ਗ਼ੈਰ-ਕਾਨੂੰਨੀ ਪਰਵਾਸ, ਹੱਡੀਂ ਹੰਢਾਏ ਦਰਦ ਤੇ ਸਬਕ

ਐੱਨਆਰਆਈ ਸਭਾ, ਪੰਜਾਬ ਵੱਲੋਂ ਪਰਵਾਸ ਸਬੰਧੀ ਪਿਛਲੇ ਦਿਨੀਂ ਸੈਮੀਨਾਰ ਕਰਵਾਇਆ ਗਿਆ। ਫਰਵਰੀ ਵਿੱਚ ਹੀ ਗ਼ੈਰ-ਕਾਨੂੰਨੀ ਤੌਰ ’ਤੇ ਅਮਰੀਕਾ ਗਏ ਨੌਜਵਾਨਾਂ ਨੂੰ ਡਿਪੋਰਟ ਕੀਤਾ ਗਿਆ। ਇਨ੍ਹਾਂ ਵਿੱਚੋਂ ਵੱਡੀ ਗਿਣਤੀ ਪੰਜਾਬੀਆਂ ਦੀ ਹੈ। ਵਾਪਸ ਪਰਤੇ ਵਿਅਕਤੀਆਂ ਨਾਲ ਹੋਏ ਸਲੂਕ ਅਤੇ ਉਨ੍ਹਾਂ ਦੇ ਅੰਮ੍ਰਿਤਸਰ ਵਿਖੇ ਹੋਏ ਉਤਾਰੇ ਨੇ ਇਸ ਸੈਮੀਨਾਰ ਦੀ ਗੰਭੀਰਤਾ ਵਿੱਚ ਵਾਧਾ ਕੀਤਾ।
ਪੰਜਾਬੀਆਂ ਨੇ ਏਨੀ ਵੱਡੀ ਗਿਣਤੀ ਵਿੱਚ ਗ਼ੈਰ-ਕਾਨੂੰਨੀ ਤੇ ਕਾਨੂੰਨੀ ਢੰਗ ਨਾਲ ਪਰਵਾਸ ਲਈ ਵਹੀਰਾਂ ਕਿਉਂ ਘੱਤ ਲਈਆਂ ਹਨ? ਫਰਵਰੀ ਵਿੱਚ ਡਿਪੋਰਟ ਹੋਏ ਵਿਅਕਤੀਆਂ ਵਿੱਚੋਂ ਪੰਜਾਬ, ਹਰਿਆਣਾ, ਗੁਜਰਾਤ ਦੇ ਕ੍ਰਮਵਾਰ 126, 102 ਅਤੇ 76 ਵਿਅਕਤੀ ਹਨ, ਜਿਨ੍ਹਾਂ ਵਿੱਚ ਵੱਡੀ ਗਿਣਤੀ ਨੌਜਵਾਨਾਂ ਦੀ ਹੈ। ਇਹ ਅੰਕੜੇ ਮੂਲ ਰੂਪ ਵਿੱਚ ਪਿਛਲੇ ਡੇਢ ਸਾਲ ਦੇ ਸਮੇਂ ਦੌਰਾਨ ਗ਼ੈਰ-ਕਾਨੂੰਨੀ ਪਰਵਾਸ ਰਾਹੀਂ ਅਮਰੀਕਾ ਪਹੁੰਚੇ ਪੂਰ ਵਿੱਚੋਂ ਹਨ। ਪੰਜਾਬੀ ਨੌਜਵਾਨਾਂ ਦੇ ਪਰਵਾਸ ਦੀ ਤੁਲਨਾ ਹਰਿਆਣਾ ਦੇ ਨੌਜਵਾਨਾਂ ਨੇ ਬਾਅਦ ਵਿੱਚ ਪਰਵਾਸ ਸ਼ੁਰੂ ਕੀਤਾ। ਗੁਜਰਾਤ ਦੀ ਆਬਾਦੀ ਪੰਜਾਬ ਪ੍ਰਾਂਤ ਨਾਲੋਂ ਕਿਤੇ ਵੱਧ ਹੈ। ਉਪਰੋਕਤ ਤੱਥ ਵੀ ਪੰਜਾਬ ਵਿੱਚੋਂ ਪਰਵਾਸ ਦੀ ਵੱਡੀ ਭਾਗੀਦਾਰੀ ਦਾ ਸੰਕੇਤ ਦਿੰਦੇ ਹਨ। ਜਦੋਂ ਅਸੀਂ ਕਾਨੂੰਨੀ ਤੌਰ ’ਤੇ ਖ਼ਾਸ ਕਰਕੇ 2 ਦੀ ਪੜ੍ਹਾਈ ਤੋਂ ਬਾਅਦ ਆਈਲੈਟਸ ਪਾਸ ਕਰਕੇ ਵੱਡੀ ਪੱਧਰ ’ਤੇ ਹੋਏ ਪਰਵਾਸ ਦੀ ਗੱਲ ਕਰਦੇ ਹਾਂ ਤਾਂ ਇਹ ਅੰਕੜੇ ਇਕੱਲੇ ਕੈਨੇਡਾ ਵਿੱਚ ਸਾਲ 2023 ਦੌਰਾਨ 4 ਲੱਖ 27 ਹਜ਼ਾਰ ਪਾਏ ਗਏ ਹਨ। ਹਰ ਹਾਲਤ ਵਿੱਚ ਇੱਥੋਂ ਚਲੇ ਜਾਣਾ, ਪੰਜਾਬ ਦੀ ਹਰਿਆਵਲ ਭਰੀ ਤੇ ਚੜ੍ਹਦੀ ਕਲਾ ਦਾ ਸੁਨੇਹਾ ਦੇਣ ਵਾਲੀ ਇਸ ਅਭਾਗੀ ਧਰਤੀ ਨਾਲ ਆਖ਼ਰ ਅਜਿਹਾ ਕੀ ਵਾਪਰਿਆ, ਇਸ ਸੈਮੀਨਾਰ ਦੀ ਸਕਰੀਨ ਤੋਂ ਪੜ੍ਹਨ ਦਾ ਯਤਨ ਕੀਤਾ ਗਿਆ ਹੈ।
ਇਸ ਦੋ ਦਿਨਾਂ ਸੈਮੀਨਾਰ ਵਿੱਚ ਅਰਥ-ਸ਼ਾਸਤਰੀਆਂ, ਸਮਾਜਿਕ ਚਿੰਤਕਾਂ, ਰਿਸਰਚ ਸਕਾਲਰਾਂ, ਮੀਡੀਆ ਕਰਮੀਆਂ ਅਤੇ ਇਸ ਵਿਸ਼ੇ ਨਾਲ ਸਬੰਧਿਤ ਪੜ੍ਹਦੇ ਦੋ ਵਿਦਿਆਰਥੀਆਂ ਨੇ ਆਪੋ ਆਪਣੇ ਪੇਪਰ ਪੇਸ਼ ਕੀਤੇ। ਇੱਕ ਸੈਸ਼ਨ ਵਿੱਚ ਵਿਦੇਸ਼ਾਂ ਵਿੱਚ ਬੈਠੇ ਨੌਂ-ਦਸ ਪਰਵਾਸੀ ਭਾਰਤੀਆਂ ਨਾਲ ਵਿਚਾਰ-ਵਟਾਂਦਰਾ ਵੀ ਹੋਇਆ। ਪ੍ਰੋ. ਜਗਮੋਹਨ ਸਿੰਘ, ਪ੍ਰੋ. ਜਗਰੂਪ ਸਿੰਘ ਸੇਖੋਂ, ਪ੍ਰੋ. ਬਾਵਾ ਸਿੰਘ ਅਤੇ ਪ੍ਰੋ. ਲਖਵਿੰਦਰ ਸਿੰਘ ਗਿੱਲ ਨੇ ਸੈਸ਼ਨ ਚੇਅਰਪਰਸਨ ਦੀਆਂ ਸੇਵਾਵਾਂ ਨਿਭਾਈਆਂ।
ਉਦਘਾਟਨੀ ਸੈਸ਼ਨ ਵਿੱਚ ਪਰਵਾਸੀ ਭਾਰਤੀ ਮੰਤਰੀ ਨੇ ਪਰਵਾਸੀ ਭਾਰਤੀਆਂ ਦੀ ਪੰਜਾਬ ਨੂੰ ਦੇਣ ਬਾਰੇ ਉਚੇਚਾ ਜ਼ਿਕਰ ਕੀਤਾ। ਉਨ੍ਹਾਂ ਕਿਹਾ, ‘‘ਪਰਵਾਸੀ ਭਾਰਤੀ ਪੰਜਾਬ ਨੂੰ ਮੁੜ ਸੁਰਜੀਤ ਕਰਨ ਦੀਆਂ ਮੁੱਲਵਾਨ ਸੰਭਾਵਨਾਵਾਂ ਰੱਖਦੇ ਹਨ।’’ ਸਭਾ ਦੀ ਪ੍ਰਧਾਨ ਨੇ ਡਿਪੋਰਟ ਹੋ ਕੇ ਆਏ ਵਿਅਕਤੀਆਂ ਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕਰਦਿਆਂ ਪਰਵਾਸੀ ਭਾਰਤੀ ਸਭਾ ਦੇ ਪਰਿਵਾਰਕ ਮੈਂਬਰ ਹੋਣ ਦਾ ਅਹਿਦ ਕੀਤਾ। ਸੈਮੀਨਾਰ ਦੇ ਕੁੰਜੀਵਤ ਭਾਸ਼ਨ ਦੌਰਾਨ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੇ ਡਾ. ਰੌਣਕੀ ਰਾਮ ਨੇ ਪਰਵਾਸ ਦੇ ਕੈਨਵਸ ’ਤੇ ਇਸ ਖੇਤਰ ਦੀ ਖ਼ੁਸ਼ਹਾਲੀ ਤੇ ਯੋਗਦਾਨ ਦਾ ਜ਼ਿਕਰ ਕਰਦਿਆਂ ਕਿਹਾ ਕਿ ਨੈਪੋਲੀਅਨ ਦਾ ਜਨਰਲ ਵੀ ਇੱਥੇ ਰੁਜ਼ਗਾਰ ਲਈ ਆਇਆ ਸੀ। ਉਨ੍ਹਾਂ ਸਿੱਖ ਰਾਜ ਸਮੇਂ ਵਿਦੇਸ਼ੀ ਜਰਨੈਲਾਂ ਤੇ ਸੈਲਾਨੀਆਂ ਦਾ ਜ਼ਿਕਰ ਵੀ ਕੀਤਾ। ਅੰਗਰੇਜ਼ੀ ਹਕੂਮਤ ਤੋਂ ਲੈ ਕੇ ਅੱਜ ਤੱਕ ਉਨ੍ਹਾਂ ਨੇ ਇਸ ਖੇਤਰ ਦੀ ਰਾਜਨੀਤਿਕ-ਆਰਥਿਕ ਵਿਕਾਸ ਦੀ ਮੱਧਮ ਰਫ਼ਤਾਰ ਤੇ ਨੀਵਾਣ ਨੂੰ ਪਰਵਾਸ ਦਾ ਮੂਲ ਕਾਰਨ ਦੱਸਿਆ। ਮੰਚ ਸੰਚਾਲਨ ਦੀ ਸੇਵਾ ਡਾ. ਕੁਲਦੀਪ ਸਿੰਘ ਨੇ ਬਾਖ਼ੂਬੀ ਨਿਭਾਈ।
ਇਟਲੀ ਦੀ ਫਲੋਰੈਂਸ ਯੂਨੀਵਰਸਿਟੀ ਦੀ ਰਿਸਰਚ ਸਕਾਲਰ ਐਨੀਮੀਰੀਆ ਨੇ ਪਾਵਰ ਪੁਆਇੰਟ ਪੇਸ਼ਕਾਰੀ ਰਾਹੀਂ ਪੰਜਾਬ ਤੋਂ ਇਟਲੀ ਹੋ ਰਹੇ ਪਰਵਾਸ ਦੇ ਕਈ ਪੱਖ ਪੇਸ਼ ਕੀਤੇ। ਉਸ ਨੇ ਆਪਣੀ ਅਧਿਐਨ ਆਧਾਰਿਤ, ਪਰਵਾਸ ਕਰ ਰਹੀ ਔਰਤ ਦੇ ਕਿੱਤਾਮੁਖੀ ਵਿਕਾਸ ਲਈ ਵਿੱਤੀ ਸਹਾਇਤਾ, ਦੂਜੀ ਤੇ ਤੀਜੀ ਪੀੜ੍ਹੀ ਲਈ ਸੱਭਿਆਚਾਰਕ ਬਦਲਾਅ ਨੂੰ ਸਹਿਣ ਕਰਨ, ਪੰਜਾਬ ਤੋਂ ਨੌਜਵਾਨਾਂ ਦੇ ਪੱਡੀ ਪੱਧਰ ’ਤੇ ਪਰਵਾਸ ਕਰਨ ਦੇ ਫਾਇਦੇ ਤੇ ਨੁਕਸਾਨ ਦਾ ਮੁਲਾਂਕਣ ਕਰਨ, ਇਟਲੀ ਪਹੁੰਚਣ ਤੋਂ ਪਹਿਲਾਂ ਇਤਾਲਵੀ ਭਾਸ਼ਾ ਸਿੱਖਣ ਅਤੇ ਵੀਜ਼ੇ ਸਬੰਧੀ ਹਾਟ ਲਾਈਨ ਅਤੇ ਕਾਨੂੰਨੀ ਸਹਾਇਤਾ ਪ੍ਰਬੰਧਾਂ ਆਦਿ ਦੀਆਂ ਸਿਫ਼ਾਰਸ਼ਾਂ ਕੀਤੀਆਂ।
