ਬੈਡਮਿੰਟਨ: ਸੁਦੀਰਮਨ ਕੱਪ ’ਚ ਸਿੰਧੂ ਤੇ ਸੇਨ ਕਰਨਗੇ ਭਾਰਤੀ ਚੁਣੌਤੀ ਦੀ ਅਗਵਾਈ
ਨਵੀਂ ਦਿੱਲੀ, 15 ਅਪਰੈਲ
ਦੋ ਵਾਰ ਦੀ ਓਲੰਪਿਕ ਤਗ਼ਮਾ ਜੇਤੂ ਪੀਵੀ ਸਿੰਧੂ ਅਤੇ ਲਕਸ਼ੈ ਸੇਨ 27 ਅਪਰੈਲ ਤੋਂ 4 ਮਈ ਤੱਕ ਚੀਨ ਵਿੱਚ ਹੋਣ ਵਾਲੇ ਸੁਦੀਰਮਨ ਕੱਪ ਬੈਡਮਿੰਟਨ ਫਾਈਨਲਜ਼ ਵਿੱਚ ਭਾਰਤੀ ਚੁਣੌਤੀ ਦੀ ਅਗਵਾਈ ਕਰਨਗੇ। ਆਪਣੀ ਵਿਸ਼ਵ ਰੈਂਕਿੰਗ ਦੇ ਆਧਾਰ ’ਤੇ ਭਾਰਤ ਨੇ ਇਸ ਵੱਕਾਰੀ ਮਿਕਸਡ ਟੀਮ ਚੈਂਪੀਅਨਸ਼ਿਪ ਲਈ ਕੁਆਲੀਫਾਈ ਕੀਤਾ ਹੈ। ਭਾਰਤ ਨੂੰ ਗਰੁੱਪ ਡੀ ਵਿੱਚ ਸਾਬਕਾ ਚੈਂਪੀਅਨ ਇੰਡੋਨੇਸ਼ੀਆ ਅਤੇ ਦੋ ਵਾਰ ਦੇ ਉਪ ਜੇਤੂ ਡੈਨਮਾਰਕ ਨਾਲ ਰੱਖਿਆ ਗਿਆ ਹੈ। ਸੱਟਾਂ ਤੋਂ ਉਭਰਨ ਮਗਰੋਂ ਸਾਤਵਿਕਸਾਈਰਾਜ ਰੰਕੀਰੈੱਡੀ ਅਤੇ ਚਿਰਾਗ ਸ਼ੈੱਟੀ ਵੀ 14 ਮੈਂਬਰੀ ਭਾਰਤੀ ਟੀਮ ਵਿੱਚ ਵਾਪਸ ਆ ਗਏ ਹਨ। ਹਾਲਾਂਕਿ ਮਹਿਲਾ ਡਬਲਜ਼ ਵਿੱਚ ਗਾਇਤਰੀ ਗੋਪੀਚੰਦ ਅਤੇ ਟਰੀਸਾ ਜੌਲੀ ਫਿਟਨੈਸ ਕਾਰਨਾਂ ਕਰਕੇ ਨਹੀਂ ਖੇਡਣਗੀਆਂ। ਉਨ੍ਹਾਂ ਦੀ ਜਗ੍ਹਾ ਪ੍ਰਿਆ ਕੋਨਜੇਂਗਬਮ ਅਤੇ ਸ਼ਰੂਤੀ ਮਿਸ਼ਰਾ ਮਹਿਲਾ ਡਬਲਜ਼ ਵਰਗ ਵਿੱਚ ਮੁਕਾਬਲਾ ਕਰਨਗੀਆਂ। ਪੁਰਸ਼ ਡਬਲਜ਼ ਵਿੱਚ ਹਰੀਹਰਨ ਏ ਅਤੇ ਰੂਬੇਨ ਕੁਮਾਰ ਨੂੰ ਸਾਤਵਿਕ ਅਤੇ ਚਿਰਾਗ ਦੇ ਬੈਕਅੱਪ ਵਜੋਂ ਰੱਖਿਆ ਗਿਆ ਹੈ। ਬੈਡਮਿੰਟਨ ਐਸੋਸੀਏਸ਼ਨ ਆਫ ਇੰਡੀਆ ਦੇ ਸਕੱਤਰ ਜਨਰਲ ਸੰਜੈ ਮਿਸ਼ਰਾ ਨੇ ਕਿਹਾ, ‘ਚੋਣਕਾਰਾਂ ਨੇ ਸਭ ਤੋਂ ਵਧੀਆ ਟੀਮ ਦੀ ਚੋਣ ਕੀਤੀ ਹੈ। -ਪੀਟੀਆਈ