ਪਰਤ
ਮੈਂ ਉਦੋਂ ਤੀਜੀ ਜਮਾਤ ਵਿੱਚ ਸੀ। ਸਕੂਲੇ ਜਾਣ ਦਾ ਬਹੁਤ ਚਾਅ ਹੁੰਦਾ ਸੀ, ਇਸ ਲਈ ਕਦੇ ਛੁੱਟੀ ਨਹੀਂ ਸੀ ਕਰਦਾ। ਹਰ ਰੋਜ਼ ਸਕੂਲ ਤੋਂ ਆ ਕੇ ਰੋਟੀ ਖਾਣੀ ਤੇ ਫਿਰ ਨਿੰਮ ਹੇਠ ਪੱਲੀ ਵਿਛਾ ਕੇ ਪੜ੍ਹਨ ਲੱਗ ਜਾਣਾ। ਢਾਈ ਤਿੰਨ ਵਜੇ ਦੇ ਕਰੀਬ ਡਾਕੀਏ ਨੇ ਆ ਜਾਣਾ ਤੇ ਆ ਕੇ ਗੱਲਾਂ ਸੁਣਨ ਬਹਿ ਜਾਣਾ। ਗੱਲਾਂ ਕਾਹਦੀਆਂ ਗੁਰਮਤਿ ਗਿਆਨ ਦਾ ਪ੍ਰਵਾਹ ਚੱਲਦਾ ਸੀ ਤੇ ਵਿੱਚ-ਵਿੱਚ ਸਮਾਜ ਵਿਗਿਆਨ ਦਾ ਤੜਕਾ ਲਗਦਾ ਰਹਿੰਦਾ ਸੀ। ਖੂਬ ਟੋਟਕੇਬਾਜ਼ੀ ਚੱਲਦੀ ਤੇ ਜੁਮਲੇ ਸਜਦੇ। ਜੇ ਕੋਈ ਚਿੱਠੀ ਆਈ ਹੋਣੀ ਤਾਂ ਉਹ ਵੀ ਸਭ ਦੇ ਸਾਹਮਣੇ ਉੱਚੀ ਬੋਲ ਕੇ ਪੜ੍ਹਨੀ। ਕਈ ਵਾਰੀ ਤਾਂ ਚਿੱਠੀ ਸੁਣਨ ਲਈ ਆਂਢੀ ਗੁਆਂਢੀ ਵੀ ਆ ਜਾਂਦੇ ਤੇ ਸੁਣ ਕੇ ਸਾਡੇ ਨਾਲ ਹੀ ਖੁਸ਼ ਹੁੰਦੇ ਜਾਂ ਉਦਾਸ ਹੋ ਜਾਂਦੇ। ਇਕ ਦਿਨ ਪੋਸਟ ਕਾਰਡ ਆਇਆ। ਥਲੇ ਤੋਂ ਛੋਟੀ ਭੂਆ ਦਾ ਸੀ। ਲਿਖਿਆ ਸੀ- ਪਾਲਾ ਫੌਜ ਵਿੱਚ ਭਰਤੀ ਹੋ ਗਿਆ ਹੈ।
ਭੂਆ ਦੇ ਤਿੰਨ ਮੁੰਡੇ ਸਨ ਤੇ ਤਿੰਨ ਹੀ ਕੁੜੀਆਂ ਸਨ। ਤਿੰਨੇ ਕੁੜੀਆਂ ਸੁਘੜ ਤੇ ਸਾਊ ਸਨ। ਮੁੰਡਿਆਂ ਦੀ ਗੱਲ ਵੱਖਰੀ ਸੀ। ਵੱਡਾ ਮੁੰਡਾ ਸ਼ਰਾਬੀ ਕਬਾਬੀ ਸੀ ਤੇ ਜਦ ਵੀ ਘਰ ਆਉਂਦਾ, ਸ਼ਰਾਬ ਪੀ ਕੇ ਆਉਂਦਾ। ਉਸ ਤੋਂ ਛੋਟਾ ਘਰੇ ਸ਼ਰਾਬ ਲੈ ਆਉਂਦਾ ਤੇ ਪੀ ਕੇ ਬਾਹਰ ਨਿਕਲ ਜਾਂਦਾ। ਜਦ ਕਦੇ ਵੀ ਉਹ ਮਿਲਦੇ ਤਾਂ ਆਪਸ ਵਿੱਚ ਫਸ ਪੈਂਦੇ, ਇਕ ਦੂਜੇ ਨੂੰ ਗਾਲਾਂ ਕੱਢਦੇ ਤੇ ਘਸੁੰਨ ਮੁੱਕੀ ਹੁੰਦੇ।
