ਨੈਣੋਵਾਲ ਵੈਦ ’ਚ ਮਹਿਲਾ ਤਸਕਰ ਦਾ ਘਰ ਢਾਹਿਆ
ਹਰਪ੍ਰੀਤ ਕੌਰ
ਹੁਸ਼ਿਆਰਪੁਰ, 27 ਮਾਰਚ
ਪੁਲੀਸ ਨੇ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਅੱਜ ਪਿੰਡ ਨੈਣੋਵਾਲ ਵੈਦ ਵਿੱਚ ਮਹਿਲਾ ਤਸਕਰ ਦੇ ਘਰ ਨੂੰ ਢਾਹ ਦਿੱਤਾ। ਐੱਸਐੱਸਪੀ ਸੰਦੀਪ ਕੁਮਾਰ ਮਲਿਕ ਨੇ ਦੱਸਿਆ ਕਿ ਪਿੰਡ ਦੀ ਪੰਚਾਇਤ ਵੱਲੋਂ ਬੀਡੀਪੀਓ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਸੀ ਕਿ ਗੁਰਮੀਤ ਕੌਰ ਨੇ ਪੰਚਾਇਤੀ ਜ਼ਮੀਨ ’ਤੇ ਨਾਜਾਇਜ਼ ਕਬਜਾ ਕੀਤਾ ਹੋਇਆ ਹੈ। ਬੀਡੀਪੀਓ ਵੱਲੋਂ ਇਹ ਮਾਮਲਾ ਡਿਪਟੀ ਕਮਿਸ਼ਨਰ ਦੇ ਧਿਆਨ ਹੇਠ ਲਿਆਂਦਾ ਗਿਆ ਸੀ। ਐੱਸਐੱਸਪੀ ਨੇ ਦੱਸਿਆ ਕਿ ਗੁਰਮੀਤ ਕੌਰ ਖਿਲਾਫ਼ ਵੱਖ-ਵੱਖ ਥਾਣਿਆਂ ਵਿੱਚ ਐਨ.ਡੀ.ਪੀ.ਐਸ ਐਕਟ ਤਹਿਤ 8 ਮਾਮਲੇ ਦਰਜ ਹਨ ਜਿਨ੍ਹਾਂ ਵਿੱਚੋਂ 3 ਮਾਮਲਿਆਂ ’ਚ ਉਸ ਨੂੰ ਸਜ਼ਾ ਵੀ ਹੋ ਚੁੱਕੀ ਹੈ ਅਤੇ ਬਾਕੀ ਵਿਚਾਰ ਅਧੀਨ ਹਨ। ਉਨ੍ਹਾਂ ਦੱਸਿਆ ਕਿ ਜਾਂਚ ਦੌਰਾਨ ਸਾਹਮਣੇ ਆਇਆ ਕਿ ਗੁਰਮੀਤ ਕੌਰ ਨੇ ਨਸ਼ਿਆਂ ਦੇ ਕਾਰੋਬਾਰ ਨਾਲ ਇਹ ਸੰਪਤੀ ਬਣਾਈ ਹੈ। ਉਨ੍ਹਾਂ ਕਿਹਾ ਕਿ ਪੰਚਾਇਤ ਨੇ ਕਈ ਵਾਰ ਗੁਰਮੀਤ ਕੌਰ ਨੂੰ ਇਹ ਕਾਰੋਬਾਰ ਛੱਡਣ ਲਈ ਕਿਹਾ ਪਰ ਉਸ ਨੇ ਇਹ ਕੰਮ ਨਹੀਂ ਛੱਡਿਆ। ਅੱਜ ਆਖਿਰਕਾਰ ਉਨ੍ਹਾਂ ਨੇ ਡਿਪਟੀ ਕਮਿਸ਼ਨਰ ਦੇ ਹੁਕਮਾਂ ’ਤੇ ਇਸ ਕਾਰਵਾਈ ਨੂੰ ਅਮਲ ’ਚ ਲਿਆਂਦਾ। ਜ਼ਿਲ੍ਹਾ ਮੈਜਿਸਟਰੇਟ ਵਲੋਂ ਬੀਡੀਪੀਓ ਦੀ ਸ਼ਿਕਾਇਤ ’ਤੇ ਉਕਤ ਕਾਰਵਾਈ ਕਰਨ ਲਈ ਜ਼ਿਲ੍ਹਾ ਪੁਲੀਸ ਨੂੰ ਕਿਹਾ ਗਿਆ ਸੀ। ਐੱਸਐੱਸਪੀ ਨੇ ਕਿਹਾ ਕਿ ਨਸ਼ਿਆਂ ’ਚ ਲਿਪਤ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ।