ਸੂਰਜਮੁਖੀ ਦੀ ਕਾਸ਼ਤ ਬਾਬਤ ਜ਼ਰੂਰੀ ਨੁਕਤੇ
ਵਿਵੇਕ ਕੁਮਾਰ ਅਤੇ ਫਤਿਹਜੀਤ ਸਿੰਘ
ਭਾਰਤ ਵਿਚ ਤੇਲ ਬੀਜ ਫ਼ਸਲਾਂ ਦਾ ਉਤਪਾਦਨ ਲੋੜ ਨਾਲੋਂ ਘੱਟ ਹੋਣ ਕਰ ਕੇ ਹਰ ਸਾਲ ਬਾਹਰਲੇ ਮੁਲਕਾਂ ਵਿਚੋਂ ਕਾਫ਼ੀ ਮਾਤਰਾ ਵਿਚ ਤੇਲ ਮੰਗਵਾਉਣਾ ਪੈਂਦਾ ਹੈ। ਤੇਲ ਦੀ ਮੰਗ ਪੂਰੀ ਕਰਨ ਲਈ ਦੇਸ਼ ਵਿਚ ਤੇਲ ਬੀਜ ਫ਼ਸਲਾਂ ਦੀ ਕਾਸ਼ਤ ਨੂੰ ਉਤਸ਼ਾਹਿਤ ਕਰਨਾ ਸਮੇਂ ਦੀ ਲੋੜ ਹੈ। ਇਸ ਪ੍ਰਸੰਗ ਵਿਚ ਸੂਰਜਮੁਖੀ ਦੀ ਫ਼ਸਲ ਬਹੁਤ ਹੀ ਲਾਹੇਵੰਦ ਹੈ ਕਿਉਂਕਿ ਘੱਟ ਸਮੇਂ ਵਿਚ ਪੱਕਣ ਵਾਲੀ ਹੋਣ ਕਰ ਕੇ ਇਹ ਪੰਜਾਬ ਦੇ ਕਈ ਇਲਾਕਿਆਂ ਵਿਚ ਕਾਫ਼ੀ ਢੁੱਕਵੀਂ ਫ਼ਸਲ ਸਾਬਿਤ ਹੋ ਰਹੀ ਹੈ। ਇਸ ਦੇ ਬੀਜਾਂ ਵਿਚ ਵਧੇਰੇ ਤੇਲ ਦੀ ਮਾਤਰਾ ਅਤੇ ਤੇਲ ਵਿਚ ਘੱਟ ਕੋਲੈਸਟਰੋਲ ਹੋਣ ਕਰ ਕੇ ਸੂਰਜਮੁਖੀ ਨੂੰ ਉੱਤਮ ਤੇਲ ਬੀਜ ਫ਼ਸਲ ਮੰਨਿਆ ਜਾਂਦਾ ਹੈ। ਇਸ ਤੋਂ ਇਲਾਵਾ, ਸੂਰਜਮੁਖੀ ਦੇ ਤੇਲ ਵਿਚ ਲਿਨੋਲਿਕ ਐਸਿਡ, ਪ੍ਰੋਟੀਨ ਅਤੇ ਵਿਟਾਮਿਨ ਏ, ਬੀ, ਡੀ ਅਤੇ ਈ ਦੀ ਭਰਪੂਰ ਮਾਤਰਾ ਹੋਣ ਕਰ ਕੇ ਇਸ ਦੇ ਤੇਲ ਨੂੰ ਚੰਗੀ ਸਿਹਤ ਲਈ ਵਰਦਾਨ ਮੰਨਿਆ ਜਾਂਦਾ ਹੈ।
ਸੂਰਜਮੁਖੀ ਦੀ ਕਾਸ਼ਤ ਲਈ ਬਹਾਰ ਰੁੱਤ ਦਾ ਸਮਾਂ ਸਭ ਤੋਂ ਢੁਕਵਾਂ ਮੰਨਿਆ ਜਾਂਦਾ ਹੈ। ਇਸ ਰੁੱਤ ਵਿਚ ਸ਼ਹਿਦ ਦੀਆਂ ਮੱਖੀਆਂ ਕਾਫ਼ੀ ਗਿਣਤੀ ਵਿਚ ਹੋਣ ਕਰ ਕੇ ਪਰ-ਪਰਾਗਣ ਵਿਚ ਸਹਾਇਤਾ ਮਿਲਦੀ ਹੈ ਜੋ ਝਾੜ ਵਧਾਉਣ ਵਿਚ ਲਾਹੇਵੰਦ ਹੁੰਦੀ ਹੈ। ਚੰਗੇ ਜਲ ਨਿਕਾਸ ਵਾਲੀ ਦਰਮਿਆਨੀ ਜ਼ਮੀਨ ਸੂਰਜਮੁਖੀ ਦੀ ਕਾਸ਼ਤ ਲਈ ਸਭ ਤੋਂ ਢੁਕਵੀਂ ਹੈ ਜਦੋਂਕਿ ਕਲਰਾਠੀਆਂ ਜ਼ਮੀਨਾਂ ਵਿਚ ਇਸ ਦੀ ਕਾਸ਼ਤ ਨਹੀਂ ਕੀਤੀ ਜਾ ਸਕਦੀ। ਸੂਰਜਮੁਖੀ ਦੀ ਫ਼ਸਲ ਦੀ ਸਫ਼ਲ ਕਾਸ਼ਤ ਲਈ ਪੀਏਯੂ ਲੁਧਿਆਣਾ ਵੱਲੋਂ ਸਿਫ਼ਾਰਸ਼ ਕੀਤੇ ਗਏ ਹੇਠ ਲਿਖੇ ਨੁਕਤਿਆਂ ਵੱਲ ਧਿਆਨ ਦੇਣਾ ਚਾਹੀਦਾ ਹੈ:
ਪ੍ਰਮਾਣਿਤ ਕਿਸਮਾਂ: ਪੰਜਾਬ ਵਿਚ ਸੂਰਜਮੁਖੀ ਦੀ ਕਾਸ਼ਤ ਲਈ ਦੋਗਲੀਆਂ ਕਿਸਮਾਂ ਪੀਐੱਸਐੱਚ 2080, ਪੀਐੱਸਐੱਚ 1962, ਡੀਕੇ 3849 ਅਤੇ ਪੀਐੱਸਐੱਚ 996 ਦੀ ਚੋਣ ਕਰਨੀ ਚਾਹੀਦੀ ਹੈ। ਇਹ ਕਿਸਮਾਂ 96 ਤੋਂ 102 ਦਿਨਾਂ ਵਿਚ ਪੱਕ ਜਾਂਦੀਆਂ ਹਨ।
ਬਿਜਾਈ ਦਾ ਸਮਾਂ: ਵਧੇਰੇ ਝਾੜ ਲੈਣ ਲਈ ਅਤੇ ਪਾਣੀ ਦੀ ਬੱਚਤ ਕਰਨ ਲਈ ਸੂਰਜਮੁਖੀ ਦੀ ਬਿਜਾਈ ਦਾ ਸਹੀ ਸਮਾਂ ਜਨਵਰੀ ਦਾ ਮਹੀਨਾ ਹੈ। ਜੇ ਬਿਜਾਈ ਫਰਵਰੀ ਦੇ ਪਹਿਲੇ ਹਫ਼ਤੇ ਤੱਕ ਕਰਨੀ ਪੈ ਜਾਵੇ ਤਾਂ ਦੋਗਲੀਆਂ ਕਿਸਮਾਂ ਪੀਐੱਸਐੱਚ 2080 ਅਤੇ ਪੀਐੱਸਐੱਚ 996 ਨੂੰ ਤਰਜੀਹ ਦੇਣੀ ਚਾਹੀਦੀ ਹੈ। ਇਸ ਤੋਂ ਦੇਰੀ ਨਾਲ ਬਿਜਾਈ ਕਰਨ ਨਾਲ ਝਾੜ ਕਾਫ਼ੀ ਘਟ ਜਾਂਦਾ ਹੈ, ਇਸ ਲਈ ਅਜਿਹੇ ਹਾਲਾਤ ਵਿਚ ਪਨੀਰੀ ਰਾਹੀਂ ਫ਼ਸਲ ਪੈਦਾ ਕਰਨੀ ਲਾਹੇਵੰਦ ਰਹਿੰਦੀ ਹੈ।
