ਚੰਡੀਗੜ੍ਹ ਲਈ ਉਮੀਦ
ਸੁਪਰੀਮ ਕੋਰਟ ਨੇ ਮਕਾਨਾਂ ਦੀ ਮੰਜ਼ਿਲ ਮੁਤਾਬਕ ਵੰਡ ‘ਤੇ ਰੋਕ ਲਾ ਕੇ ਚੰਡੀਗੜ੍ਹ ਨੂੰ ਰਾਹ ਦਿਖਾਇਆ ਹੈ। ਫੇਜ਼ 1 (ਸੈਕਟਰ 1 ਤੋਂ 30) ਵਿਚ ਰਿਹਾਇਸ਼ੀ ਘਰਾਂ ਦੀ ਅਪਾਰਟਮੈਂਟਾਂ ਵਿਚ ਵੰਡ ‘ਤੇ ਪਾਬੰਦੀ ਲਗਾਉਣ ਵਾਲੇ ਸੁਪਰੀਮ ਕੋਰਟ ਦੇ ਹੁਕਮ ਨੇ ਉਮੀਦ ਜਗਾਈ ਹੈ ਕਿ ਚੰਡੀਗੜ੍ਹ ਆਉਣ ਵਾਲੇ ਸਾਲਾਂ ਅਤੇ ਦਹਾਕਿਆਂ ਵਿਚ ਆਪਣੇ ਸੋਹਣੇ ਸ਼ਹਿਰ (ਸਿਟੀ ਬਿਊਟੀਫੁੱਲ) ਦੇ ਨਾਂ ਨੂੰ ਕਾਇਮ ਰੱਖੇਗਾ। ਇਸ ਆਦੇਸ਼ ਵਿਚ ਸੁਪਰੀਮ ਕੋਰਟ ਦੇ ਬੈਂਚ ਨੇ ਸਪੱਸ਼ਟ ਕੀਤਾ ਹੈ ਕਿ ਚੰਡੀਗੜ੍ਹ ਦੇ ਵਿਰਾਸਤੀ ਦਰਜੇ ਨੂੰ ਸੁਰੱਖਿਅਤ ਰੱਖਿਆ ਜਾਣਾ ਚਾਹੀਦਾ ਹੈ। ਸਰਬਉੱਚ ਅਦਾਲਤ ਅਨੁਸਾਰ ਸ਼ਹਿਰ ਵਿਚ ਹੋ ਰਹੀਆਂ ਅਣਅਧਿਕਾਰਤ ਉਸਾਰੀਆਂ ਆਜ਼ਾਦੀ ਤੋਂ ਬਾਅਦ ਦੇ ਭਾਰਤ ਦੇ ਪਹਿਲੇ ਯੋਜਨਾਬੱਧ ਸ਼ਹਿਰ ਦੇ ‘ਫੇਫੜਿਆਂ ਨੂੰ ਜ਼ਖ਼ਮੀ’ ਕਰ ਦੇਣਗੀਆਂ।
ਚੰਡੀਗੜ੍ਹ ਅਪਾਰਟਮੈਂਟ ਰੂਲਜ਼ (2001) ਜਿਸ ਤਹਿਤ ਪ੍ਰਸ਼ਾਸਨ ਨੇ ਰਿਹਾਇਸ਼ੀ ਯੂਨਿਟਾਂ ਦੀ ਅਪਾਰਟਮੈਂਟਾਂ ਵਿਚ ਉਪ-ਵੰਡ ਦੀ ਇਜਾਜ਼ਤ ਦਿੱਤੀ ਸੀ, ਨੂੰ 2007 ਵਿਚ ਰੱਦ ਕਰ ਦਿੱਤਾ ਗਿਆ ਸੀ ਕਿਉਂਕਿ ਗ਼ੈਰ-ਕਾਨੂੰਨੀ ਉਸਾਰੀ ਅਤੇ ਵੰਡ ਨੇ ਪਿਛਲੇ ਡੇਢ ਦਹਾਕੇ ਵਿਚ ਸ਼ਹਿਰ ਦੇ ਸਰੋਤਾਂ ਜਿਵੇਂ ਪਾਣੀ, ਬਿਜਲੀ, ਸੀਵਰੇਜ ਅਤੇ ਸੜਕਾਂ ‘ਤੇ ਜ਼ਿਆਦਾ ਦਬਾਅ ਪਾ ਦਿੱਤਾ ਸੀ। ਅਦਾਲਤ ਨੇ ਚੰਡੀਗੜ੍ਹ ਪ੍ਰਸ਼ਾਸਨ ਨੂੰ ਇਹ ਹਦਾਇਤ ਵੀ ਦਿੱਤੀ ਹੈ ਕਿ ਉਹ ਵਿਰਾਸਤੀ (ਹੈਰੀਟੇਜ) ਕਮੇਟੀ ਦੀ ਸਲਾਹ ਅਤੇ ਕੇਂਦਰ ਦੀ ਅਗਾਊਂ ਪ੍ਰਵਾਨਗੀ ਤੋਂ ਬਿਨਾ ਕੋਈ ਨਿਯਮ ਜਾਂ ਉਪ-ਨਿਯਮ ਨਾ ਬਣਾਏ।’ ਸਿਖ਼ਰਲੀ ਅਦਾਲਤ ਨੇ ਕੇਂਦਰ ਅਤੇ ਪ੍ਰਸ਼ਾਸਨ ਨੂੰ ਉੱਤਰੀ ਸੈਕਟਰਾਂ ਵਿਚ ਫਲੋਰ ਏਰੀਏ ਦੇ ਅਨੁਪਾਤ ਨੂੰ ਫ੍ਰੀਜ਼ ਕਰਨ ਲਈ ਕਿਹਾ ਹੈ ਤਾਂ ਜੋ ਅੰਨ੍ਹੇਵਾਹ ਕੀਤੇ ਜਾ ਰਹੇ ਵਿਸਥਾਰ ਨੂੰ ਰੋਕਿਆ ਜਾ ਸਕੇ। ਇਹ ਦਿਸ਼ਾ-ਨਿਰਦੇਸ਼ ਸ਼ਹਿਰ ਨੂੰ ਕੰਕਰੀਟ ਦੇ ਜੰਗਲ ਵਿਚ ਬਦਲਣ ‘ਤੇ ਤੁਲੇ ਹੋਏ ਲਾਲਚੀ ਬਿਲਡਰਾਂ ਤੋਂ ਬਚਾਉਣ ਵਿਚ ਬਹੁਤ ਮਦਦ ਕਰਨਗੇ।
ਚੰਡੀਗੜ੍ਹ ਦੀ ਬੁਨਿਆਦ ਰੱਖਦੇ ਹੋਏ ਇਸ ਦੇ ਨਿਰਮਾਤਾ ਲੀ ਕਾਰਬੂਜ਼ੀਏ ਨੇ ਕਿਹਾ ਸੀ, ”ਚੰਡੀਗੜ੍ਹ ਦਾ ਬੀਜ ਚੰਗੀ ਤਰ੍ਹਾਂ ਬੀਜਿਆ ਗਿਆ ਹੈ। ਇਹ ਦੇਖਣਾ ਨਾਗਰਿਕਾਂ ਦਾ ਕੰਮ ਹੈ ਕਿ ਇਹ ਰੁੱਖ ਵਧਦਾ-ਫੁੱਲਦਾ ਰਹੇ।” ਇਹ ਸ਼ਲਾਘਾਯੋਗ ਹੈ ਕਿ ਸਬੰਧਤ ਵਸਨੀਕਾਂ ਦੇ ਇਕ ਸਮੂਹ ਨੇ ਸ਼ਹਿਰ ਦੇ ਭਵਿੱਖ ਨੂੰ ਸੁਰੱਖਿਅਤ ਕਰਨ ਲਈ ਕਦਮ ਚੁੱਕਿਆ ਹੈ। ਸੁਪਰੀਮ ਕੋਰਟ ਦੇ ਹੁਕਮਾਂ ਦੀ ਸਖ਼ਤੀ ਨਾਲ ਪਾਲਣਾ ਨੂੰ ਯਕੀਨੀ ਬਣਾਉਣ ਲਈ ਇਸੇ ਤਰ੍ਹਾਂ ਦੀ ਇਮਾਨਦਾਰੀ ਅਤੇ ਦ੍ਰਿੜਤਾ ਦੀ ਲੋੜ ਹੋਵੇਗੀ; ਇਸ ਨਾਲ ਉੱਤਰੀ ਸੈਕਟਰਾਂ ਵਿਚ ਪਾਰਕਿੰਗ ਅਤੇ ਟ੍ਰੈਫਿਕ ਸਮੱਸਿਆਵਾਂ ਦੇ ਘਟਣ ਦੀ ਵੀ ਉਮੀਦ ਹੈ। ਖੁੱਲ੍ਹੀਆਂ ਥਾਵਾਂ ਅਤੇ ਹਰਿਆਲੀ ਲਈ ਮਸ਼ਹੂਰ ਸ਼ਹਿਰ ਚੰਡੀਗੜ੍ਹ ਦੇ ਮਾਮਲੇ ਵਿਚ ਟਿਕਾਊ ਵਿਕਾਸ ਅਤੇ ਵਾਤਾਵਰਨ ਸੁਰੱਖਿਆ ਵਿਚਕਾਰ ਸੰਤੁਲਨ ਕਾਇਮ ਕਰਨ ਦੀ ਲੋੜ ਹੋਰ ਵੀ ਗੰਭੀਰ ਹੈ। ਇਸ ਦੇ ਟੂਰਿਸਟਾਂ ਨੂੰ ਖਿੱਚ ਪਾਉਣ ਵਾਲੇ ਸਥਾਨ ਜਿਵੇਂ ਕੈਪੀਟਲ ਕੰਪਲੈਕਸ (ਯੂਨੈਸਕੋ ਦੀ ਵਿਰਾਸਤੀ ਸਾਈਟ), ਸੈਕਟਰ 17 ਪਲਾਜ਼ਾ, ਰੋਜ਼ ਗਾਰਡਨ, ਰੌਕ ਗਾਰਡਨ ਅਤੇ ਸੁਖਨਾ ਝੀਲ ਕੌਮਾਂਤਰੀ ਪੱਧਰ ‘ਤੇ ਪ੍ਰਸਿੱਧ ਹਨ। ਸਮੂਹਿਕ ਜ਼ਿੰਮੇਵਾਰੀ ਇਸ ਸ਼ਹਿਰ ਦੇ ਵਸਨੀਕਾਂ ਦੀ ਹੈ ਕਿ ਉਹ ਚੰਡੀਗੜ੍ਹ ਦੀ ਖੂਬਸੂਰਤੀ ਨੂੰ ਬਰਕਰਾਰ ਰੱਖਣ ਲਈ ਕੋਈ ਕਸਰ ਬਾਕੀ ਨਾ ਛੱਡਣ।