ਸਭ ਤੋਂ ਛੋਟਾ ਪਾਲਾ ਹੀ ਸੀ ਜੋ ਨਿਹਾਇਤ ਸ਼ਰੀਫ ਸੀ ਤੇ ਪੜ੍ਹਨ ਨੂੰ ਹੁਸ਼ਿਆਰ ਸੀ। ਉਹਨੇ ਦਸਵੀਂ ਪਾਸ ਕੀਤੀ ਤਾਂ ਫੁੱਫੜ ਨੇ ਹਟਾ ਲਿਆ ਕਿ ਉਹ ਹੋਰ ਖਰਚਾ ਨਹੀਂ ਕਰ ਸਕਦਾ। ਭੂਆ ਚਾਹੁੰਦੀ ਸੀ ਕਿ ਪਾਲਾ ਹੋਰ ਪੜ੍ਹੇ ਪਰ ਗਰੀਬਾਂ ਦੇ ਘਰਾਂ ਵਿੱਚ ਚਾਹੁਣ ਨਾਲ ਕੁਝ ਨਹੀਂ ਹੁੰਦਾ। ਸਾਲ ਭਰ ਪਾਲੇ ਵੀਰੇ ਨੇ ਨੌਕਰੀ ਲਈ ਟੱਕਰਾਂ ਮਾਰੀਆਂ। ਕਿਤੇ ਗੱਲ ਨਾ ਬਣੀ। ਉਨ੍ਹਾਂ ਦੇ ਸ਼ਰੀਕੇ ਵਿੱਚੋਂ ਕੋਈ ਫੌਜ ਵਿੱਚ ਸੀ। ਸ਼ਾਇਦ ਉਹਦੇ ਕਾਰਨ ਹੀ ਪਾਲਾ ਵੀ ਜਲੰਧਰ ਛਾਉਣੀ ਵਿੱਚ ਜਾ ਕੇ ਭਰਤੀ ਹੋ ਗਿਆ।
ਮੇਰੇ ਫੁੱਫੜ ਜੀ ਕੁਰਖਤ ਬਿਰਤੀ ਵਾਲੇ ਸਨ ਪਰ ਮੇਰੀ ਭੂਆ ਬੜੀ ਨਰਮ ਦਿਲ ਸੀ ਤੇ ਪਾਲਾ ਉਸ ਦਾ ਛਿੰਦਾ ਪੁੱਤ ਸੀ। ਮੇਰੇ ਪਿਤਾ ਜੀ ਵੀ ਬੇਸ਼ਕ ਨਰਮ ਦਿਲ ਨਹੀਂ ਸੀ ਪਰ ਪਾਲਾ ਵੀਰਾ ਉਨ੍ਹਾਂ ਦਾ ਲਾਡਲਾ ਭਾਣਜਾ ਸੀ। ਮੇਰੀ ਬੀਬੀ ਤਾਂ ਜਿਵੇਂ ਨਿਰੀ ਮਮਤਾ ਦੀ ਹੀ ਬਣੀ ਹੋਵੇ। ਉਹ ਵੀ ਸਾਡੇ ਤੇ ਪਾਲੇ ਵੀਰੇ ਵਿੱਚ ਕੋਈ ਫ਼ਰਕ ਨਹੀਂ ਸੀ ਸਮਝਦੀ। ਉਹਦੀ ਨਜ਼ਰ ਵਿੱਚ ਪਾਲਾ ਬਹੁਤ ਹੀ ਸ਼ਰੀਫ ਤੇ ਸਿਆਣਾ ਬੱਚਾ ਸੀ। ਉਹ ਅਕਸਰ ਉਹਦੀਆਂ ਉਦਾਹਰਨਾਂ ਦੇ ਕੇ ਸਾਨੂੰ ਸਮਝਾਉਂਦੀ ਰਹਿੰਦੀ। ਕਿਸੇ ਦਾ ਬਾਪ ਕੁਰਖਤ ਹੋਵੇ ਤਾਂ ਮਾਂ ਨਰਮ ਦਿਲ ਹੁੰਦੀ ਹੈ। ਮਾਂ ਸਖਤ ਹੋਵੇ ਤਾਂ ਬਾਪ ਨਰਮ ਦਿਲ ਹੁੰਦਾ ਹੈ। ਕੁਦਰਤ ਤਵਾਜ਼ਨ ਜਿਹਾ ਬਣਾਈ ਰੱਖਦੀ ਹੈ।