ਖੇਤ ਦੀ ਤਿਆਰੀ, ਬੀਜ ਦੀ ਮਾਤਰਾ ਅਤੇ ਬਿਜਾਈ ਦਾ ਢੰਗ: ਜ਼ਮੀਨ ਦੀ ਤਿਆਰੀ ਲਈ ਖੇਤ ਨੂੰ ਦੋ-ਤਿੰਨ ਵਾਰੀ ਵਾਹੁਣਾ ਅਤੇ ਹਰ ਵਾਹੀ ਤੋਂ ਪਿੱਛੋਂ ਸੁਹਾਗਾ ਫੇਰਨਾ ਚਾਹੀਦਾ ਹੈ। ਇੱਕ ਏਕੜ ਵਿਚ ਕਾਸ਼ਤ ਕਰਨ ਲਈ ਦੋ ਕਿਲੋ ਬੀਜ ਨੂੰ 6 ਗ੍ਰਾਮ ਟੈਗਰਾਨ 35 ਡਬਲਿਊ ਐੱਸ (ਮੈਟਾਲੈਕਸਲ) ਪ੍ਰਤੀ ਕਿਲੋ ਬੀਜ ਦੇ ਹਿਸਾਬ ਨਾਲ ਸੋਧ ਕੇ ਕਤਾਰਾਂ ਵਿਚਕਾਰ ਫ਼ਾਸਲਾ 60 ਸੈਂਟੀਮੀਟਰ ਅਤੇ ਬੂਟੇ ਤੋਂ ਬੂਟੇ ਦਾ ਫ਼ਾਸਲਾ 30 ਸੈਂਟੀਮੀਟਰ ਰੱਖਦੇ ਹੋਏ 4-5 ਸੈਂਟੀਮੀਟਰ ਡੂੰਘਾ ਬੀਜਣਾ ਚਾਹੀਦਾ ਹੈ। ਇਸ ਦੀ ਬਿਜਾਈ ਵਾਸਤੇ ਫਾਲਿਆਂ ਵਾਲਾ ਜਾਂ ਸਿਆੜਾਂ ਵਾਲਾ ਰਿਜ਼ਰ ਪਲਾਂਟਰ ਵੀ ਵਰਤਿਆ ਜਾ ਸਕਦਾ ਹੈ। ਅਗੇਤੀ ਬੀਜੀ ਫ਼ਸਲ ਤੋਂ ਵਧੇਰੇ ਝਾੜ ਪ੍ਰਾਪਤ ਕਰਨ ਫ਼ਸਲ ਨੂੰ ਪੂਰਬ-ਪੱਛਮ ਦਿਸ਼ਾ ਵਾਲੀਆ ਵੱਟਾਂ ਦੇ ਦੱਖਣ ਵਾਲੇ ਪਾਸੇ ਬੀਜਣਾ ਚਾਹੀਦਾ ਹੈ। ਬੀਜ ਨੂੰ ਵੱਟ ਦੇ ਸਿਰੇ ਤੋਂ 6-8 ਸੈਂਟੀਮੀਟਰ ਹੇਠਾਂ ਬੀਜਣਾ ਚਾਹੀਦਾ ਹੈ ਅਤੇ ਵੱਟ ਤੇ ਬੀਜੀ ਫ਼ਸਲ ਨੂੰ ਬਿਜਾਈ ਤੋਂ 2-3 ਦਿਨਾਂ ਪਿੱਛੋਂ ਪਾਣੀ ਦਾ ਪੱਧਰ ਬੀਜਾਂ ਤੋਂ ਕਾਫ਼ੀ ਥੱਲੇ ਰੱਖਦੇ ਹੋਏ ਪਾਣੀ ਦੇਣਾ ਚਾਹੀਦਾ ਹੈ। ਵੱਟਾਂ ‘ਤੇ ਬੀਜੀ ਫ਼ਸਲ ਢਹਿੰਦੀ ਨਹੀਂ ਅਤੇ ਵੱਧ ਗਰਮੀ ਦੇ ਮਹੀਨਿਆਂ ਵਿਚ ਪਾਣੀ ਦੀ ਬੱਚਤ ਵਿਚ ਵੀ ਸਹਾਈ ਹੁੰਦੀ ਹੈ।