ਦੂਜੀ ਖੋਜ ਵਿਦਿਆਰਥਣ ਅਨਮੋਲ ਸਵੈਚ ਨੇ, ‘ਏਸ਼ੀਅਨ ਪਰਵਾਸੀ ਨੌਜਵਾਨਾਂ ਵਿੱਚ ਨਸ਼ਿਆਂ ਕਾਰਨ ਹੁੰਦੀਆਂ ਮੌਤਾਂ’ ਬਾਰੇ ਆਪਣੀ ਖੋਜ ਪੇਸ਼ ਕੀਤੀ। ਉਹ ਸਿਮਨ ਫਰੇਜ਼ਰ ਯੂਨੀਵਰਸਿਟੀ, ਬਰਨੇਬੇ, ਕੈਨੇਡਾ ਦੀ ਡਾਕਟਰ ਆਫ ਫ਼ਿਲਾਸਫ਼ੀ ਦੀ ਵਿਦਿਆਰਥਣ ਹੈ। ਉਸ ਨੇ ਕਾਨੂੰਨੀ ਪੱਖ ਅਤੇ ਨਸ਼ਾ ਕਰਨ ਵਾਲਿਆਂ ਦੀ ਮਦਦ ਕਰ ਰਹੀਆਂ ਸੰਸਥਾਵਾਂ ਦਾ ਵੀ ਜ਼ਿਕਰ ਕੀਤਾ। ਉਸ ਨੇ ਆਪਣੀ ਗੱਲਬਾਤ ਦਾ ਅੰਤ ਕਰਦਿਆਂ ਇਹ ਕਹਿ ਕੇ ਸਰੋਤਿਆਂ ਨੂੰ ਭਾਵੁਕ ਕਰ ਦਿੱਤਾ ਕਿ ਉਹ ਸੈਮੀਨਾਰ ਤੋਂ ਅਗਲੇ ਦਿਨ ਨਸ਼ਿਆਂ ਕਾਰਨ ਕੈਨੇਡਾ ਵਿਖੇ ਮਰ ਗਏ ਇੱਕ ਨੌਜਵਾਨ ਦੀਆਂ ਅਸਥੀਆਂ ਉਸ ਦੇ ਪਰਿਵਾਰ ਨੂੰ ਭੇਟ ਕਰਨ ਜਾ ਰਹੀ ਹੈ।
ਕੈਨੇਡਾ ਵਾਸੀ ਇੰਦਰਜੀਤ ਸਿੰਘ ਬੱਲ ਜੋ ਕਿ ਇੱਕ ਫਿਊਨਰਲ ਹਾਊਸ ਦੇ ਮੁਖੀ ਹਨ, ਨੇ ਸੈਮੀਨਾਰ ਦੇ ਇੱਕ ਸੈਸ਼ਨ ਦੀ ਪ੍ਰਤੀਨਿਧਤਾ ਕਰਦਿਆਂ ਦੱਸਿਆ ਕਿ ਹਰ ਮਹੀਨੇ ਉਹ ਤਣਾਅ ਕਾਰਨ ਨੌਜਵਾਨਾਂ ਦੀਆਂ ਹੁੰਦੀਆਂ ਮੌਤਾਂ ਦੌਰਾਨ ਔਸਤਨ 5 ਤੋਂ 7 ਲਾਸ਼ਾਂ ਪ੍ਰਤੀ ਮਹੀਨਾ ਪੰਜਾਬ ਭੇਜ ਰਹੇ ਹਨ। ਫਿਰ ਉਹ ਬਰੈਂਪਟਨ ਤੇ ਹੋਰ ਸ਼ਹਿਰਾਂ ਵਿੱਚ ਫਿਊਨਰਲ ਕੇਂਦਰਾਂ ਦੀ ਗਿਣਤੀ ਕਰਨ ਲੱਗੇ। ਸੈਮੀਨਾਰ ਦਾ ਪਹਿਲਾ ਸੈਸ਼ਨ ਸਾਬਕਾ ਆਈਏਐੱਸ ਕਾਹਨ ਸਿੰਘ ਪੰਨੂ ਨੇ ਕੋਆਰਡੀਨੇਟ ਕੀਤਾ। ਇਸ ਸੈਸ਼ਨ ਦੌਰਾਨ ਅਰਥ-ਸ਼ਾਸਤਰੀਆਂ ਡਾ. ਗਿਆਨ ਸਿੰਘ ਅਤੇ ਡਾ. ਸ਼ਾਲਿਨੀ ਸ਼ਰਮਾ ਨੇ ਅੰਕੜਿਆਂ ਆਧਾਰਿਤ ਪਰਵਾਸ ਦੀ ਸਥਿਤੀ ’ਤੇ ਪ੍ਰਭਾਵ ਨੂੰ ਵਿਸਥਾਰ ਪੂਰਵਕ ਪੇਸ਼ ਕੀਤਾ।
