ਹਾਕੀ ਇੰਡੀਆ ਵੱਲੋਂ ਸੂਬਾਈ ਤੇ ਜ਼ਿਲ੍ਹਾ ਇਕਾਈਆਂ ਨੂੰ ਵਿੱਤੀ ਮਦਦ ਦਾ ਐਲਾਨ
ਨਵੀਂ ਦਿੱਲੀ, 2 ਜੁਲਾਈ
ਹਾਕੀ ਇੰਡੀਆ ਨੇ ਜ਼ਮੀਨੀ ਪੱਧਰ ’ਤੇ ਹੋਣ ਵਾਲੇ ਟੂਰਨਾਮੈਂਟਾਂ ਦਾ ਮਿਆਰ ਸੁਧਾਰਨ ਲਈ ਅੱਜ ਸੂਬਾਈ ਤੇ ਜ਼ਿਲ੍ਹਾ ਇਕਾਈਆਂ ਨੂੰ ਵਿੱਤੀ ਮਦਦ ਦੇਣ ਦਾ ਐਲਾਨ ਕੀਤਾ ਹੈ। ਹਾਕੀ ਨੂੰ ਉਤਸ਼ਾਹਿਤ ਕਰਨ ਲਈ ਕੌਮੀ ਫੈਡਰੇਸ਼ਨ ਨੇ ਸਾਰੀਆਂ ਸੂਬਾਈ ਮੈਂਬਰ ਇਕਾਈਆਂ ਨੂੰ ਦੋ-ਦੋ ਲੱਖ ਰੁਪਏ ਦੀ ਗਰਾਂਟ ਦਿੱਤੀ ਹੈ।
ਹਾਕੀ ਇੰਡੀਆ ਨੇ ਬਿਆਨ ਵਿੱਚ ਕਿਹਾ, ‘‘ਸ਼ੁਰੂਆਤੀ ਗਰਾਂਟ ਨਾਲ ਜ਼ਿਲ੍ਹਾ ਇਕਾਈਆਂ ਨੂੰ ਮਦਦ ਮਿਲੇਗੀ ਅਤੇ ਉਹ ਜ਼ਰੂਰੀ ਦਿਸ਼ਾ-ਨਿਰਦੇਸ਼ਾਂ ਦਾ ਪਾਲਣ ਕਰ ਸਕਣਗੀਆਂ।’’ ਜ਼ਿਲ੍ਹਾ ਇਕਾਈਆਂ ਦੇ ਸ਼ਾਨਦਾਰ ਪ੍ਰਦਰਸ਼ਨ ਦੇ ਆਧਾਰ ’ਤੇ ਹਾਕੀ ਇੰਡੀਆ ਸੂਬਾਈ ਇਕਾਈਆਂ ਨੂੰ ਸ਼ੁਰੂਆਤੀ ਗਰਾਂਟ ਤੋਂ ਇਲਾਵਾ ਇੱਕ-ਇੱਕ ਲੱਖ ਰੁਪਏ ਹੋਰ ਦੇਵੇਗੀ। ਬਿਆਨ ਮੁਤਾਬਕ, ‘‘ਇਹ ਵਾਧੂ ਗਰਾਂਟ ਸੂਬਾਈ ਮੈਂਬਰ ਇਕਾਈਆਂ ਨੂੰ ਉਤਸ਼ਾਹਿਤ ਰਾਸ਼ੀ ਵਜੋਂ ਦਿੱਤੀ ਜਾਵੇਗੀ ਤਾਂ ਜੋ ਉਹ ਆਪਣੀਆਂ ਜ਼ਿਲ੍ਹਾ ਇਕਾਈਆਂ ਦਾ ਪ੍ਰਭਾਵਸ਼ਾਲੀ ਢੰਗ ਨਾਲ ਸਮਰਥਨ ਤੇ ਮਾਰਗਦਰਸ਼ਨ ਕਰ ਸਕਣ।’’ ਬਿਆਨ ਵਿੱਚ ਕਿਹਾ ਗਿਆ, ‘‘ਹਾਕੀ ਇੰਡੀਆ ਕੈਲੰਡਰ ਸਾਲ 2023 ਵਿੱਚ ਸੂਬਾ ਪੱਧਰੀ ਚੈਂਪੀਅਨਸ਼ਿਪ ਸਫਲਤਾ ਨਾਲ ਨੇਪਰੇ ਚਾੜ੍ਹਨ ਅਤੇ ਜ਼ਿਲ੍ਹਾ ਚੈਂਪੀਅਨਸ਼ਿਪ ਕਰਵਾਉਣਾ ਯਕੀਨੀ ਬਣਾਉਣ ਵਾਲੀਆਂ ਸੂਬਾਈਆਂ ਇਕਾਈਆਂ ਨੂੰ ਦਸ-ਦਸ ਲੱਖ ਰੁਪਏ ਦੀ ਵਾਧੂ ਗਰਾਂਟ ਦੇਵੇਗੀ।’’
ਸਾਰੀਆਂ ਜ਼ਿਲ੍ਹਾ ਇਕਾਈਆਂ ਲਈ ਕੌਮਾਂਤਰੀ ਹਾਕੀ ਫੈਡਰੇਸ਼ਨ (ਐੱਫਆਈਐੱਚ) ਦੀਆਂ ਹਦਾਇਤਾਂ ਮੁਤਾਬਕ ਜ਼ਿਲ੍ਹਾ ਪੱਧਰੀ ਚੈਂਪੀਅਨਸ਼ਿਪ ਕਰਵਾਉਣਾ ਲਾਜ਼ਮੀ ਹੋਵੇਗਾ। ਇਨ੍ਹਾਂ ਟੂਰਨਾਮੈਂਟ ਕਾਰਨ ਸੂਬਾਈ ਮੈਂਬਰ ਇਕਾਈਆਂ ਗਰਾਂਟ ਦੀਆਂ ਹੱਕਦਾਰ ਹੋਣਗੀਆਂ। -ਪੀਟੀਆਈ