ਪੱਤਰਕਾਰਾਂ ਨੂੰ ਦਰਪੇਸ਼ ਮੁਸ਼ਕਲਾਂ ਬਾਰੇ ਵਿਚਾਰਾਂ
ਪੱਤਰ ਪ੍ਰੇਰਕ
ਧਾਰੀਵਾਲ, 6 ਮਈ
ਕੌਮਾਂਤਰੀ ਪ੍ਰੈੱਸ ਆਜ਼ਾਦੀ ਦਿਵਸ ਨੂੰ ਸਮਰਪਿਤ ਪ੍ਰੈੱਸ ਯੂਨੀਅਨ ਧਾਰੀਵਾਲ ਦੀ ਮੀਟਿੰਗ ਯੂਨੀਅਨ ਦੇ ਦਫਤਰ ਪੁਰਾਣਾ ਧਾਰੀਵਾਲ ਵਿੱਚ ਇੰਦਰਜੀਤ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੌਰਾਨ ਪੱਤਰਕਾਰਾਂ ਭਾਈਚਾਰੇ ਨੂੰ ਫੀਲਡ ਵਿੱਚ ਆਉਂਦੀਆਂ ਮੁਸ਼ਕਲਾਂ ਬਾਰੇ ਵਿਚਾਰ-ਚਰਚਾ ਕੀਤੀ ਅਤੇ ਪੱਤਰਕਾਰਾਂ ਉੱਪਰ ਹੁੰਦੇ ਹਮਲਿਆਂ ’ਤੇ ਚਿੰਤਾ ਜ਼ਾਹਰ ਕਰਦਿਆਂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਪੱਤਰਕਾਰਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ। ਮੀਟਿੰਗ ਦੌਰਾਨ ਯੂਨੀਅਨ ਦੇ ਸਾਬਕਾ ਪ੍ਰਧਾਨ ਰਮੇਸ਼ ਨੰਦਾ ਨੇ ਕਿਹਾ ਕਿ ਪ੍ਰੈੱਸ ਲੋਕਤੰਤਰ ਦਾ ਚੌਥਾ ਥੰਮ੍ਹ ਮੰਨਿਆਂ ਜਾਂਦਾ ਹੈ। ਪੱਤਰਕਾਰਾਂ ਨੂੰ ਨਿੱਡਰਤਾ, ਨਿਰਪੱਖਤਾ ਅਤੇ ਬਿਨਾਂ ਕਿਸੇ ਲਾਲਚ ਦੇ ਲੋਕ ਮੁੱਦੇ ਉਜਾਗਰ ਕਰਨੇ ਚਾਹੀਦੇ ਹਨ ਅਤੇ ਖਬਰ ਪ੍ਰਕਾਸ਼ਿਤ ਕਰਨ ਤੋਂ ਪਹਿਲਾਂ ਹਰ ਪਹਿਲੂ ਦੀ ਜਾਂਚ ਕਰਨੀ ਚਾਹੀਦੀ ਹੈ। ਉਨ੍ਹਾਂ ਨੇ ਪੱਤਰਕਾਰਾਂ ਭਾਈਚਾਰੇ ਨੂੰ ਅਪੀਲ ਕੀਤੀ ਕਿ ਖਬਰ ਪ੍ਰਕਾਸ਼ਿਤ ਕਰਨ ਸਮੇਂ ਧਿਰ ਨਾ ਬਣਿਆ ਜਾਵੇ। ਮੀਟਿੰਗ ਵਿੱਚ ਰਮੇਸ਼ ਨੰਦਾ, ਪ੍ਰੇਮ ਸਿੰਘ, ਸਵਰਨ ਸਿੰਘ, ਨੰਦ ਕਿਸ਼ੋਰ ਰਾਜੂ ਖੋਸਲਾ, ਸੁੱਚਾ ਸਿੰਘ ਪਸਨਾਵਾਲ, ਗੁਰਬਚਨ ਸਿੰਘ ਬਮਰਾਹ, ਲਖਬੀਰ ਸਿੰਘ ਖੁੰਡਾ, ਲਵਲੀ ਨਾਗੀ, ਬਲਬੀਰ ਬੱਬਰ, ਅਸ਼ੋਕ ਕੁਮਾਰ, ਰਣਜੀਤ ਸਿੰਘ,ਅਰੁਣ ਕੁਮਾਰ ਆਦਿ ਪੱਤਰਕਾਰ ਹਾਜ਼ਰ ਸਨ।