ਜੇ ਸੂਰਜਮੁਖੀ ਦੀ ਬਿਜਾਈ ਫਰਵਰੀ ਤੱਕ ਪਛੇਤੀ ਹੁੰਦੀ ਜਾਪੇ ਤਾਂ ਇਸ ਦੀ ਕਾਸ਼ਤ ਪਨੀਰੀ ਰਾਹੀਂ ਕੀਤੀ ਜਾ ਸਕਦੀ ਹੈ। ਇਸ ਤਰ੍ਹਾਂ ਕਰਨ ਨਾਲ ਬੀਜ ਰਾਹੀਂ ਬੀਜੀ ਫ਼ਸਲ ਦੇ ਮੁਕਾਬਲੇ ਝਾੜ ਵੱਧ ਮਿਲਦਾ ਹੈ ਅਤੇ ਫ਼ਸਲ ਛੇਤੀ ਪੱਕ ਜਾਂਦੀ ਹੈ। ਪਨੀਰੀ ਦੀ ਬਿਜਾਈ ਲਈ 1.5 ਕਿਲੋ ਬੀਜ ਨੂੰ ਚੰਗੀ ਤਰ੍ਹਾਂ ਤਿਆਰ ਕੀਤੇ ਲਗਭਗ ਸਵਾ ਮਰਲੇ (30 ਵਰਗ ਮੀਟਰ ਪ੍ਰਤੀ ਏਕੜ) ਦੇ ਕਿਆਰੇ ਵਿਚ ਬੀਜਣਾ ਚਾਹੀਦਾ ਹੈ। ਪੁੱਟਣ ਤੋਂ ਪਹਿਲਾਂ ਪਨੀਰੀ ਨੂੰ ਪਾਣੀ ਲਾ ਦੇਣਾ ਚਾਹੀਦਾ ਹੈ। ਜਦੋਂ ਪੌਦੇ ਦੇ ਚਾਰ ਪੱਤੇ ਨਿਕਲ ਆਉਣ ਤਾਂ ਪਨੀਰੀ ਨੂੰ 30 ਸੈਂਟੀਮੀਟਰ ਦੀ ਵਿੱਥ ‘ਤੇ 60 ਸੈਂਟੀਮੀਟਰ ਦੂਰੀ ਦੀਆਂ ਕਤਾਰਾਂ ਵਿਚ ਲਾ ਕੇ ਪਾਣੀ ਲਾ ਦੇਣਾ ਚਾਹੀਦਾ ਹੈ।
ਮੈਂਥੇ ਨਾਲ ਰਲਵੀਂ ਕਾਸ਼ਤ: ਆਮਦਨ ਵਿਚ ਵਾਧਾ ਕਰਨ ਲਈ ਮੈਂਥੇ ਨੂੰ ਸੂਰਜਮੁਖੀ ਵਿਚ ਰਲ਼ਵੀਂ ਫ਼ਸਲ ਵਜੋਂ ਕਾਮਯਾਬੀ ਨਾਲ ਉਗਾਇਆ ਜਾ ਸਕਦਾ ਹੈ। ਇਸ ਦੇ ਲਈ ਸੂਰਜਮੁਖੀ ਦੀਆਂ ਉੱਤਰ ਦੱਖਣ ਦਿਸ਼ਾ ਵਿਚ 120 ਸੈਂਟੀਮੀਟਰ ਦੂਰੀ ਤੇ ਬੀਜੀਆਂ ਕਤਾਰਾਂ ਦੇ ਵਿਚਕਾਰ ਮੈਂਥੇ ਦੀਆਂ ਦੋ ਲਾਈਨਾਂ 150 ਕਿਲੋ ਜੜ੍ਹਾਂ ਪ੍ਰਤੀ ਏਕੜ ਵਰਤਦੇ ਹੋਏ ਅਖੀਰ ਜਨਵਰੀ ਵਿਚ ਬੀਜਣੀਆਂ ਚਾਹੀਦੀਆਂ ਹਨ। ਮੈਂਥੇ ਨਾਲ ਰਲਵੀਂ ਸੂਰਜਮੁਖੀ ਦੀ ਫ਼ਸਲ ਨੂੰ ਸਿਫ਼ਾਰਸ਼ ਕੀਤੀਆਂ ਖਾਦਾਂ ਤੋਂ ਇਲਾਵਾ 50 ਕਿਲੋ ਯੂਰੀਆ, 75 ਕਿਲੋ ਸੁਪਰਫਾਸਫੇਟ ਪ੍ਰਤੀ ਏਕੜ ਹੋਰ ਪਾਉਣੀ ਚਾਹੀਦੀ ਹੈ। ਪੂਰੀ ਸੁਪਰਫਾਸਫੇਟ ਅਤੇ ਅੱਧੀ ਯੂਰੀਆ ਖਾਦ ਮੈਂਥੇ ਦੀ ਬਿਜਾਈ ਵੇਲੇ ਅਤੇ ਬਾਕੀ ਦੀ ਅੱਧੀ ਯੂਰੀਆ ਬਿਜਾਈ ਤੋਂ 40 ਦਿਨਾਂ ਪਿੱਛੋਂ ਪਾਓ।
