Pro Hockey League: ਭਾਰਤ ਦੀ ਲਗਾਤਾਰ ਛੇਵੀਂ ਹਾਰ
ਐਂਟਵਰਪ (ਬੈਲਜੀਅਮ), 15 ਜੂਨ
ਭਾਰਤੀ ਪੁਰਸ਼ ਹਾਕੀ ਟੀਮ ਦਾ ਐੱਫਆਈਐੱਚ ਪ੍ਰੋ ਹਾਕੀ ਲੀਗ ਦੇ ਯੂਰੋਪੀ ਗੇੜ ’ਚ ਖਰਾਬ ਪ੍ਰਦਰਸ਼ਨ ਜਾਰੀ ਹੈ ਅਤੇ ਅੱਜ ਉਸ ਨੂੰ ਆਸਟਰੇਲੀਆ ਤੋਂ 2-3 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਪ੍ਰੋ ਹਾਕੀ ਲੀਗ ’ਚ ਭਾਰਤ ਦੀ ਇਹ ਲਗਾਤਾਰ ਛੇਵੀਂ ਹਾਰ ਹੈ। ਭਾਰਤ ਪਹਿਲਾਂ ਹੀ ਨੈਦਰਲੈਂਡਜ਼ ਅਤੇ ਅਰਜਨਟੀਨਾ ਤੋਂ ਮੈਚ ਹਾਰ ਚੁੱਕਾ ਹੈ ਹਾਲਾਂਕਿ ਇਹ ਸਾਰੇ ਮੈਚ ਕਰੀਬੀ ਰਹੇ ਸਨ।
ਆਪਣਾ 400ਵਾਂ ਮੈਚ ਖੇਡਣ ਵਾਲਾ ਸਾਬਕਾ ਭਾਰਤੀ ਕਪਤਾਨ ਮਨਪ੍ਰੀਤ ਸਿੰਘ ਟੀਮ ਨੂੰ ਪ੍ਰੇਰਿਤ ਕਰਨ ’ਚ ਅਸਫਲ ਰਿਹਾ। ਮੈਚ ਦੌਰਾਨ ਭਾਰਤ ਲਈ ਸੰਜੈ ਨੇ ਤੀਜੇ ਮਿੰਟ ’ਚ ਅਤੇ ਦਿਲਪ੍ਰੀਤ ਸਿੰਘ 36ਵੇਂ ਮਿੰਟ ’ਚ ਇੱਕ-ਇੱਕ ਗੋਲ ਦਾਗਿਆ ਜਦਕਿ ਆਸਟਰੇਲੀਆ ਵੱਲੋਂ ਟਿਮ ਬਰੈਂਡ, ਬਲੈਕ ਗੋਵਰਸ ਤੇ ਕੂਪਰ ਬਰਨਸ ਨੇ ਕ੍ਰਮਵਾਰ ਚੌਥੇ, 5ਵੇਂ ਤੇ 18ਵੇਂ ਮਿੰਟ ’ਚ ਗੋਲ ਦਾਗੇ।
ਭਾਰਤੀ ਟੀਮ ਨੇ ਸਕਾਰਾਤਮਕ ਸ਼ੁਰੂਆਤ ਕਰਦਿਆਂ ਦਬਦਬਾ ਬਣਾਇਆ ਤੇ ਮੈਚ ਦੇ ਤੀਜੇ ਮਿੰਟ ’ਚ ਹੀ ਸੰਜੈ ਦੇ ਗੋਲ ਸਦਕਾ ਲੀਡ ਹਾਸਲ ਕਰ ਲਈ। ਉਸ ਨੇ ਪੈਨਲਟੀ ਕਾਰਨਰ ਦੇ ਰੀਬਾਊਂਡ ’ਤੇ ਗੋਲ ਦਾਗਿਆ। ਹਾਲਾਂਕਿ ਆਸਰਟੇਲੀਆ ਵੱਲੋਂ ਟਿਮ ਬਰੈਂਡ ਨੇ ਇੱਕ ਮਿੰਟ ਬਾਅਦ ਹੀ ਬਰਾਬਰੀ ਦਾ ਗੋਲ ਦਾਗ ਦਿੱਤਾ। ਇਸ ਤੋਂ ਇੱਕ ਮਿੰਟ ਬਾਅਦ ਗੋਵਰਸ ਨੇ ਗੋਲ ਕਰਕੇ ਆਸਟਰੇਲੀਆ ਨੂੰ 2-1 ਨਾਲ ਅੱਗੇ ਕਰ ਦਿੱਤਾ। ਟੀਮ ਵੱਲੋਂ ਬਰਨਸ ਨੇ 18ਵੇਂ ਮਿੰਟ ’ਚ ਤੀਜਾ ਗੋਲ ਦਾਗਿਆ। ਅੱਧੇ ਸਮੇਂ ਬਾਅਦ ਮੈਚ ਦੇ 35ਵੇਂ ਮਿੰਟ ’ਚ ਸ਼ਿਲਾਨੰਦ ਲਾਕੜਾ ਤੇ ਅਭਿਸ਼ੇਕ ਦੀ ਮਦਦ ਨਾਲ ਬਣੇ ਮੌਕੇ ਨੂੰ ਦਿਲਪ੍ਰੀਤ ਨੇ ਗੋਲ ’ਚ ਬਦਲਦਿਆਂ ਭਾਰਤ ਦੀ ਵਾਪਸੀ ਕਰਵਾਉਣ ਦੀ ਕੋਸ਼ਿਸ਼ ਕੀਤੀ ਪਰ ਆਸਟਰੇਲੀਆ ਨੇ ਦਬਦਬਾ ਬਣਾਈ ਰੱਖਿਆ। ਪ੍ਰੋ ਹਾਕੀ ਲੀਗ ’ਚ ਭਾਰਤੀ ਟੀਮ ਹੁਣ 21 ਜੂਨ ਨੂੰ ਬੈਲਜੀਅਮ ਖ਼ਿਲਾਫ਼ ਖੇਡੇਗੀ। -ਪੀਟੀਆਈ