ICC: ਇਕ ਦਿਨਾ ਮੈਚਾਂ ਵਿੱਚ ਦੋ ਗੇਂਦਾਂ ਦੇ ਨਿਯਮ ਨੂੰ ਬਦਲ ਸਕਦੀ ਹੈ ਆਈਸੀਸੀ
ਨਵੀਂ ਦਿੱਲੀ, 12 ਅਪਰੈਲ
ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ (ਆਈਸੀਸੀ) 50 ਓਵਰਾਂ ਦੇ ਫਾਰਮੈਟ ਵਿੱਚ ਦੋ ਗੇਂਦਾਂ ਵਰਤਣ ਦੇ ਨਿਯਮ ਵਿੱਚ ਬਦਲਾਅ ਕਰ ਸਕਦੀ ਹੈ। ਸਾਬਕਾ ਭਾਰਤੀ ਕਪਤਾਨ ਸੌਰਵ ਗਾਂਗੁਲੀ ਦੀ ਅਗਵਾਈ ਵਾਲੀ ਆਈਸੀਸੀ ਕ੍ਰਿਕਟ ਕਮੇਟੀ ਨੇ ਇਕ ਦਿਨਾ ਮੈਚਾਂ ਵਿੱਚ ਇੱਕ ਗੇਂਦ ਦੀ ਵਰਤੋਂ ਕਰਨ ਦੀ ਸਿਫ਼ਾਰਸ਼ ਕੀਤੀ ਹੈ। ਇਸ ਵੇਲੇ ਦੋ ਗੇਂਦਾਂ ਵਰਤਣ ਦੇ ਨਿਯਮ ਦਹਾਕੇ ਤੋਂ ਵੱਧ ਸਮੇਂ ਤੋਂ ਲਾਗੂ ਹਨ। ਆਈਸੀਸੀ ਬੋਰਡ ਵੱਲੋਂ ਭਲਕੇ 13 ਅਪਰੈਲ ਨੂੰ ਹਰਾਰੇ ਵਿਚ ਇਸ ਮੁੱਦੇ ’ਤੇ ਚਰਚਾ ਕੀਤੀ ਜਾਵੇਗੀ। ਇਸ ਵੇਲੇ ਵਨ ਡੇਅ ਮੈਚਾਂ ਵਿੱਚ ਦੋ ਨਵੀਆਂ ਸਫੈਦ ਗੇਂਦਾਂ ਦੀ ਵਰਤੋਂ ਕੀਤੀ ਜਾਂਦੀ ਹੈ। ਗੇਂਦਬਾਜ਼ ਹਰ ਸਿਰੇ ਤੋਂ ਵੱਖਰੀਆਂ ਨਵੀਆਂ ਗੇਂਦਾਂ ਨਾਲ ਗੇਂਦਬਾਜ਼ੀ ਕਰਦੇ ਹਨ ਜਿਸ ਕਾਰਨ ਗੇਂਦ ਸਖ਼ਤ ਬਣੀ ਰਹਿੰਦੀ ਹੈ ਤੇ ਬੱਲੇਬਾਜ਼ਾਂ ਨੂੰ ਖੁੱਲ੍ਹ ਕੇ ਦੌੜਾਂ ਬਣਾਉਣ ਦਾ ਮੌਕਾ ਮਿਲਦਾ ਹੈ। ਆਈਸੀਸੀ ਬੋਰਡ ਦੇ ਇਕ ਮੈਂਬਰ ਨੇ ਦੱਸਿਆ ਕਿ ਆਈਸੀਸੀ ਕ੍ਰਿਕਟ ਸਮਿਤੀ ਨੇ ਤਿੰਨ ਨਿਯਮਾਂ ਵਿਚ ਬਦਲਾਅ ਲਿਆਉਣ ਦੀ ਸਿਫਾਰਸ਼ ਕੀਤੀ ਹੈ, ਇਕ ਦਿਨਾ ਕ੍ਰਿਕਟ ਵਿਚ ਇਕ ਸਫੈਦ ਗੇਂਦ ਦੀ ਵਰਤੋਂ, ਟੈਸਟ ਮੈਚ ਵਿਚ ਓਵਰ ਰੇਟ ਦੀ ਜਾਂਚ ਕਰਨ ਲਈ ਕਲਾਕ ਟਾਈਮਰ ਦੀ ਵਰਤੋਂ ਤੇ ਅੰਡਰ 19 ਪੁਰਸ਼ ਵਿਸ਼ਵ ਕੱਪ ਕੋ 50 ਓਵਰਾਂ ਨੂੰ ਟੀ 20 ਵਿਚ ਬਦਲਣਾ। ਇਹ ਸੰਭਾਵਨਾ ਹੈ ਕਿ 25ਵੇਂ ਓਵਰ ਤਕ ਦੋ ਗੇਂਦਾਂ ਦੀ ਵਰਤੋਂ ਕੀਤੀ ਜਾ ਸਕੇਗੀ ਤੇ ਉਸ ਤੋਂ ਬਾਅਦ ਗੇਂਦਬਾਜ਼ੀ ਕਰਨ ਵਾਲੀ ਟੀਮ ਨੂੰ ਮੈਚ ਪੂਰਾ ਕਰਨ ਲਈ ਦੋ ਗੇਂਦਾਂ ਵਿਚੋਂ ਇਕ ਚੁਣਨ ਦਾ ਵਿਕਲਪ ਦਿੱਤਾ ਜਾ ਸਕਦਾ ਹੈ।