Houthi Rebels ਟਰੰਪ ਦੀ ਹਰੀ ਝੰਡੀ ਮਗਰੋਂ ਯਮਨ ’ਚ ਹੂਤੀ ਬਾਗ਼ੀਆਂ ’ਤੇ ਹਮਲੇ, 31 ਮੌਤਾਂ
ਵੈਸਟ ਪਾਮ ਬੀਚ (ਅਮਰੀਕਾ), 16 ਮਾਰਚ
Houthi Rebels ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀ ਹਰੀ ਝੰਡੀ ਮਗਰੋਂ ਸ਼ਨਿੱਚਰਵਾਰ ਨੂੰ ਯਮਨ ਵਿਚ ਹੂਤੀ ਬਾਗ਼ੀਆਂ ਦੇ ਕਬਜ਼ੇ ਵਾਲੇ ਇਲਾਕਿਆਂ ਵਿਚ ਲੜੀਵਾਰ ਹਵਾਈ ਹਮਲੇ ਕੀਤੇ ਗਏ। ਟਰੰਪ ਨੇ ਚੇਤਾਵਨੀ ਦਿੱਤੀ ਕਿ ਜਦੋਂ ਤੱਕ ਇਰਾਨ ਹਮਾਇਤੀ ਹੂਤੀ ਬਾਗ਼ੀ ਅਹਿਮ ਸਮੁੰਦਰੀ ਗਲਿਆਰੇ ਵਿਚ ਆਉਣ ਜਾਣ ਵਾਲੇ ਮਾਲਵਾਹਕ ਬੇੜਿਆਂ ’ਤੇ ਹਮਲੇ ਬੰਦ ਨਹੀਂ ਕਰਦੇ, ਉਦੋਂ ਤੱਕ ਅਮਰੀਕਾ ਹਮਲੇ ਜਾਰੀ ਰੱਖੇਗਾ।
ਹੂਤੀ ਬਾਗੀਆਂ ਨੇ ਦਾਅਵਾ ਕੀਤਾ ਕਿ ਇਨ੍ਹਾਂ ਹਵਾਈ ਹਮਲਿਆਂ ਵਿਚ ਘੱਟੋ-ਘੱਟ 31 ਨਾਗਰਿਕਾਂ ਦੀ ਜਾਨ ਜਾਂਦੀ ਰਹੀ ਹੈ। ਟਰੰਪ ਨੇ ਸੋਸ਼ਲ ਮੀਡੀਆ ’ਤੇ ਕਿਹਾ ਕਿ ਉਨ੍ਹਾਂ ਦੇ ਬਹਾਦਰ ਫੌਜੀ ਅਮਰੀਕੀ ਜਲਮਾਰਗਾਂ ਤੇ ਜਲਸੈਨਾ ਦੀ ਸੰਪਤੀ ਦੀ ਰਾਖੀ ਲਈ ਦਹਿਸ਼ਤਗਰਦਾਂ ਦੇ ਟਿਕਾਣਿਆਂ ’ਤੇ ਹਵਾਈ ਹਮਲੇ ਕਰ ਰਹੇ ਹਨ। ਕੋਈ ਵੀ ਦਹਿਸ਼ਤਵਾਦੀ ਤਾਕਤ ਅਮਰੀਕੀ ਵਪਾਰਕ ਤੇ ਜਲਸੈਨਾ ਦੇ ਬੇੜਿਆ ਨੂੰ ਜਲਮਾਰਗਾਂ ’ਤੇ ਆਉਣ ਜਾਣ ਤੋਂ ਨਹੀਂ ਰੋਕੇਗਾ। ਅਮਰੀਕੀ ਸਦਰ ਨੇ ਇਰਾਨ ਨੂੰ ਚੇਤਾਵਨੀ ਦਿੱਤੀ ਕਿ ਉਹ ਹੂਤੀ ਬਾਗ਼ੀਆਂ ਦੀ ਹਮਾਇਤ ਬੰਦ ਕਰੇ, ਨਹੀਂ ਤਾਂ ਉਨ੍ਹਾਂ ਦੀ ਕਾਰਵਾਈ ਲਈ ‘ਪੂਰੀ ਤਰ੍ਹਾਂ ਨਾਲ ਜਵਾਬਦੇਹ’ ਠਹਿਰਾਇਆ ਜਾਵੇਗਾ।
ਹੂਤੀ ਬਾਗ਼ੀਆਂ ਨੇ ਸ਼ਨਿੱਚਰਵਾਰ ਸ਼ਾਮ ਨੂੰ ਸਨਾ ਤੇ ਸਾਊਦੀ ਅਰਬ ਦੀ ਸਰਹੱਦ ’ਤੇ ਹਵਾਈ ਹਮਲਿਆਂ ਦੀ ਜਾਣਕਾਰੀ ਦਿੱਤੀ ਤੇ ਐਤਵਾਰ ਤੜਕੇ ਹੋਦੀਦਾ, ਬਾਇਦਾ ਤੇ ਮਾਰਿਬ ’ਤੇ ਹਵਾਈ ਹਮਲੇ ਕੀਤੇ ਗਏ। ਸਿਹਤ ਮੰਤਰਾਲੇ ਮੁਤਾਬਕ ਇਨ੍ਹਾਂ ਹਮਲਿਆਂ ਵਿੱਚ ਕੁੱਲ 31 ਵਿਅਕਤੀ ਮਾਰੇ ਗਏ ਤੇ ਦੋ ਦਰਜਨ ਹੋਰ ਜ਼ਖ਼ਮੀ ਹੋ ਗਏ। ਅਮਰੀਕੀ ਅਧਿਕਾਰੀ ਨੇ ਦੱਸਿਆ ਕਿ ਇਹ ਹੂਤੀ ਟਿਕਾਣਿਆਂ ’ਤੇ ਹਵਾਈ ਹਮਲਿਆਂ ਦੀ ਸ਼ੁਰੂਆਤ ਹੈ ਤੇ ਅੱਗੋਂ ਹੋਰ ਵੀ ਹਮਲੇ ਕੀਤੇ ਜਾਣਗੇ। ਹੂਤੀ ਬਾਗ਼ੀਆਂ ਨੇ ਅਮਰੀਕਾ ਖਿਲਾਫ਼ ਜਵਾਬੀ ਕਾਰਵਾਈ ਦੀ ਧਮਕੀ ਦਿੱਤੀ ਹੈ। -ਪੀਟੀਆਈ