ਨਾਜਾਇਜ਼ ਸ਼ਰਾਬ: ਆਪ ਵੱਲੋਂ ਐੱਸਐੱਸਪੀ ਦਫਤਰ ਅੱਗੇ ਧਰਨਾ
ਗੁਰਬਖਸ਼ਪੁਰੀ
ਤਰਨ ਤਾਰਨ, 20 ਅਗਸਤ
ਇਲਾਕੇ ਅੰਦਰ ਨਜਾਇਜ਼ ਸ਼ਰਾਬ ਦਾ ਕਾਰੋਬਾਰ ਕਰਨ ਵਾਲਿਆਂ ਖਿਲਾਫ਼ ਠੋਸ ਕਾਰਵਾਈ ਨਾ ਕੀਤੇ ਜਾਣ ਖਿਲਾਫ਼ ਆਮ ਆਦਮੀ ਪਾਰਟੀ (ਆਪ) ਵਲੋਂ ਐੱਸਐੱਸਪੀ ਦੇ ਦਫਤਰ ਅੱਜ ਦਿੱਤੇ ਧਰਨੇ ਦੌਰਾਨ ਮੰਗ ਪੱਤਰ ਦੇਣ ਦੇ ਸਵਾਲ ਤੇ ‘ਆਪ’ ਅਤੇ ਐੱਸਐੱਸਪੀ ਦੇ ਸਿੰਙ ਫਸ ਗਏ| ਇਹ ਧਰਨਾ ਪਾਰਟੀ ਦੇ ਕੋਟਕਪੂਰਾ ਦੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਦੀ ਅਗਵਾਈ ਵਿੱਚ ਦਿੱਤਾ ਗਿਆ ਸੀ| ਬਾਅਦ ਦੁਪਹਿਰ ਪਾਰਟੀ ਵਲੋਂ ਐੱਸਐੱਸਪੀ ਧਰੁਮਨ ਐਚ. ਨਿੰਬਾਲੇ ਨੂੰ ਮੰਗ ਪੱਤਰ ਲੈਣ ਲਈ ਧਰਨਾ ਵਾਲੀ ਥਾਂ ’ਤੇ ਆਉਣ ਲਈ ਕਿਹਾ ਤਾਂ ਅਧਿਕਾਰੀ ਨੇ ਪਾਰਟੀ ਦੇ ਪੰਜ ਆਗੂਆਂ ਨੂੰ ਆਪਣੇ ਦਫਤਰ ਆ ਕੇ ਮੰਗ ਪੱਤਰ ਦੇਣ ਲਈ ਕਿਹਾ| ਅਧਿਕਾਰੀ ਦੇ ਇਸ ਪ੍ਰਸਤਾਵ ਨੂੰ ਪਾਰਟੀ ਨੇ ਠੁਕਰਾ ਦਿੱਤਾ| ਦੋਵੇ ਧਿਰਾਂ ਆਪੋ-ਆਪਣੇ ਤੇ ਸਟੈਂਡ ’ਤੇ ਅੜੀਆਂ ਰਹੀਆਂ| ਸ਼ਾਮ ਦੇ ਛੇ ਵਜੇ ਦੇ ਕਰੀਬ ‘ਆਪ’ ਆਗੂਆਂ ਨੇ ਇਕ ਪਤਾ ਪਾਸ ਕਰਕੇ ਮੰਗ ਪੱਤਰ ਨਾ ਲੈਣ ਆਉਣ ਤੇ ਅਧਿਕਾਰੀ ਦੀ ਰਿਹਾਇਸ਼ ਤੇ ਰਾਤ ਨੂੰ ਜਗਰਾਤਾ ਕਰਨ ਅਤੇ ਸ਼ੁੱਕਰਵਾਰ ਤੋਂ ਪਾਰਟੀ ਦੀ ਮਾਝਾ ਜ਼ੋਨ ਇਕਾਈ ਵਲੋਂ ਲਗਾਤਾਰ ਅਧਿਕਾਰੀ ਦੇ ਦਫਤਰ ਅੱਗੇ ਧਰਨਾ ਦੇਣ ਦਾ ਐਲਾਨ ਕਰ ਦਿੱਤਾ| ਇਸ ਐਲਾਣ ਦਾ ਵੀ ਅਧਿਕਾਰੀ ’ਤੇ ਕੋਈ ਅਸਰ ਨਾ ਹੋਇਆ| ਅੰਤ ਸ਼ਾਮ ਨੇ ਸਾਢ਼ੇ ਸੱਤ ਵਜੇ ਜਿਵੇਂ ਹੀ ਪਾਰਟੀ ਦੇ ਵਾਲੰਟੀਅਰਾਂ ਨੇ ਅਧਿਕਾਰੀ ਦੀ ਰਿਹਾਇਸ ਵੱਲ ਚਾਲੇ ਪਾਏ ਤਾਂ ਅਧਿਕਾਰੀ ਨੇ ਪਾਰਟੀ ਆਗੂਆਂ ਨੂੰ ਗੱਲਬਾਤ ਲਈ ਬੁਲਾਇਆ ਜਿਸ ਨੂੰ ਪਾਰਟੀ ਆਗੂਆਂ ਨੇ ਠੁਕਰਾ ਦਿੱਤਾ| ਆਖ਼ਰੀ ਖਬਰਾਂ ਲਿਖੇ ਤਾ ਜਾਣ ਤੱਕ ਸਥਿਤੀ ਤਨਾਅ ਵਾਲੀ ਬਣੀ ਹੋਈ ਸੀ| ਆਮ ਆਦਮੀ ਪਾਰਟੀ ਦੇ ਵਾਲੰਟੀਅਰ ਫਿਰ ਤੋਂ ਧਰਨੇ ’ਤੇ ਬੈਠ ਗਏ। ਐਸਐਸਪੀ ਨੂੰ ਦੇਰ ਸ਼ਾਮ ਤੱਕ ਆਪਣੇ ਦਫਤਰ ਬੈਠਣ ਲਈ ਮਜਬੂਰ ਹੋਣਾ ਪਿਆ| ਧਰਨਾਕਾਰੀਆਂ ਨੂੰ ਹੋਰਨਾ ਤੋਂ ਇਲਾਵਾ ਮਨਜਿੰਦਰ ਸਿੰਘ ਲਾਲਪੁਰਾ, ਜਸਬੀਰ ਸਿੰਘ ਸੁਰਸਿੰਘ, ਕਸ਼ਮੀਰ ਸਿੰਘ ਸੋਹਲ, ਰਣਜੀਤ ਸਿੰਘ ਚੀਮਾ, ਗੁਰਦੇਵ ਸਿੰਘ ਲਖਣਾ, ਲਾਲਜੀਤ ਸਿੰਘ ਭੁੱਲਰ, ਦਲਬੀਰ ਸਿੰਘ ਟੋਂਗ, ਹਰਭਜਨ ਸਿੰਘ ਈਟੀਓ ਨੇ ਸੰਬੋਧਨ ਕੀਤਾ| ਬੁਲਾਰਿਆਂ ਸੂਬਾ ਸਰਕਾਰ ਵਲੋਂ ਨਜਾਇਜ਼ ਸ਼ਰਾਬ ਦੇ ਕਾਰੋਬਾਰੀਆਂ ਖਿਲਾਫ਼ ਕਾਰਵਾਈ ਨਾ ਕਰਨ ਦੀ ਨਿਖੇਧੀ ਕੀਤੀ|