ਪੁਸਤਕ ‘ਮੀਡੀਆ ਆਲੋਚਕ ਦੀ ਆਤਮ ਕਥਾ’ ਉੱਤੇ ਚਰਚਾ
ਪੱਤਰ ਪ੍ਰੇਰਕ
ਅੰਮ੍ਰਿਤਸਰ, 6 ਮਈ
ਕਾਲਮ ਨਵੀਸ ਅਤੇ ਮੀਡੀਆ ਆਲੋਚਕ ਪ੍ਰੋ. ਕੁਲਬੀਰ ਸਿੰਘ ਦੀ ਨਵ-ਪ੍ਰਕਾਸ਼ਿਤ ਆਲੋਚਨਾ ਪੁਸਤਕ ‘ਮੀਡੀਆ ਆਲੋਚਕ ਦੀ ਆਤਮ ਕਥਾ’ ਉੱਤੇ ਸਥਾਨਕ ਕੇ.ਟੀ. ਕਲਾ ਮਿਊਜ਼ੀਅਮ ’ਚ ਵਿਚਾਰ ਚਰਚਾ ਕਰਵਾਈ ਗਈ। ਯੂਐੱਨ ਐਂਟਰਟੇਨਮੈਂਟ ਸੁਸਾਇਟੀ ਵੱਲੋਂ ਗਾਇਕ ਅਤੇ ਸੰਗੀਤਕਾਰ ਹਰਿੰਦਰ ਸੋਹਲ ਅਤੇ ਬ੍ਰਿਜੇਸ਼ ਜੌਲੀ ਦੇ ਸਹਿਯੋਗ ਨਾਲ ਹੋਏ ਇਸ ਸਮਾਗਮ ਦਾ ਸੰਚਾਲਨ ਸ਼ਾਇਰ ਮਲਵਿੰਦਰ ਨੇ ਕੀਤਾ।
ਡਾ. ਲਖਬੀਰ ਸਿੰਘ ਨੇ ਚਰਚਾ ਦਾ ਆਗਾਜ਼ ਕਰਦਿਆਂ ਕਿਹਾ ਕਿ ਪੁਸਤਕ ਅੰਦਰਲੀ ਸਾਹਿਤਕ ਸ਼ਬਦਾਵਲੀ ਸੋਹਜ ਮਈ ਸੰਵਾਦ ਰਚਾਉਂਦੀ ਹੈ। ਡਾ. ਹੀਰਾ ਸਿੰਘ ਨੇ ਕਿਹਾ ਕਿ ਪ੍ਰੋ. ਕੁਲਬੀਰ ਸਿੰਘ ਦੀ ਇਹ ਪੁਸਤਕ ਸਫਲ ਬੰਦੇ ਦੀ ਜੀਵਨ ਗਾਥਾ ਹੈ, ਜਿਸ ਵਿੱਚ ਉਹ ਸਫ਼ਲ ਜੀਵਨ ਦੇ ਗੁਰ ਦੱਸਦਾ ਹੈ। ਡਾ. ਬਲਜੀਤ ਕੌਰ ਰਿਆੜ ਨੇ ਕਿਹਾ ਕਿ ਚਰਚਾ ਅਧੀਨ ਪੁਸਤਕ ਦੇ ਲੇਖਕ ਦੀ ਸਫਲਤਾ ਇਸ ਗੱਲ ਵਿੱਚ ਹੈ ਕਿ ਉਸ ਨੇ ਆਪਣਾ ਮਨਪਸੰਦ ਕਿੱਤਾ ਚੁਣਿਆ ਅਤੇ ਆਪਣੇ ਸ਼ੌਕ ਨੂੰ ਕਿੱਤੇ ਨਾਲ ਜੋੜ ਕੇ ਸਫਲਤਾ ਅਤੇ ਪ੍ਰਸਿੱਧੀ ਪ੍ਰਾਪਤ ਕੀਤੀ ਹੈ। ਚਰਚਾ ਨੂੰ ਸਮੇਟਦਿਆਂ ਡਾ. ਮਨਜਿੰਦਰ ਸਿੰਘ ਨੇ ਕਿਹਾ ਕਿ ਇਸ ਪੁਸਤਕ ਵਿੱਚੋਂ ਪੰਜਾਬੀ ਮੀਡੀਆ ਦੇ ਵਿਕਾਸ ਦੀ ਇਤਿਹਾਸਕ ਰੇਖਾ ਨੂੰ ਵੀ ਸਪੱਸ਼ਟ ਰੂਪ ਵਿਚ ਵੇਖਿਆ ਜਾ ਸਕਦਾ। ਇਸ ਮੌਕੇ ਪੰਜਾਬੀ ਰਸਾਲੇ ਮੰਤਵ ਦਾ ਪ੍ਰਥਮ ਅੰਕ ਵੀ ਲੋਕ ਅਰਪਣ ਕੀਤਾ ਗਿਆ।