ਇਸੇ ਸੈਸ਼ਨ ਵਿੱਚ (ਆਨਲਾਈਨ) ਚੇਅਰਮੈਨ ਅੰਤਰਰਾਸ਼ਟਰੀ ਮਾਈਗ੍ਰੇਸ਼ਨ ਸੈਂਟਰ, ਤਿਰੂਵਨੰਤਪੁਰਮ (ਕੇਰਲਾ) ਪ੍ਰੋ. ਐੱਸ ਇਰੂਰਿਆ ਰਾਜਨ ਨੇ ਪਰਵਾਸ ਦੀ ਰਜਿਸਟ੍ਰੇਸ਼ਨ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਕੇਰਲਾ ਪ੍ਰਾਂਤ ਕੋਲ ਹਰ ਵਿਦੇਸ਼ ਗਏ ਵਿਅਕਤੀ ਦੇ ਅੰਕੜੇ ਮੌਜੂਦ ਹਨ। ਪਰਵਾਸੀ ਕਿੱਥੇ ਗਿਆ, ਕਿਸ ਏਜੰਸੀ ਰਾਹੀਂ ਗਿਆ, ਸਰਕਾਰੀ ਤੌਰ ’ਤੇ ਅਜਿਹੇ ਸੈਂਟਰ ਆਪਣੇ ਨਾਗਰਿਕਾਂ ਦੀ ਵਿਦੇਸ਼ਾਂ ਵਿੱਚ ਵੀ ਸੰਭਾਲ ਕਰਦੇ ਹਨ। ਉਨ੍ਹਾਂ ਕਿਹਾ ਕਿ ਸਾਲ 2010 ਦੌਰਾਨ ਮੈਂ ਪਰਵਾਸ ਦੇ ਵਹਾਅ ਤੇ ਰੁਝਾਨ ਨੂੰ ਵੇਖਣ ਲਈ ਪੰਜਾਬ ਅਤੇ ਗੁਜਰਾਤ ਆਇਆ ਸੀ। ਪੰਜਾਬ ਵਿੱਚ ਗ਼ੈਰ-ਕਾਨੂੰਨੀ ਇਮੀਗ੍ਰੇਸ਼ਨ ਕੰਪਨੀਆਂ ਤੇ ਸੈਂਟਰ ਵਿਦੇਸ਼ ਭੇਜਣ ਲਈ ਨੌਜਵਾਨਾਂ ਤੋਂ ਵੱਡੀਆਂ ਰਕਮਾਂ ਵਸੂਲ ਕਰ ਰਹੇ ਹਨ। ਕੇਰਲਾ ਵਿੱਚ ਨਰਸਾਂ ਤੇ ਹੈਲਥਕੇਅਰ ਔਰਤ ਵਰਕਰਾਂ ਦੇ ਪਰਵਾਸ ਤੇ ਉਨ੍ਹਾਂ ਨੂੰ ਸ਼ੋਸ਼ਣ ਤੋਂ ਬਚਾਉਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਂਦੇ ਹਨ। ਉੱਥੇ ਨਾਨ-ਰੈਜੀਂਡੈਂਟ ਕੇਰਲਾਈਟ ਅਫੇਰਜ਼’ (NORK1) ਵਰਗੀਆਂ ਕਈ ਸੰਸਥਾਵਾਂ ਪਰਵਾਸ ਨੂੰ ਸੁਚਾਰੂ ਬਣਾਉਣ ਲਈ ਯਤਨਸ਼ੀਲ ਹਨ।
ਵਿਦੇਸ਼ਾਂ ਤੋਂ ਆਨਲਾਈਨ ਸੈਸ਼ਨ ਦੌਰਾਨ ਇੰਗਲੈਂਡ ਤੋਂ ਸ. ਸਰਦੂਲ ਸਿੰਘ ਮਰਵਾ ਨੇ ਕਿਹਾ, ‘‘ਸਾਡਾ ਰੋਮ-ਰੋਮ ਪੰਜਾਬ ਲਈ ਤਰਸਦਾ ਹੈ। ਰਾਜਨੀਤਕ ਲੋਕਾਂ ਦੇ ਗਲ਼ਾਂ ਵਿੱਚ ਹਾਰ ਪਾਉਣੇ ਬੰਦ ਕਰ ਦਿਓ, ਬਲਕਿ ਉਨ੍ਹਾਂ ਨੂੰ ਸਵਾਲ ਪੁੱਛੋ।’’ ਅਮਰੀਕਾ ਤੋਂ ਡਾ. ਗੁਰਬਖਸ਼ ਸਿੰਘ ਭੰਡਾਲ ਨੇ ਕਿਹਾ ਕਿ ‘‘ਪਰਵਾਸ, ਪਰਵਾਸ ਲਈ ਯੋਗ ਹੋ ਕੇ ਹੀ ਕਰਨਾ ਚਾਹੀਦਾ ਹੈ।’’ ‘‘ਪਰਵਾਸ ਕਰਨ ਵਾਲੇ ਨੌਜਵਾਨਾਂ ਨੂੰ ਚੁਬਾਰਿਆਂ ਵਾਲੇ ਕਾਲਜਾਂ ਤੋਂ ਸਾਵਧਾਨ ਰਹਿਣਾ ਚਾਹੀਦਾ ਹੈ’’ ਕਹਿ ਕੇ ਅਮਰੀਕਾ ਵਾਸੀ ਓਂਕਾਰ ਸਿੰਘ ਨੇ ਨੌਜਵਾਨਾਂ ਨੂੰ ਚੌਕਸ ਕੀਤਾ। ਐਡਮਿੰਟਨ ਵਾਸੀ ਡਾ. ਆਰ.ਪੀ. ਕਾਲੀਆ ਅਨੁਸਾਰ, ‘‘ਪੰਜਾਬ ਦੇ ਨੌਜਵਾਨ ਖੇਤੀ ਸੰਕਟ, ਨਸ਼ੇ, ਬੇਰੁਜ਼ਗਾਰੀ, ਮਾੜੇ ਪ੍ਰਸ਼ਾਸਨ ਅਤੇ ਝੂਠੀ ਇਸ਼ਤਿਹਾਰਬਾਜ਼ੀ ਦੀ ਲਪੇਟ ਵਿੱਚ ਆ ਕੇ ਵੱਡੇ ਨੁਕਸਾਨ ਉਠਾ ਚੁੱਕੇ ਹਨ। ਰੈੱਡ ਐੱਫਐੱਮ ਰੇਡੀਓ ਦੇ ਪ੍ਰਤੀਨਿਧ ਰਿਸ਼ੀ ਨਾਗਰ ਨੇ ਕੈਨੇਡਾ ਪਹੁੰਚੇ ਵਿਦਿਆਰਥੀਆਂ ਦੀਆਂ ਮੁਸ਼ਕਲਾਂ ਸਾਂਝੀਆਂ ਕੀਤੀਆਂ। ਕੈਨੇਡਾ ਤੋਂ ਡਾ. ਅਮਰਜੀਤ ਸਿੰਘ ਭੁੱਲਰ ਨੇ ਪਰਵਾਸ ਕਾਰਨ ਪੰਜਾਬ ਦੇ ਹੋ ਰਹੇ ਵੱਡੇ ਆਰਥਿਕ ਨੁਕਸਾਨ ’ਤੇ ਚਿੰਤਾ ਜ਼ਾਹਰ ਕੀਤੀ। ਉਨ੍ਹਾਂ ‘ਕੈਪੀਟਲ ਫਲਾਈਟ’ ਦੇ ਸੰਭਾਵੀ ਵੱਡੇ ਆਰਥਿਕ ਨੁਕਸਾਨ ਨੂੰ ਵੀ ਛੋਹਿਆ।
