ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਚੁਰਾਸੀ ਦਾ ਸਾਇਆ

04:33 AM May 06, 2025 IST
featuredImage featuredImage

ਸੰਨ 1984 ਦੀ ਉਥਲ-ਪੁਥਲ ਅਜੇ ਵੀ ਕਾਂਗਰਸ ’ਤੇ ਕਸ਼ਟਦਾਇਕ ਬੋਝ ਬਣੀ ਹੋਈ ਹੈ। ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ ਦਿੱਲੀ ਅਤੇ ਹੋਰ ਸ਼ਹਿਰਾਂ ’ਚ ਹੋਈ ਸਿੱਖ ਵਿਰੋਧੀ ਹਿੰਸਾ ਅਤੇ ਸ੍ਰੀ ਹਰਿਮੰਦਰ ਸਾਹਿਬ ’ਤੇ ਹੋਈ ਫ਼ੌਜੀ ਕਾਰਵਾਈ ਨੇ ਸਿੱਖ ਮਾਨਸਿਕਤਾ ਨੂੰ ਗਹਿਰੀ ਸੱਟ ਮਾਰੀ ਸੀ। ਜ਼ਖ਼ਮ ਅਜੇ ਤੱਕ ਭਰੇ ਨਹੀਂ, ਤੇ ਨਬੇੜਾ ਹੁੰਦਾ ਵੀ ਨਹੀਂ ਦਿਸਦਾ। ਹਾਲ ਹੀ ਵਿੱਚ ਕਾਂਗਰਸ ਨੇਤਾ ਰਾਹੁਲ ਗਾਂਧੀ ਦਾ ਇਹ ਮੰਨਣਾ ਕਿ “ਜਦ ਉਹ ਨਹੀਂ ਸਨ ਤਾਂ ਪਾਰਟੀ ਨੇ ਬਹੁਤ ਗ਼ਲਤੀਆਂ ਕੀਤੀਆਂ”, ਸਿੱਖਾਂ ਨਾਲ ਸੁਲ੍ਹਾ ਲਈ ਵਧਾਇਆ ਕਦਮ ਹੈ, ਹਾਲਾਂਕਿ ਇਸ ਵਿੱਚ ਥੋੜ੍ਹੀ ਦੇਰ ਹੋ ਗਈ ਹੈ। ਰਾਹੁਲ ਗਾਂਧੀ ਨੇ ਇਹ ਬਿਆਨ ਅਮਰੀਕਾ ’ਚ ਹੋਏ ਇਕ ਪ੍ਰੋਗਰਾਮ ਦੌਰਾਨ ਦਿੱਤਾ ਜਿੱਥੇ ਇਕ ਸਿੱਖ ਨੇ ਉਨ੍ਹਾਂ ਨੂੰ 1984 ਦੇ ਘਟਨਾਕ੍ਰਮ ਬਾਰੇ ਸਵਾਲ ਪੁੱਛੇ ਸਨ।
ਰਾਹੁਲ ਗਾਂਧੀ ਨੇ ਕਿਹਾ ਹੈ ਕਿ ਉਹ ਪਾਰਟੀ ਵੱਲੋਂ ਇਸ ਦੇ ਅਤੀਤ ’ਚ ਹੋਈਆਂ ਸਾਰੀਆਂ ਭੁੱਲਾਂ ਦੀ ਜ਼ਿੰਮੇਵਾਰੀ ਲੈਣ ਲਈ “ਤਿਆਰ ਹਨ”। ਇਸ ਤੋਂ ਇਲਾਵਾ ਕਾਂਗਰਸ ਨੇਤਾ ਨੇ ਕਿਹਾ, “ਅੱਸੀ ਦੇ ਦਹਾਕੇ ਵਿਚ ਜੋ ਕੁਝ ਵੀ ਹੋਇਆ, ਉਹ ਗ਼ਲਤ ਸੀ, ਮੈਂ ਕਈ ਵਾਰ ‘ਦਰਬਾਰ ਸਾਹਿਬ’ ਜਾ ਚੁੱਕਾ ਹਾਂ, ਸਿੱਖਾਂ ਨਾਲ ਮੇਰੇ ਚੰਗੇ ਰਿਸ਼ਤੇ ਹਨ” ਜਦਕਿ ਉਨ੍ਹਾਂ ਨੂੰ ਉਦੋਂ ਕਾਰਵਾਈ ਨਾ ਕਰਨ ਦੀ ਵੀ ਢੁੱਕਵੀਂ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ ਜਦ ਉਹ ਅਤੇ ਉਨ੍ਹਾਂ ਦੀ ਮਾਂ ਸੋਨੀਆ ਗਾਂਧੀ, ਪਾਰਟੀ ਦੀ ਕਮਾਨ ਸੰਭਾਲ ਰਹੇ ਸਨ। ਚੁਰਾਸੀ ਦੇ ਕਤਲੇਆਮ ਬਾਰੇ ਨਾਨਾਵਤੀ ਕਮਿਸ਼ਨ ਦੀ ਰਿਪੋਰਟ ਨੇ ਜਗਦੀਸ਼ ਟਾਈਟਲਰ ਤੇ ਸੱਜਣ ਕੁਮਾਰ ਵਰਗੇ ਕਾਂਗਰਸੀ ਆਗੂਆਂ ’ਤੇ ਉਂਗਲ ਚੁੱਕੀ ਸੀ, ਪਰ ਪਾਰਟੀ ਹਾਈ ਕਮਾਨ ਨੇ ਅਜਿਹੇ ਆਗੂਆਂ ਨੂੰ ਲਾਂਭੇ ਨਹੀਂ ਕੀਤਾ। ਪਾਰਟੀ ਦਾ ਇਕ ਹੋਰ ਆਗੂ ਕਮਲ ਨਾਥ, ਜਿਸ ’ਤੇ ਦੰਗੇ ਭੜਕਾਉਣ ਦੇ ਦੋਸ਼ ਲੱਗੇ ਸਨ, ਨੂੰ ਦਸੰਬਰ 2018 ਵਿਚ ਉਦੋਂ ਮੱਧ ਪ੍ਰਦੇਸ਼ ਦਾ ਮੁੱਖ ਮੰਤਰੀ ਥਾਪਿਆ ਗਿਆ ਸੀ, ਜਦ ਰਾਹੁਲ ਗਾਂਧੀ ਪਾਰਟੀ ਦੇ ਪ੍ਰਧਾਨ ਸਨ। ਇਹ ਵੀ ਸੱਚ ਹੈ ਕਿ ਨਾਨਾਵਤੀ ਕਮੇਟੀ ਨੇ ਕਮਲ ਨਾਥ ਨੂੰ ਸ਼ੱਕ ਦੇ ਆਧਾਰ ’ਤੇ ਛੱਡ ਦਿੱਤਾ ਸੀ, ਪਰ ਰਾਹੁਲ ਗਾਂਧੀ ਨੇ ਗਵਾਹਾਂ ਦੇ ਬਿਆਨਾਂ ਨੂੰ ਵੀ ਕਿਉਂ ਨਜ਼ਰਅੰਦਾਜ਼ ਕਰਨਾ ਚੁਣਿਆ? ਭਾਜਪਾ ਦੇ ਆਗੂਆਂ ਨੇ ਵੀ ਇਸ ਮਾਮਲੇ ’ਤੇ ਰਾਹੁਲ ਗਾਂਧੀ ’ਤੇ ਨਿਸ਼ਾਨਾ ਸਾਧਿਆ ਹੈ।
ਹਾਲਾਤ ਦਾ ਵਿਅੰਗ ਇਹ ਹੈ ਕਿ ਇਹ ਡਾ. ਮਨਮੋਹਨ ਸਿੰਘ ਸਨ, ਭਾਰਤ ਦੇ ਇੱਕੋ-ਇੱਕ ਸਿੱਖ ਪ੍ਰਧਾਨ ਮੰਤਰੀ, ਜਿਨ੍ਹਾਂ ਸਿੱਖਾਂ ਅਤੇ ਦੇਸ਼ ਤੋਂ ਮੁਆਫ਼ੀ ਮੰਗੀ, ਜਦਕਿ ਇਹ ਕੰਮ ਗਾਂਧੀ ਪਰਿਵਾਰ ਨੂੰ ਕਰਨਾ ਚਾਹੀਦਾ ਸੀ। ਸੰਸਦ ਵਿਚ ਸੋਨੀਆ ਗਾਂਧੀ ਜਾਂ ਰਾਹੁਲ ਗਾਂਧੀ ਵੱਲੋਂ ਮੰਗੀ ਮੁਆਫ਼ੀ ਬੀਤੇ ਨੂੰ ਭੁਲਾਉਣ ਤੇ ਅੱਗੇ ਵਧਣ ’ਚ ਬਹੁਤ ਸਹਾਈ ਹੁੰਦੀ। ਰਾਹੁਲ ਗਾਂਧੀ ਘੱਟ ਤੋਂ ਘੱਟ ਹੁਣ ਇਹੀ ਕਰ ਸਕਦੇ ਹਨ ਕਿ ਪੁਰਾਣੇ ਦਾਗ਼ੀ ਆਗੂਆਂ ਨੂੰ ਪਾਰਟੀ ਤੋਂ ਬਾਹਰ ਦਾ ਰਸਤਾ ਦਿਖਾਉਣ। ਇਹ ਯਕੀਨੀ ਬਣਾਉਣ ਲਈ ਉਹ ਕੋਸ਼ਿਸ਼ ਕਰ ਸਕਦੇ ਹਨ। ਇਸ ਨਾਲ ਹੀ ਉਨ੍ਹਾਂ ਦੇ ਪਛਤਾਵੇ ’ਤੇ ਇਤਬਾਰ ਆਵੇਗਾ।

Advertisement

Advertisement