ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪੰਜਾਬ ’ਚ ਅੱਜ ਤੇ ਭਲਕ ਲਈ ਰੈੱਡ ਅਲਰਟ

04:14 AM Jun 12, 2025 IST
featuredImage featuredImage
ਬਠਿੰਡਾ ਵਿੱਚ ਲੂ ਤੇ ਧੁੱਪ ਤੋਂ ਬਚਣ ਲਈ ਸਾਈਕਲ ਰੇਹੜੀ ਚਾਲਕ ਆਪਣੇ ਸਿਰ ’ਤੇ ਪਾਣੀ ਪਾਉਂਦਾ ਹੋਇਆ। -ਫੋਟੋ: ਪਵਨ ਸ਼ਰਮਾ

ਆਤਿਸ਼ ਗੁਪਤਾ
ਚੰਡੀਗੜ੍ਹ, 11 ਜੂਨ
ਪੰਜਾਬ ਅਤੇ ਹਰਿਆਣਾ ਸਣੇ ਪੂਰੇ ਉੱਤਰੀ ਭਾਰਤ ਵਿੱਚ ਜੇਠ ਮਹੀਨੇ ਦੇ ਅਖੀਰ ਵਿੱਚ ਗਰਮੀ ਨੇ ਵੱਟ ਕੱਢ ਦਿੱਤੇ ਹਨ। ਲੂ ਚੱਲਣ ਕਰਕੇ ਲੋਕਾਂ ਦਾ ਘਰੋਂ ਬਾਹਰ ਨਿਕਲਣਾ ਮੁਸ਼ਕਲ ਹੋ ਗਿਆ ਹੈ। ਅੱਜ ਪੰਜਾਬ ਵਿੱਚ ਤਾਪਮਾਨ ਆਮ ਨਾਲੋਂ 6 ਡਿਗਰੀ ਸੈਲਸੀਅਸ ਵੱਧ ਦਰਜ ਕੀਤਾ ਗਿਆ। ਪੰਜਾਬੀਆਂ ਨੂੰ ਅਗਲੇ ਤਿੰਨ ਦਿਨ ਵੀ ਗਰਮੀ ਤੋਂ ਰਾਹਤ ਨਹੀਂ ਮਿਲਣ ਵਾਲੀ, ਸਗੋਂ ਤਾਪਮਾਨ ਹੋਰ ਵਧਦਾ ਜਾਵੇਗਾ। ਇਸ ਲਈ ਮੌਸਮ ਵਿਭਾਗ ਨੇ 12 ਤੇ 13 ਜੂਨ ਲਈ ਰੈੱਡ ਅਲਰਟ ਅਤੇ 14 ਜੂਨ ਲਈ ਓਰੇਂਜ ਅਲਰਟ ਜਾਰੀ ਕੀਤਾ ਹੈ। ਮੌਸਮ ਵਿਭਾਗ ਅਨੁਸਾਰ ਇਸ ਦੌਰਾਨ ਲੂ ਚੱਲੇਗੀ ਅਤੇ ਤਾਪਮਾਨ 46 ਤੋਂ 47 ਡਿਗਰੀ ਸੈਲਸੀਅਸ ਦੇ ਵਿਚਕਾਰ ਦਰਜ ਕੀਤਾ ਜਾਵੇਗਾ। ਉੱਧਰ ਗਰਮੀ ਵਧਣ ਦੇ ਨਾਲ ਹੀ ਸੂਬੇ ਵਿੱਚ ਲਗਾਤਾਰ ਦੂਜੇ ਦਿਨ ਬਿਜਲੀ ਦੀ ਮੰਗ ਨੇ ਅੱਜ ਤੱਕ ਦੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਅੱਜ ਪੰਜਾਬ ਵਿੱਚ ਦੁਪਹਿਰ ਵੇਲੇ ਬਿਜਲੀ ਦੀ ਰਿਕਾਰਡ ਮੰਗ 16,836 ਮੈਗਾਵਾਟ ਦਰਜ ਕੀਤੀ ਗਈ, ਜਦਕਿ ਬੀਤੇ ਦਿਨ ਇਹ 16,249 ਮੈਗਾਵਾਟ ਸੀ। 