ਮਨੀਪੁਰ ਦੀ ਦੁਰਦਸ਼ਾ
ਕਿਸੇ ਰਾਜ ਨੂੰ ਉਸ ਦੇ ਹਾਲ ’ਤੇ ਛੱਡੇ ਜਾਣ ਦੀ ਮਨੀਪੁਰ ਬੇਹੱਦ ਦੁਖਦਾਈ ਉਦਾਹਰਨ ਹੈ। ਪਿਛਲੇ ਦੋ ਸਾਲਾਂ ਤੋਂ, ਜਦ ਤੋਂ ਮੈਤੇਈ ਅਤੇ ਕੁਕੀਆਂ ਵਿਚਕਾਰ ਨਸਲੀ ਹਿੰਸਾ ਸ਼ੁਰੂ ਹੋਈ ਹੈ, ਸੂਬੇ ਅੰਦਰ ਸ਼ਾਂਤੀ ਨਹੀਂ ਪਰਤ ਸਕੀ ਤੇ ਅੱਜ ਵੀ ਹਾਲਾਤ ਗੜਬੜਜ਼ਦਾ ਹਨ। ਸਾਰੇ ਮੰਤਵਾਂ ਅਤੇ ਇਰਾਦਿਆਂ ਦੀ ਪੂਰਤੀ ਖ਼ਾਤਿਰ ਕਾਫ਼ੀ ਸਮਾਂ ਲੰਘਾ ਕੇ ਰਾਸ਼ਟਰਪਤੀ ਰਾਜ ਲਾਉਣ ਦੇ ਬਾਵਜੂਦ ਜ਼ਮੀਨੀ ਪੱਧਰ ’ਤੇ ਹਕੀਕਤ ਨਹੀਂ ਬਦਲੀ ਹੈ। ਰਾਜ ਅੰਦਰ ਰੁਕ-ਰੁਕ ਕੇ ਹੋ ਰਹੀ ਹਿੰਸਾ ਦੌਰਾਨ ਹੁਣ ਤੱਕ 260 ਤੋਂ ਵੱਧ ਲੋਕ ਮਾਰੇ ਜਾ ਚੁੱਕੇ ਹਨ; ਕਰੀਬ 1500 ਫੱਟੜ ਹੋਏ ਹਨ ਅਤੇ 70000 ਤੋਂ ਵੱਧ ਉੱਜੜ ਚੁੱਕੇ ਹਨ। ਲੰਮਾ ਸਮਾਂ ਚੱਲੀ ਇਸ ਤਬਾਹੀ ਨੇ ਕੇਂਦਰ ਅਤੇ ਰਾਜ ਸਰਕਾਰਾਂ ਨੂੰ ਮਾੜੀ ਰੌਸ਼ਨੀ ਵਿਚ ਪੇਸ਼ ਕੀਤਾ ਹੈ। ਉੱਜੜੇ ਹੋਏ ਹਜ਼ਾਰਾਂ ਲੋਕ ਜਿਨ੍ਹਾਂ ਉੱਤੇ “ਅੰਦਰੂਨੀ ਉਜਾੜੇ ਦੇ ਸ਼ਿਕਾਰ ਵਿਅਕਤੀਆਂ” ਦਾ ਠੱਪਾ ਲਾਇਆ ਗਿਆ ਹੈ, ਭੀੜ ਭਰੇ ਕੈਂਪਾਂ ਵਿਚ ਇਸ ਉਮੀਦ ਨਾਲ ਜ਼ਿੰਦਗੀ ਕੱਟ ਰਹੇ ਹਨ ਕਿ ਉਹ ਆਪਣੇ ਘਰਾਂ ਨੂੰ ਪਰਤਣਗੇ ਤੇ ਜ਼ਿੰਦਗੀਆਂ ਨੂੰ ਨਵੇਂ ਸਿਰਿਓਂ ਉਸਾਰਨਗੇ।
ਭਾਰਤੀ ਜਨਤਾ ਪਾਰਟੀ ਨੇ ਪੂਰੇ ਮੁਲਕ ਵਿਚ ਇਕ ਤੋਂ ਬਾਅਦ ਇਕ ਵਿਧਾਨ ਸਭਾ ਚੋਣ ਜਿੱਤਣ ਲਈ ਵੋਟਰਾਂ ਨੂੰ ‘ਡਬਲ ਇੰਜਣ ਸਰਕਾਰ’ ਦੇ ਨਾਅਰੇ ਨਾਲ ਲੁਭਾਇਆ, ਪਰ ਮਨੀਪੁਰ ਦੀ ਬਿਪਤਾ ਨੇ ਪ੍ਰਤੱਖ ਕੀਤਾ ਕਿ ਕਿਵੇਂ ਕੇਂਦਰ ਅਤੇ ਰਾਜ ਵਿਚ ਇਕੋ ਸਰਕਾਰ ਹੋਣ ਦੇ ਬਾਵਜੂਦ ਚੀਜ਼ਾਂ ਬਿਲਕੁਲ ਉਲਟ ਦਿਸ਼ਾ ’ਚ ਜਾ ਸਕਦੀਆਂ ਹਨ। ਇਹ ਉਦੋਂ ਛੇਤੀ ਹੀ ਜੱਗ ਜ਼ਾਹਿਰ ਹੋ ਗਿਆ ਜਦ ਨਸਲੀ ਝੜਪਾਂ ਮੁੱਖ ਮੰਤਰੀ ਐੱਨ ਬੀਰੇਨ ਸਿੰਘ ਦੇ ਕਾਬੂ ਤੋਂ ਬਾਹਰ ਹੋ ਗਈਆਂ ਹਾਲਾਂਕਿ ਸੱਤਾਧਾਰੀ ਧਿਰ ਨੇ ਉਨ੍ਹਾਂ ਨੂੰ ਅਹੁਦੇ ’ਤੇ ਬਣਾਈ ਰੱਖਿਆ, ਇਨ੍ਹਾਂ ਗੰਭੀਰ ਇਲਜ਼ਾਮਾਂ ਨੂੰ ਅਣਗੌਲਿਆਂ ਕਰ ਕੇ ਵੀ ਕਿ ਉਹ ਪੱਖਪਾਤੀ ਭੂਮਿਕਾ ਨਿਭਾਅ ਰਹੇ ਹਨ। ਐੱਨ ਬੀਰੇਨ ਸਿੰਘ ਨੇ ਸੋਚਿਆ ਕਿ ਉਹ ਜਨਤਕ ਮੁਆਫ਼ੀ ਮੰਗ ਕੇ ਸਥਿਤੀ ਸੁਧਾਰ ਸਕਦੇ ਹਨ, ਪਰ ਉਦੋਂ ਤੱਕ ਉਨ੍ਹਾਂ ਦੀ ਆਪਣੀ ਸਥਿਤੀ ਹੋਰ ਵੀ ਖਰਾਬ ਹੋ ਚੁੱਕੀ ਸੀ। ਅਖ਼ੀਰ ਵਿੱਚ ਉਨ੍ਹਾਂ ਨੂੰ ਫਰਵਰੀ ਵਿੱਚ ਬਾਹਰ ਦਾ ਰਾਹ ਦਿਖਾ ਦਿੱਤਾ ਗਿਆ, ਪਰ ਇਹ ਮੁਆਫ਼ੀ ਯੋਗ ਨਹੀਂ ਹੈ ਕਿ ਭਾਰਤੀ ਜਨਤਾ ਪਾਰਟੀ ਨੇ ਇਸ ਲਾਜ਼ਮੀ ਕਾਰਵਾਈ ਨੂੰ ਐਨਾ ਲੰਮਾ ਸਮਾਂ ਲਟਕਾਈ ਰੱਖਿਆ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਿਛਲੇ ਦੋ ਸਾਲਾਂ ਵਿਚ ਇਕ ਵਾਰ ਵੀ ਹਿੰਸਾ ਤੋਂ ਬੁਰੀ ਤਰ੍ਹਾਂ ਪੀੜਤ ਅਤੇ ਗੜਬੜ ਵਾਲੇ ਇਸ ਰਾਜ ਦਾ ਦੌਰਾ ਨਹੀਂ ਕੀਤਾ, ਤੇ ਉਨ੍ਹਾਂ ਦੀ ਇਸ ਨਾਕਾਮੀ ਲਈ ਵੀ ਕੋਈ ਬਹਾਨਾ ਨਹੀਂ ਬਣਾਇਆ ਜਾ ਸਕਦਾ। ਨਾ ਸਿਰਫ਼ ਵਿਰੋਧੀ ਧਿਰ ਬਲਕਿ ਮਨੀਪੁਰੀ ਲੋਕ ਵੀ ਆਪਣੇ ਆਪ ਤੋਂ ਇਹ ਸਵਾਲ ਪੁੱਛ ਰਹੇ ਹਨ ਕਿ ਬੇਹੱਦ ਜ਼ਰੂਰੀ ਹੋਣ ਦੇ ਬਾਵਜੂਦ ਪ੍ਰਧਾਨ ਮੰਤਰੀ ਮੋਦੀ ਮਨੀਪੁਰ ਕਿਉਂ ਨਹੀਂ ਆਏ? ਇਹ ਸੁਖਾਵਾਂ ਕਦਮ ਸਾਬਿਤ ਹੋ ਸਕਦਾ ਸੀ, ਜੋ ਦੁਖਦਾਈ ਢੰਗ ਨਾਲ ਦੇਖਣ ਨੂੰ ਨਹੀਂ ਮਿਲਿਆ। ਇਸ ਤਰ੍ਹਾਂ ਦਾ ਨਾਜਾਇਜ਼ ਰਵੱਈਆ ‘ਇੰਡੀਆ’, ਮਤਲਬ ਭਾਰਤ ’ਤੇ ਧੱਬੇ ਵਰਗਾ ਹੈ ਜਿਸ ਨੂੰ ਸ਼ਾਇਦ ਕਦੇ ਵੀ ਧੋਤਾ ਨਹੀਂ ਜਾ ਸਕੇਗਾ ਬਲਕਿ ਇਹ ਤਾਂ ਹੁਣ ਅਜਿਹਾ ਰਿਸਦਾ ਸਵਾਲ ਬਣ ਗਿਆ ਹੈ ਜੋ ਗਾਹੇ-ਬਗਾਹੇ ਯਾਦ ਆਉਂਦਾ ਰਹੇਗਾ।