ਪੰਜਾਬ ਪਰਵਾਸ ਵਿੱਚ ਦਿਲਚਸਪੀ ਰੱਖਣ ਵਾਲੀ ਫਰਾਂਸ ਮੂਲ ਦੀ ਡਾ. ਕ੍ਰਿਸਟੀਨ ਮੋਲੀਨਰ (ਜਿੰਦਲ ਯੂਨੀਵਰਸਿਟੀ, ਦਿੱਲੀ) ਨੇ ਬੇਰੁਜ਼ਗਾਰੀ, ਬੇਉਮੀਦਗੀ, ਭ੍ਰਿਸ਼ਟਾਚਾਰ ਤੇ ਮਾੜੇ ਪ੍ਰਸ਼ਾਸਨ ਨੂੰ ਮੂਲ ਰੂਪ ਵਿੱਚ ਇਸ ਦਾ ਜ਼ਿੰਮੇਵਾਰ ਠਹਿਰਾਇਆ। ਉਸ ਨੇ ਕਿਹਾ ਕਿ ਜ਼ਿੰਦਗੀ ਜਿਊਣ ਦੀ ਖੁੱਲ੍ਹ, ਸਮਾਜਿਕ ਦਬਾਅ ਅਤੇ ਪਰਵਾਸ ਕਲਚਰ ਨੇ ਵੀ ਪਰਵਾਸ ਲਈ ਮਹੱਤਵਪੂਰਨ ਰੋਲ ਨਿਭਾਇਆ ਹੈ। ਉਸ ਅਨੁਸਾਰ ਲੋਕਾਂ ਦੀ ਆਪਣੀ ਜ਼ੁਬਾਨ ਵਿੱਚ, ‘‘ਸਾਨੂੰ ਸਰਕਾਰੀ ਤੰਤਰ ’ਤੇ ਕੋਈ ਉਮੀਦ ਨਹੀਂ ਰਹੀ...ਇਮਾਨਦਾਰੀ ਨਾਲ ਇੱਥੇ ਕੁਝ ਵੀ ਨਹੀਂ ਕੀਤਾ ਜਾ ਸਕਦਾ। ਅਸੀਂ ਆਪਣੇ ਬੱਚਿਆਂ ਨੂੰ ਫ਼ੌਜ ਵਿੱਚ ਭਰਤੀ ਕਰਵਾਉਣ ਲਈ ਪੂਰੀ ਵਾਹ ਲਾਈ, ਪਰ ਉਹ ਭਰਤੀ ਨਹੀਂ ਹੋ ਸਕੇ... ਇੱਥੇ ਮਿਹਨਤ ਦਾ ਮਾਣ ਤੇ ਮੁੱਲ ਨਹੀਂ ਹੈ, ਜਦਕਿ ਕੈਨੇਡਾ ਵਿੱਚ ਤੁਹਾਡੇ ਇੱਕ ਮਿੰਟ ਦੀ ਮਿਹਨਤ ਨੂੰ ਵੀ ਮਾਣ ਨਾਲ ਨਿਵਾਜਿਆ ਜਾਂਦਾ ਹੈ।’’
ਕਿਸਾਨ ਅੰਦੋਲਨ ਤੋਂ ਬਾਅਦ ਪੰਜਾਬ ਦੀਆਂ ਸਮੱਸਿਆਵਾਂ ਵਿੱਚ ਦਿਲਚਸਪੀ ਰੱਖਣ ਵਾਲੇ ਕੁਝ ਫ੍ਰੀਲਾਂਸ ਪੱਤਰਕਾਰ ਵੀ ਇਸ ਸੈਮੀਨਾਰ ਵਿੱਚ ਪਹੁੰਚੇ ਹੋਏ ਸਨ। ਉਨ੍ਹਾਂ ਵਿੱਚੋਂ ਮੈਂ ਅਮੀਰ ਮਲਿਕ ਨੂੰ ਸੁਣਿਆ ਜੋ ਪਿਛਲੇ ਦੋ ਵਰ੍ਹਿਆਂ ਦੌਰਾਨ ਪ੍ਰਾਂਤ ਦੇ ਕਈ ਜ਼ਿਲ੍ਹਿਆਂ ’ਚ ਜ਼ਮੀਨੀ ਪੱਧਰ ’ਤੇ ਵਿਚਰਿਆ।
ਉਸ ਨੇ ਕਿਹਾ ਕਿ ਬੇਰੁਜ਼ਗਾਰੀ, ਅਗਵਾਈ ਦੀ ਅਣਹੋਂਦ ਅਤੇ ਨਸ਼ਿਆਂ ਆਦਿ ਦੇ ਹਾਲਤ ਨੇ ਨੌਜਵਾਨਾਂ ਨੂੰ ਡੌਂਕੀ ਲਾਉਣ ਲਈ ਮਜਬੂਰ ਕੀਤਾ, ਅੱਲੜ੍ਹ ਉਮਰ ਦੇ ਬੱਚਿਆਂ ਨੂੰ ਹਰ ਹੀਲੇ-ਵਸੀਲੇ ਪਰਵਾਸ ਲਈ ਉਕਸਾਇਆ। ਫਿਰ ਉਹ ਰੁਕਿਆ ਅਤੇ ਆਪਣੀਆਂ ਕਾਪੀਆਂ ਫਰੋਲਣ ਲੱਗਾ, ‘‘ਇੱਕ ਨੌਜਵਾਨ ਮੈਨੂੰ ਗੁਰਦਾਸਪੁਰ ਜ਼ਿਲ੍ਹੇ ਵਿੱਚ ਮਿਲਿਆ ਸੀ। ਉਸ ਦਾ ਬਾਪ ਸ਼ਰਾਬ ਪੀ ਕੇ ਮਰਿਆ। ਉਹ ਥੋੜ੍ਹੀ ਦੇਰ ਡਰਾਇਵਰੀ ਕਰਦਾ ਰਿਹਾ। ਗਰਮੀਆਂ ਦੇ ਦਿਨਾਂ ਵਿੱਚ ਪਿੰਡ ਦੇ ਮੁੰਡਿਆਂ ਨਾਲ ਅਪਰ ਬਾਰੀ ਦੁਆਬ ਕਨਾਲ ਵਿੱਚ ਨਹਾਉਣ ਆਇਆ ਤੇ ਇੱਕ ਅਜਿਹੇ ਵਿਅਕਤੀ ਨੂੰ ਮਿਲਿਆ ਜੋ ਨਹਿਰ ਵਿੱਚੋਂ ਲਾਸ਼ਾਂ ਕੱਢਣ ਦਾ ਕੰਮ ਕਰਦਾ ਸੀ। ਇਹੀ ਉਸ ਨੌਜਵਾਨ ਦਾ ਧੰਦਾ ਬਣ ਗਿਆ। ਉਹ ਕਹਿੰਦਾ ਮੇਰੇ ਉਸਤਾਦ ਹਜ਼ਾਰ ਦੇ ਲਗਭਗ ਲਾਸ਼ਾਂ ਨਹਿਰ ਵਿੱਚੋਂ ਕੱਢ ਚੁੱਕੇ ਹਨ। ਬਹੁਤੇ ਮਰਨ ਵਾਲੇ ਆਤਮ ਹੱਤਿਆਵਾਂ ਵਾਲੇ ਹੁੰਦੇ ਹਨ। ਜਦ ਉਸ ਨੂੰ ਪੁੱਛਿਆ ਕਿ ਤੁਸੀਂ ਕੀ ਕਰਨਾ ਚਾਹੁੰਦੇ ਹੋ, ਤਾਂ ਉਹ ਉਦਾਸ ਮੁਦਰਾ ’ਚ ਬੋਲਿਆ, ‘ਬਾਹਰਲੇ ਮੁਲਕ ਜਾਣਾ।’ ਫਿਰ ਉਹ ਟਰੈਵਲ ਏਜੰਟਾਂ ਤੇ ਹਵਾਈ ਅੱਡਿਆਂ ਤੋਂ ਵਾਪਸ ਮੁੜਨ ਦੀਆਂ ਗੱਲਾਂ ਕਰਨ ਲੱਗਾ।’’
ਇੱਥੋਂ ਮਜਬੂਰ ਕਰਨ ਵਾਲੇ ਤੇ ਓਧਰ ਖਿੱਚ ਪਾਉਣ ਵਾਲੇ ਕਾਰਨਾਂ ਬਾਰੇ ਲਗਭਗ ਹਰ ਸਪੀਕਰ ਨੇ ਚਰਚਾ ਕੀਤੀ। ਵਿਸ਼ੇ ਦੇ ਹਰ ਪੱਖ ’ਤੇ ਡੂੰਘਾ ਚਿੰਤਨ ਹੋਇਆ। ਕਈ ਸਵਾਲਾਂ ਦੇ ਉੱਤਰ ਵਿਚਾਰੇ ਗਏ, ਕਈ ਉੱਤਰ ਫਿਰ ਸਵਾਲ ਬਣ ਗਏ। ਦੂਜੇ ਦਿਨ ਦੀ ਸ਼ਾਮ ਨੂੰ ਜਦ ਮੈਂ ਘਰ ਪਰਤਿਆ ਤਾਂ ਇੱਕ ਸਨੇਹੀ ਨੇ ਡੱਬਾ ਅੱਗੇ ਕਰਦਿਆਂ ਕਿਹਾ, ‘‘ਪੂਰਾ ਲੱਡੂ ਚੱਕੋ, ਮੇਰੇ ਪੁੱਤ ਨੂੰ ਅਸਟਰੇਲੀਆ ਦੀ ਪੀ.ਆਰ. ਮਿਲ ਗਈ ਹੈ।’’ ਹੁਣ ‘ਪੰਜਾਬ’ ਨੇ ਮੇਰੇ ਅੱਗੇ ਸਵਾਲਾਂ ਦੀ ਝੜੀ ਲਾ ਦਿੱਤੀ।
ਸੰਪਰਕ: 98158-00405