ਖਾਦ ਪ੍ਰਬੰਧਨ: ਖਾਦਾਂ ਦੀ ਵਰਤੋਂ ਮਿੱਟੀ ਪਰਖ ਦੇ ਆਧਾਰ ‘ਤੇ ਕਰਨੀ ਚਾਹੀਦੀ ਹੈ। ਮਿੱਟੀ ਪਰਖ ਨਾ ਕਰਵਾਉਣ ਦੀ ਸੂਰਤ ਵਿਚ ਸੂਰਜਮੁਖੀ ਨੂੰ 50 ਕਿਲੋ ਯੂਰੀਆ ਅਤੇ 75 ਕਿਲੋ ਸੁਪਰਫਾਸਫੇਟ ਪ੍ਰਤੀ ਏਕੜ ਪਾਉਣ ਦੀ ਸਿਫ਼ਾਰਸ਼ ਕੀਤੀ ਜਾਂਦੀ ਹੈ। ਪੋਟਾਸ਼ ਨੂੰ ਸਿਰਫ਼ ਘਾਟ ਵਾਲੀਆਂ ਜ਼ਮੀਨਾਂ ਵਿਚ ਹੀ ਪਾਉਣਾ ਚਾਹੀਦਾ ਹੈ। ਸਾਰੀਆਂ ਖਾਦਾਂ ਨੂੰ ਬਿਜਾਈ ਵੇਲੇ ਹੀ ਪਾ ਦੇਣੀਆਂ ਚਾਹੀਦੀਆਂ ਹਨ। ਜੇ ਜ਼ਮੀਨ ਹਲਕੀ ਹੋਵੇ ਤਾਂ ਯੂਰੀਆ ਨੂੰ ਦੋ ਬਰਾਬਰ ਹਿੱਸਿਆਂ ਵਿਚ, ਪਹਿਲਾ ਬਿਜਾਈ ਸਮੇਂ ਅਤੇ ਦੂਸਰਾ ਹਿੱਸਾ ਬਿਜਾਈ ਤੋਂ 30 ਦਿਨਾਂ ਬਾਅਦ ਪਾਉਣਾ ਹੈ।
ਸਿੰਜਾਈ: ਜ਼ਮੀਨ ਦੀ ਕਿਸਮ, ਮੀਂਹ ਅਤੇ ਮੌਸਮ ਨੂੰ ਧਿਆਨ ਵਿਚ ਰੱਖਦੇ ਹੋਏ ਬਹਾਰ ਰੁੱਤ ਦੀ ਸੂਰਜਮੁਖੀ ਦੀ ਫ਼ਸਲ ਨੂੰ 6-9 ਸਿੰਜਾਈਆਂ ਦੀ ਲੋੜ ਪੈਂਦੀ ਹੈ। ਪੱਧਰੀ ਬਿਜਾਈ ਲਈ ਪਹਿਲਾ ਪਾਣੀ ਬਿਜਾਈ ਤੋਂ ਇਕ ਮਹੀਨੇ ਬਾਅਦ ਅਤੇ ਅਗਲੇ ਪਾਣੀ 2 ਤੋਂ 3 ਹਫ਼ਤੇ ਦੇ ਅੰਤਰ ‘ਤੇ ਲਾਉਣੇ ਚਾਹੀਦੇ ਹਨ। ਮਾਰਚ ਵਿਚ ਪਾਣੀ ਲਾਉਣ ਦਾ ਵਕਫ਼ਾ 2 ਹਫ਼ਤੇ ਅਤੇ ਅਪਰੈਲ-ਮਈ ਦੇ ਗਰਮ ਮਹੀਨਿਆਂ ਵਿਚ 8-10 ਦਿਨ ਕਰ ਦੇਣਾ ਚਾਹੀਦਾ ਹੈ। ਆਖ਼ਰੀ ਪਾਣੀ ਕਟਾਈ ਤੋਂ 12-14 ਦਿਨ ਪਹਿਲਾਂ ਲਾਉਣਾ ਚਾਹੀਦਾ ਹੈ। ਫ਼ਸਲ ਨੂੰ 50% ਫੁੱਲ ਪੈਣ ਸਮੇਂ, ਦਾਣਿਆਂ ਦੇ ਨਰਮ ਅਤੇ ਸਖ਼ਤ ਦੋਧੇ ਸਮੇਂ ‘ਤੇ ਪਾਣੀ ਦੇਣਾ ਬਹੁਤ ਜ਼ਰੂਰੀ ਹੈ।
