੀਂ ਤਰੀਕ ਸਾਂਝੀ ਕਰਨਗੇ। ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੇ ਚੇਅਰਮੈਨ ਵੀ. ਨਾਰਾਇਣਨ ਨੇ ਕਿਹਾ ਕਿ ਲਾਂਚ ਪੈਡ ’ਤੇ ਸੱਤ ਸਕਿੰਟ ਦੇ ‘ਹੌਟ ਟੈਸਟ’ ਦੌਰਾਨ ਰਾਕੇਟ ਦੇ ਪ੍ਰੋਪਲਸ਼ਨ ਬੇਅ ’ਚ ਤਰਲ ਆਕਸੀਜਨ ਲੀਕ ਦਾ ਪਤਾ ਲੱਗਿਆ। ਉਨ੍ਹਾਂ ਕਿਹਾ ਕਿ ਇਸਰੋ ਦੀ ਟੀਮ ਨੇ ਐਕਸੀਓਮ ਅਤੇ ਸਪੇਸਐਕਸ ਦੇ ਮਾਹਿਰਾਂ ਨਾਲ ਚਰਚਾ ਕੀਤੀ ਅਤੇ ਇਹ ਫ਼ੈਸਲਾ ਲਿਆ ਗਿਆ ਕਿ ਲੀਕ ਨੂੰ ਠੀਕ ਕੀਤਾ ਜਾਵੇਗਾ ਅਤੇ ਲਾਂਚ ਦੀ ਮਨਜ਼ੂਰੀ ਦੇਣ ਤੋਂ ਪਹਿਲਾਂ ਲੋੜੀਂਦੇ ਢੁੱਕਵੇਂ ਟੈਸਟ ਕੀਤੇ ਜਾਣਗੇ। ਜ਼ਿਕਰਯੋਗ ਹੈ ਕਿ ਐਕਸੀਓਮ-4 ਮਿਸ਼ਨ 29 ਮਈ ਨੂੰ ਲਾਂਚ ਹੋਣਾ ਸੀ ਪਰ ਉਸ ਸਮੇਂ ਤੋਂ ਲੈ ਕੇ ਹੁਣ ਤੱਕ ਇਹ ਲਗਾਤਾਰ ਮੁਲਤਵੀ ਹੁੰਦਾ ਆ ਰਿਹਾ ਹੈ। 10 ਜੂਨ ਨੂੰ ਖ਼ਰਾਬ ਮੌਸਮ ਕਾਰਨ ਇਸ ਨੂੰ ਇੱਕ ਦਿਨ ਲਈ ਮੁਲਤਵੀ ਕਰ ਦਿੱਤਾ ਗਿਆ ਸੀ। ਇਹ 14 ਦਿਨਾਂ ਦਾ ਮਿਸ਼ਨ ਹੈ, ਜਿਸ ਰਾਹੀਂ ਭਾਰਤ, ਪੋਲੈਂਡ ਅਤੇ ਹੰਗਰੀ ਵੱਲੋਂ ਪੁਲਾੜ ਯਾਤਰੀ ਭੇਜੇ ਜਾਣਗੇ। -ਪੀਟੀਆਈ