ਨਾਲੇ ਦੀ ਸਫ਼ਾਈ ਨਾ ਹੋਣ ਕਾਰਨ ਸੈਂਕੜੇ ਏਕੜ ਫ਼ਸਲ ਡੁੱਬੀ
ਲਖਨਪਾਲ ਸਿੰਘ
ਮਜੀਠਾ, 28 ਜੂਨ
ਕਸਬਾ ਮਜੀਠਾ ਦੇ ਨਾਲ ਦੀ ਲੰਘਦੇ ਬਰਸਾਤੀ ਨਾਲੇ ਦੀ ਸਫ਼ਾਈ ਨਾ ਹੋਣ ਕਾਰਨ ਸੈਂਕੜੇ ਏਕੜ ਝੋਨੇ ਦੀ ਫ਼ਸਲ ਅਤੇ ਪਸ਼ੂਆਂ ਦਾ ਚਾਰਾ ਪਾਣੀ ਵਿੱਚ ਡੁੱਬਣ ਕਾਰਨ ਬਰਬਾਦ ਹੋ ਗਿਆ ਹੈ। ਅੱਜ ਜਮਹੂਰੀ ਕਿਸਾਨ ਸਭਾ ਦੀ ਅਗਵਾਈ ਵਿੱਚ ਖੜ੍ਹੇ ਹੋਏ ਕਿਸਾਨਾਂ ਨੇ ਦੱਸਿਆ ਕਿ ਇਸ ਵਾਰ ਮਜੀਠਾ ਵਿੱਚੋਂ ਦੀ ਲੰਘਦੇ ਨਾਲੇ ਦੀ ਸਫ਼ਾਈ ਨਹੀਂ ਹੋਈ ਜਿਸ ਨਾਲ ਬੂਟੀ ਭਰੀ ਪਈ ਹੈ। ਇਸ ਨਾਲ ਉਨ੍ਹਾਂ ਦੀ ਸੈਂਕੜੇ ਏਕੜ ਜ਼ਮੀਨ ਪਿਛਲੇ ਦਿਨੀਂ ਹੋਈ ਭਾਰੀ ਬਰਸਾਤ ਦੇ ਪਾਣੀ ਦੀ ਮਾਰ ਹੇਠ ਆ ਕੇ ਬਰਬਾਦ ਹੋ ਗਈ ਹੈ।
ਜਮਹੂਰੀ ਕਿਸਾਨ ਸਭਾ ਦੇ ਸੂਬਾ ਆਗੂ ਮਾਸਟਰ ਹਰਭਜਨ ਸਿੰਘ ਟਰਪਈ, ਸਰਕਲ ਪ੍ਰਧਾਨ ਰਣਬੀਰ ਸਿੰਘ ਮਜੀਠਾ ਨੇ ਆਪਣੇ ਸਾਥੀਆਂ ਸਰਤਾਜ ਸਿੰਘ ਸੁਪਾਰੀਵਿੰਡ, ਰਵਿੰਦਰ ਸਿੰਘ ਮਜੀਠਾ, ਜਸਬੀਰ ਸਿੰਘ, ਗੁਰਕਵਰ ਸਿੰਘ, ਜਤਿੰਦਰ ਸਿੰਘ ਦਾਦੂਪੁਰਾ, ਦਲਜੀਤ ਸਿੰਘ ਫੌਜੀ, ਅਮਰਬੀਰ ਸਿੰਘ ਦਾਦੁਪਰਾ, ਅਮਨਦੀਪ ਸਿੰਘ ਨੇ ਪਾਣੀ ਨਾਲ ਬਰਬਾਦ ਹੋਈਆਂ ਕਿਸਾਨਾਂ ਦੀਆਂ ਫ਼ਸਲਾਂ ਦਾ ਜਾਇਜ਼ਾ ਲਿਆ। ਇਸ ਮਗਰੋਂ ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਸਰਕਾਰ ਵੱਲੋਂ ਨਾਲੇ ਦੀ ਸਫ਼ਾਈ ਨਾ ਹੋਣ ਕਾਰਨ ਬਰਸਾਤ ਦੇ ਪਾਣੀ ਨਾਲ ਕਿਸਾਨਾਂ ਦੀਆਂ ਫ਼ਸਲਾਂ ਦੇ ਹੋਏ ਨੁਕਸਾਨ ਦੀਆਂ ਗਿਰਦਾਵਰੀਆਂ ਕਰਵਾ ਕੇ ਬਣਦਾ ਮੁਆਵਜ਼ਾ ਦਿੱਤਾ ਜਾਵੇ। ਮਾਸਟਰ ਹਰਭਜਨ ਸਿੰਘ ਟਰਪਈ ਨੇ ਕਿਹਾ ਕਿ ਇਸ ਸਬੰਧ ਵਿੱਚ ਜਲਦ ਹੀ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਜਾਂ ਐਸਡੀਐਮ ਮਜੀਠਾ ਨੂੰ ਮੰਗ ਪੱਤਰ ਦੇਣਗੇ।