ਆਈਸੀਸੀ ਨੇ ਅਈਅਰ ਨੂੰ ਮਾਰਚ ਮਹੀਨੇ ਦਾ ਸਰਬੋਤਮ ਕ੍ਰਿਕਟਰ ਐਲਾਨਿਆ
ਦੁਬਈ, 15 ਅਪਰੈਲ
ਭਾਰਤ ਦੀ ਚੈਂਪੀਅਨਜ਼ ਟਰਾਫੀ ਦੀ ਜਿੱਤ ’ਚ ਅਹਿਮ ਭੂਮਿਕਾ ਨਿਭਾਉਣ ਵਾਲੇ ਬੱਲੇਬਾਜ਼ ਸ਼੍ਰੇਅਸ ਅਈਅਰ ਨੇ ਅੱਜ ਮਾਰਚ ਮਹੀਨੇ ਲਈ ਕੌਮਾਂਤਰੀ ਕ੍ਰਿਕਟ ਕੌਂਸਲ (ਆਈਸੀਸੀ) ਦਾ ਸਰਬੋਤਮ ਪੁਰਸ਼ ਖਿਡਾਰੀ ਦਾ ਪੁਰਸਕਾਰ ਜਿੱਤਿਆ ਹੈ। ਅਈਅਰ ਨੇ ਚੈਂਪੀਅਨਜ਼ ਟਰਾਫੀ ਇੱਕ ਰੋਜ਼ਾ ਮੁਕਾਬਲੇ ਵਿੱਚ ਸਭ ਤੋਂ ਵੱਧ 243 ਦੌੜਾਂ ਬਣਾਈਆਂ ਸਨ। ਉਸ ਨੇ ਇਸ ਪੁਰਸਕਾਰ ਦੀ ਦੌੜ ਵਿੱਚ ਸ਼ਾਮਲ ਨਿਊਜ਼ੀਲੈਂਡ ਦੇ ਜੈਕਬ ਡਫੀ ਅਤੇ ਰਚਿਨ ਰਵਿੰਦਰਾ ਨੂੰ ਪਛਾੜਿਆ। ਇਸ ਬਾਰੇ ਅਈਅਰ ਨੇ ਕਿਹਾ, ‘ਮਾਰਚ ਲਈ ਆਈਸੀਸੀ ਦਾ ਸਰਬੋਤਮ ਪੁਰਸ਼ ਖਿਡਾਰੀ ਚੁਣੇ ਜਾਣ ’ਤੇ ਮੈਨੂੰ ਮਾਣ ਮਹਿਸੂਸ ਹੋ ਰਿਹਾ ਹੈ।’ ਉਸ ਨੇ ਕਿਹਾ, ‘ਇੰਨੇ ਵੱਡੇ ਟੂਰਨਾਮੈਂਟ ਵਿੱਚ ਭਾਰਤ ਦੀ ਜਿੱਤ ’ਚ ਯੋਗਦਾਨ ਪਾਉਣਾ ਹਰ ਕ੍ਰਿਕਟਰ ਦਾ ਸੁਫਨਾ ਹੁੰਦਾ ਹੈ। ਮੈਂ ਆਪਣੇ ਸਾਥੀਆਂ, ਕੋਚਾਂ ਅਤੇ ਸਹਾਇਕ ਸਟਾਫ਼ ਦਾ ਉਨ੍ਹਾਂ ਦੇ ਸਮਰਥਨ ਤੇ ਵਿਸ਼ਵਾਸ ਲਈ ਧੰਨਵਾਦੀ ਹਾਂ। ਪ੍ਰਸ਼ੰਸਕਾਂ ਦਾ ਵੀ ਦਿਲੋਂ ਧੰਨਵਾਦ। ਤੁਹਾਡੀ ਊਰਜਾ ਅਤੇ ਹੌਸਲਾ-ਅਫ਼ਜ਼ਾਈ ਸਾਨੂੰ ਹਰ ਕਦਮ ’ਤੇ ਅੱਗੇ ਵਧਣ ਵਿੱਚ ਮਦਦ ਕਰਦੀ ਹੈ।’ ਲਗਾਤਾਰ ਦੂਜੇ ਮਹੀਨੇ ਕਿਸੇ ਭਾਰਤੀ ਖਿਡਾਰੀ ਨੇ ਇਹ ਪੁਰਸਕਾਰ ਜਿੱਤਿਆ ਹੈ। ਇਸ ਤੋਂ ਪਹਿਲਾਂ ਸ਼ੁਭਮਨ ਗਿੱਲ ਨੇ ਫਰਵਰੀ ਮਹੀਨੇ ਲਈ ਇਹ ਪੁਰਸਕਾਰ ਜਿੱਤਿਆ ਸੀ। ਅਈਅਰ ਨੇ ਵਿਚਕਾਰਲੇ ਓਵਰਾਂ ਵਿੱਚ ਸ਼ਾਨਦਾਰ ਬੱਲੇਬਾਜ਼ੀ ਕਰਕੇ ਚੈਂਪੀਅਨਜ਼ ਟਰਾਫੀ ਵਿੱਚ ਭਾਰਤ ਦੀ ਜਿੱਤ ’ਚ ਅਹਿਮ ਭੂਮਿਕਾ ਨਿਭਾਈ। ਉਸ ਨੇ ਕੁਝ ਅਹਿਮ ਭਾਈਵਾਲੀਆਂ ਕੀਤੀਆਂ, ਜਿਸ ਸਦਕਾ ਭਾਰਤ ਨੇ ਟੂਰਨਾਮੈਂਟ ਵਿੱਚ ਜਿੱਤ ਹਾਸਲ ਕੀਤੀ। -ਪੀਟੀਆਈ