ਪੋਸਟ ਕਾਰਡ ਵਿੱਚੋਂ ਭਰਤੀ ਹੋਣ ਦੀ ਗੱਲ ਪੜ੍ਹ ਕੇ ਪਿਤਾ ਜੀ ਚੁੱਪ ਹੋ ਗਏ ਤੇ ਸੋਚੀਂ ਪੈ ਗਏ ਪਰ ਮੇਰੀ ਬੀਬੀ ਰੋਣ ਲੱਗ ਪਈ, ਉਹਦੇ ਕਿਰਦੇ ਹੰਝੂ ਸਭ ਦੀ ਨਜ਼ਰ ਪੈ ਗਏ। ਗੁਆਂਢੀ ਵੀ ਉਦਾਸ ਜਿਹੇ ਹੋ ਕੇ ਆਪੋ-ਆਪਣੇ ਘਰਾਂ ਨੂੰ ਪਰਤ ਗਏ। ਮੈਨੂੰ ਉਸ ਵੇਲੇ ਸਮਝ ਨਹੀਂ ਸੀ ਕਿ ਪਾਲੇ ਵੀਰੇ ਦੇ ਭਰਤੀ ਹੋਣ ਵਿੱਚ ਹੰਝੂ ਕੇਰਨ ਵਾਲੀ ਕਿਹੜੀ ਗੱਲ ਸੀ।
ਹੁਣ ਚੇਤਾ ਆਉਂਦਾ ਹੈ ਕਿ ਕਿ ਉਦੋਂ ਪੈਂਹਟ ਦੀ ਜੰਗ ਅਜੇ ਕਿਸੇ ਨੂੰ ਵੀ ਭੁੱਲੀ ਨਹੀਂ ਸੀ ਜਿਸ ਕਰ ਕੇ ਕਿਸੇ ਦਾ ਵੀ ਫੌਜ ਵਿੱਚ ਭਰਤੀ ਹੋਣਾ ਚੰਗੀ ਖ਼ਬਰ ਨਹੀਂ ਸੀ। ਇਹੀ ਕਾਰਨ ਸੀ ਕਿ ਪਾਲੇ ਵੀਰੇ ਦੇ ਫੌਜ ਵਿੱਚ ਭਰਤੀ ਹੋਣ ਦੀ ਖਬਰ ਸੁਣ ਕੇ ਬੀਬੀ ਦੇ ਹੰਝੂ ਵਗ ਤੁਰੇ ਸਨ ਤੇ ਪਿਤਾ ਜੀ ਚੁੱਪ ਕਰ ਗਏ ਤੇ ਸੋਚੀਂ ਪੈ ਗਏ ਸਨ।
ਇਸ ਗੱਲ ਨੂੰ ਅਜੇ ਸਾਲ ਵੀ ਨਹੀਂ ਸੀ ਹੋਇਆ ਕਿ ਭਾਰਤ ਪਾਕਿਸਤਾਨ ਜੰਗ ਲੱਗ ਗਈ। ਸਾਰਾ-ਸਾਰਾ ਦਿਨ ਅਸੀਂ ਜੰਗ ਦੀਆਂ ਖਬਰਾਂ ਸੁਣਦੇ ਰਹਿੰਦੇ ਤੇ ਸਾਡਾ ਧਿਆਨ ਭੂਆ ਦੇ ਪਿੰਡ ਤੇ ਪਾਲੇ ਵੀਰੇ ਵਿੱਚ ਰਹਿੰਦਾ। ਇਕ ਦਿਨ ਖ਼ਬਰ ਆਈ ਕਿ ਜੰਗ ਵਿੱਚ ਭੂਆ ਦੇ ਪਿੰਡ ਥਲੇ ਦਾ ਫੌਜੀ ਸ਼ਹੀਦ ਹੋ ਗਿਆ ਹੈ। ਸਾਡੇ ਘਰ ਸੋਗ ਦੀ ਲਹਿਰ ਦੌੜ ਗਈ। ਬੀਬੀ ਰੋਣ ਲੱਗ ਪਈ, ਉਹਦੇ ਹੰਝੂ ਠੱਲ੍ਹੇ ਨਾ ਜਾਣ। ਮੇਰੀਆਂ ਭੈਣਾਂ ਵੀ ਰੋਣ ਲੱਗ ਪਈਆਂ। ਪਿਤਾ ਜੀ ਵੀ ਗਮਗੀਨ ਹੋ ਗਏ। ਉਨ੍ਹਾਂ ਨੇ ਚੁੱਪ-ਚਾਪ ਸਾਇਕਲ ਚੁੱਕਿਆ ਤੇ ਥਲੇ ਨੂੰ ਚਲੇ ਗਏ। ਉਸ ਰਾਤ ਘਰ ਵਿੱਚ ਰੋਟੀ ਬਣੀ ਪਰ ਨਾ ਹੋਇਆਂ ਨਾਲ ਦੀ। ਖਾ ਲਈ ਸੀ ਕਿ ਨਹੀਂ, ਕੁਝ ਯਾਦ ਨਹੀਂ।
ਅਗਲੀ ਸਵੇਰ ਪਿਤਾ ਜੀ ਦੀ ਉਡੀਕ ਹੋ ਰਹੀ ਸੀ। ਬੀਬੀ ਨੂੰ ਕੁਝ ਚੰਗਾ ਨਹੀਂ ਸੀ ਲੱਗ ਰਿਹਾ। ਉਹਨੇ ਪਤਾ ਨਹੀਂ ਕਿੱਥੇ-ਕਿੱਥੇ ਸੁਖਣਾ ਸੁੱਖ ਲਈ ਕਿ ਥਲੇ ਦੀ ਖਬਰ ਝੂਠੀ ਹੋਵੇ। ਇਹੋ ਜਿਹੇ ਵੇਲੇ ਸੁਖਣਾ ’ਤੇ ਵੀ ਯਕੀਨ ਨਹੀਂ ਰਹਿੰਦਾ।
ਕੋਈ ਸਵਾ ਪਹਿਰ ਗਏ ਪਿਤਾ ਜੀ ਆ ਗਏ। ਉਨ੍ਹਾਂ ਦਾ ਚਿਹਰਾ ਗਮਗੀਨ ਸੀ ਪਰ ਉਤਰਿਆ ਹੋਇਆ ਨਹੀਂ ਸੀ। ਉਨ੍ਹਾਂ ਆਉਂਦਿਆਂ ਹੀ ਬੀਬੀ ਨੂੰ ਦੱਸਿਆ ਕਿ ਪਾਲਾ ਠੀਕ ਹੈ, ਤੇ ਹੈ ਉਹ ਜੰਗ ਵਿੱਚ ਹੀ। ਜਿਹੜਾ ਫੌਜੀ ਸ਼ਹੀਦ ਹੋਇਆ ਸੀ, ਉਹ ਥਲੇ ਦਾ ਹੀ ਸੀ ਤੇ ਉਹਦਾ ਘਰ ਵੀ ਭੂਆ ਦੇ ਘਰ ਦੇ ਗੁਆਂਢ ਵਿੱਚ ਹੀ ਸੀ। ਉਹ ਭੂਆ ਦੇ ਸ਼ਰੀਕੇ ਵਿੱਚੋਂ ਸੀ।
ਬੀਬੀ ਦੇ ਚਿਹਰੇ ’ਤੇ ਤਸੱਲੀ ਦੀ ਬਹੁਤ ਬਰੀਕ ਜਿਹੀ ਪਰਤ ਆਈ, ਤੇ ਜਿਵੇਂ ਇਹ ਆਈ, ਉਵੇਂ ਪਰਤ ਗਈ। ਇਹ ਤਸੱਲੀ, ਤਸੱਲੀ ਨਹੀਂ ਸੀ ਬਲਕਿ ਤਸੱਲੀ ਦੀ ਕੋਈ ਅਜਿਹੀ ਪਰਤ ਸੀ ਜਿਸ ਦਾ ਕੋਈ ਨਾਂ ਨਹੀਂ ਸੀ।
ਸੰਪਰਕ: 94175-18384