16,836 ਮੈਗਾਵਾਟ ਅੱਜ ਤੱਕ ਦੀ ਸਭ ਤੋਂ ਵੱਧ ਮੰਗ ਹੈ। ਪਿਛਲੇ ਸਾਲ ਅੱਜ ਦੇ ਦਿਨ ਬਿਜਲੀ ਦੀ ਮੰਗ 13,761 ਮੈਗਾਵਾਟ ਦਰਜ ਕੀਤੀ ਗਈ ਸੀ, ਜਦਕਿ 11 ਜੂਨ 2023 ਨੂੰ ਇਹ 8,669 ਮੈਗਾਵਾਟ ਹੀ ਸੀ।
ਗਰਮੀ ਵਧਣ ਕਰਕੇ ਲੋਕਾਂ ਦੇ ਰੋਜ਼ਾਨਾ ਦੇ ਕੰਮਕਾਜ ’ਤੇ ਜਾਣਾ ਵੀ ਮੁਸ਼ਕਲ ਹੋ ਗਿਆ ਹੈ। ਵੱਡੀ ਗਿਣਤੀ ਵਿੱਚ ਕਿਸਾਨਾਂ ਨੇ ਗਰਮੀ ਵਧਣ ਕਰਕੇ ਝੋਨੇ ਦੀ ਲੁਆਈ ਤੈਅ ਸਮੇਂ ਨਾਲੋਂ ਕੁਝ ਦਿਨ ਦੇਰੀ ਨਾਲ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ। ਇਸ ਕਰਕੇ ਆਉਣ ਵਾਲੇ ਦਿਨਾਂ ਵਿੱਚ ਝੋਨੇ ਦੀ ਲੁਆਈ ਦੇ ਕੰਮ ਦੇ ਜ਼ੋਰ ਫੜਨ ਨਾਲ ਬਿਜਲੀ ਦੀ ਮੰਗ ਹੋਰ ਵਧ ਸਕਦੀ ਹੈ, ਜਿਸ ਕਰਕੇ ਆਉਣ ਵਾਲਾ ਸਮਾਂ ਬਿਜਲੀ ਵਿਭਾਗ ਲਈ ਹੋਰ ਮੁਸ਼ਕਲਾਂ ਖੜ੍ਹੀਆਂ ਕਰ ਸਕਦਾ ਹੈ।
ਗਰਮੀ ਵਧਣ ਕਰਕੇ ਸਬਜ਼ੀ ਦੀ ਖੇਤੀ ਕਰਨ ਵਾਲੇ ਕਿਸਾਨਾਂ ਦੀਆਂ ਮੁਸ਼ਕਲਾਂ ਵੀ ਵਧ ਗਈਆਂ ਹਨ। ਗਰਮੀ ਕਰਕੇ ਸਬਜ਼ੀਆਂ ਸੁੱਕ ਰਹੀਆਂ ਹਨ ਜਾਂ ਉਨ੍ਹਾਂ ਨੂੰ ਵਧੇਰੇ ਪਾਣੀ ਦੇਣ ਦੀ ਲੋੜ ਪੈ ਰਹੀ ਹੈ। ਇਸ ਦੇ ਨਾਲ ਹੀ ਦਿਹਾੜੀ ਕਰਕੇ ਆਪਣਾ ਗੁਜ਼ਰ ਬਸਰ ਕਰਨ ਵਾਲੇ ਲੋਕਾਂ ਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

Advertisement

ਪਟਿਆਲਾ: ਗਰਮੀ ਕਾਰਨ ਚਾਰ ਦਿਨਾ ’ਚ ਦੋ ਮੌਤਾਂ

ਪਟਿਆਲਾ (ਸਰਬਜੀਤ ਸਿੰਘ ਭੰਗੂ): ਗਰਮੀ ਕਾਰਨ ਚਾਰ ਦਿਨਾਂ ’ਚ ਇੱਥੇ ਦੋ ਮੌਤਾਂ ਹੋ ਗਈਆਂ ਹਨ। ਇਹ ਦੋਵੇਂ ਵਿਅਕਤੀ ਬੇਘਰੇ ਸਨ, ਜੋ ਇਥੋਂ ਦੇ ਇਤਿਹਾਸਕ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਤੋਂ ਲੰਗਰ ਛਕ ਕੇ ਜਾਂ ਮੰਗ ਕੇ ਆਪਣਾ ਢਿੱਡ ਭਰਨ ਮਗਰੋਂ ਗੁਰਦੁਆਰੇ ਦੇ ਨੇੜੇ ਹੀ ਸੜਕਾਂ ਕਿਨਾਰੇ ਦਿਨ ਕਟੀ ਕਰ ਰਹੇ ਸਨ। ਦੋਵਾਂ ਦੀਆਂ ਲਾਸ਼ਾਂ ਗੁਰਦੁਆਰੇ ਕੋਲ ਸਥਿਤ ਖੰਡਾ ਚੌਕ ’ਚੋਂ ਮਿਲੀਆਂ ਹਨ। ਥਾਣਾ ਅਨਾਜ ਮੰਡੀ ਦੇ ਐੱਸਐੱਚਓ ਜਸਵਿੰਦਰ ਸਿੰਘ ਨੇ ਦੱਸਿਆ ਕਿ ਅੱਜ ਪੁਲੀਸ ਨੂੰ ਇਤਲਾਹ ਮਿਲੀ ਸੀ ਕਿ ਖੰਡਾ ਚੌਕ ’ਚ ਅਣਪਛਾਤੇ ਵਿਅਕਤੀ ਦੀ ਲਾਸ਼ ਪਈ ਹੈ। ਪੁਲੀਸ ਨੇ ਸ਼ਨਾਖਤ ਲਈ ਇਹ ਲਾਸ਼ ਰਾਜਿੰਦਰਾ ਹਸਪਤਾਲ ਦੇ ਮੁਰਦਾਘਰ ’ਚ ਰਖਵਾ ਦਿੱਤੀ ਹੈ। ਉਨ੍ਹਾਂ ਮੰਨਿਆ ਕਿ ਇਹ ਮੌਤ ਗਰਮੀ ਕਾਰਨ ਹੀ ਹੋਈ ਹੈ। ਚਾਰ ਦਿਨ ਪਹਿਲਾਂ ਵੀ ਇਸੇ ਤਰ੍ਹਾਂ ਇਸ ਖੇਤਰ ’ਚ ਸੜਕ ਕਿਨਾਰੇ ਰਹਿੰਦੇ ਵਿਅਕਤੀ ਦੀ ਮੌਤ ਹੋ ਗਈ ਸੀ। ਇਸੇ ਤਰ੍ਹਾਂ ਦਸ ਦਿਨ ਪਹਿਲਾਂ ਆਪਣੇ ਪਰਿਵਾਰ ਨਾਲ ਇਥੇ ਗੁਰਦੁਆਰੇ ਮੱਥਾ ਟੇਕਣ ਆਏ ਬਜ਼ੁਰਗ ਦੀ ਗੁਰਦੁਆਰਾ ਕੰਪਲੈਕਸ ’ਚ ਚੱਕਰ ਆਉਣ ਮਗਰੋਂ ਮੌਤ ਹੋ ਗਈ ਸੀ।

ਅੰਮ੍ਰਿਤਸਰ ਤੇ ਬਠਿੰਡਾ ਵਿੱਚ ਤਾਪਮਾਨ 45.8 ਡਿਗਰੀ ਸੈਲਸੀਅਸ ਦਰਜ

ਪੰਜਾਬ ਵਿੱਚ ਅੱਜ ਅੰਮ੍ਰਿਤਸਰ ਤੇ ਬਠਿੰਡਾ ਸਭ ਤੋਂ ਗਰਮ ਸ਼ਹਿਰ ਰਹੇ, ਜਿੱਥੇ ਵੱਧ ਤੋਂ ਵੱਧ ਤਪਮਾਨ 45.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਹ ਆਮ ਨਾਲੋਂ 6.2 ਡਿਗਰੀ ਸੈਲਸੀਅਸ ਵੱਧ ਹੈ। ਇਸੇ ਤਰ੍ਹਾਂ ਸੂਬੇ ਦੇ ਇਕ ਦਰਜਨ ਦੇ ਕਰੀਬ ਸ਼ਹਿਰਾਂ ਦਾ ਤਾਪਮਾਨ 43 ਡਿਗਰੀ ਸੈਲਸੀਅਸ ਤੋਂ ਵੱਧ ਦਰਜ ਕੀਤਾ ਗਿਆ। ਲੁਧਿਆਣਾ ਵਿੱਚ ਤਾਪਮਾਨ 44 ਡਿਗਰੀ ਸੈਲਸੀਅਸ, ਪਟਿਆਲਾ ’ਚ 43.6, ਪਠਾਨਕੋਟ ’ਚ 43.4, ਫਰੀਦਕੋਟ ’ਚ 44, ਗੁਰਦਾਸਪੁਰ ’ਚ 44.5, ਫਾਜ਼ਿਲਕਾ ’ਚ 44.1, ਸਮਰਾਲਾ ’ਚ 45.5, ਚੰਡੀਗੜ੍ਹ ’ਚ 41.9, ਫਤਹਿਗੜ੍ਹ ਸਾਹਿਬ ’ਚ 41.3, ਫਿਰੋਜ਼ਪੁਰ ’ਚ 42.6, ਹੁਸ਼ਿਆਰਪੁਰ ’ਚ 42.6, ਹੁਸ਼ਿਆਰਪੁਰ ’ਚ 42.1, ਜਲੰਧਰ ’ਚ 42.3, ਮੋਗਾ ’ਚ 42.5, ਮੁਹਾਲੀ ’ਚ 40.3 ਅਤੇ ਰੂਪਨਗਰ ’ਚ 40.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ।

Advertisement

Advertisement