ਵੱਧ ਝਾੜ, ਪਾਣੀ ਅਤੇ ਖਾਦਾਂ ਦੀ ਬੱਚਤ ਲਈ ਤੁਪਕਾ ਸਿੰਜਾਈ ਵਿਧੀ ਨਾਲ ਪਾਣੀ ਅਤੇ ਖਾਦਾਂ ਦੀ ਵਰਤੋਂ ਕਰਨੀ ਚਾਹੀਦੀ ਹੈ। ਇਸ ਵਿਧੀ ਵਿਚ ਸੂਰਜਮੁਖੀ ਨੂੰ 60 ਸੈਂਟੀਮੀਟਰ ਵਿੱਥ ‘ਤੇ ਬਣਾਈਆਂ ਵੱਟਾਂ ਉੱਪਰ ਬੂਟੇ ਤੋਂ ਬੂਟੇ ਵਿਚਕਾਰ 30 ਸੈਂਟੀਮੀਟਰ ਦਾ ਫ਼ਾਸਲਾ ਰੱਖ ਕੇ ਬੀਜਿਆ ਜਾਂਦਾ ਹੈ। ਸਿੰਜਾਈ ਦੀ ਇਸ ਵਿਧੀ ਨਾਲ ਖੇਤ ਵਿਚ ਨਦੀਨ ਵੀ ਘੱਟ ਹੁੰਦੇ ਹਨ ਅਤੇ ਝਾੜ ਵਿਚ ਵਾਧਾ ਵੀ ਹੁੰਦਾ ਹੈ।
ਨਦੀਨਾਂ ਦੀ ਰੋਕਥਾਮ: ਨਦੀਨਾਂ ਦੀ ਰੋਕਥਾਮ ਲਈ ਪਹਿਲੀ ਗੋਡੀ ਨਦੀਨ ਉੱਗਣ ਤੋਂ 2-3 ਹਫ਼ਤੇ ਪਿੱਛੋਂ ਅਤੇ ਦੂਜੀ ਉਸ ਤੋਂ 3 ਹਫ਼ਤੇ ਪਿੱਛੋਂ ਕਰਨੀ ਚਾਹੀਦੀ ਹੈ।
ਕਟਾਈ ਅਤੇ ਗਹਾਈ: ਫ਼ਸਲ ਦੀ ਕਟਾਈ ਉਦੋਂ ਕਰੋ ਜਦੋਂ ਹੇਠਲੇ ਪਾਸਿਓਂ ਸਿਰਾਂ ਦਾ ਰੰਗ ਪੀਲਾ ਭੂਰਾ ਹੋ ਜਾਵੇ ਅਤੇ ਡਿਸਕ ਸੁੱਕਣੀ ਸ਼ੁਰੂ ਹੋ ਜਾਵੇ। ਇਸ ਸਮੇਂ ਬੀਜ ਪੂਰੀ ਤਰ੍ਹਾਂ ਪੱਕ ਕੇ ਕਾਲੇ ਹੋ ਜਾਂਦੇ ਹਨ। ਗਹਾਈ ਕਰਨ ਤੋਂ ਪਹਿਲਾਂ ਕਟਾਈ ਕੀਤੇ ਸਿਰ ਚੰਗੀ ਤਰ੍ਹਾਂ ਸੁੱਕੇ ਹੋਣੇ ਚਾਹੀਦੇ ਹਨ ਤਾਂ ਜੋ ਗਹਾਈ ਸਮੇਂ ਬੀਜ ਖ਼ਰਾਬ ਨਾ ਹੋਣ। ਸਟੋਰ ਕੀਤੇ ਬੀਜ ਨੂੰ ਉੱਲੀ ਤੋਂ ਬਚਾਉਣ ਲਈ ਗਹਾਈ ਤੋਂ ਪਿੱਛੋਂ ਅਤੇ ਸਟੋਰ ਵਿਚ ਰੱਖਣ ਤੋਂ ਪਹਿਲਾਂ ਚੰਗੀ ਤਰ੍ਹਾਂ ਸੁਕਾ ਲੈਣਾ ਚਾਹੀਦਾ ਹੈ।
*ਫਾਰਮ ਸਲਾਹਕਾਰ ਕੇਂਦਰ, ਫ਼ਰੀਦਕੋਟ।