ਏਸ਼ੀਅਨ ਚੈਂਪੀਅਨਸ਼ਿਪ: ਪ੍ਰਣਤੀ ਨੇ ਵੌਲਟ ’ਚ ਕਾਂਸੇ ਦਾ ਤਗ਼ਮਾ ਜਿੱਤਿਆ
ਨਵੀਂ ਦਿੱਲੀ, 14 ਜੂਨ
ਭਾਰਤੀ ਜਿਮਨਾਸਟ ਪ੍ਰਣਤੀ ਨਾਇਕ ਨੇ ਦੱਖਣੀ ਕੋਰੀਆ ਦੇ ਜੇਚਿਓਨ ਵਿੱਚ 12ਵੀਂ ਸੀਨੀਅਰ ਮਹਿਲਾ ਏਸ਼ੀਅਨ ਆਰਟਿਸਟਿਕ ਜਿਮਨਾਸਟਿਕ ਚੈਂਪੀਅਨਸ਼ਿਪ ਦੇ ਵੌਲਟ ਫਾਈਨਲ ਵਿੱਚ ਕਾਂਸੇ ਦਾ ਤਗਮਾ ਜਿੱਤਿਆ ਹੈ। ਇਸ ਸਾਲ ਮਾਰਚ ਵਿੱਚ ਤੁਰਕੀ ਵਿੱਚ ਹੋਏ ਐੱਫਆਈਜੀ ਵਿਸ਼ਵ ਕੱਪ ਵਿੱਚ ਕਾਂਸੇ ਦਾ ਤਗਮਾ ਜਿੱਤਣ ਵਾਲੀ 30 ਸਾਲਾ ਖਿਡਾਰਨ ਨੇ ਅੱਜ 13.466 ਦੇ ਸਕੋਰ ਨਾਲ ਤੀਜਾ ਸਥਾਨ ਹਾਸਲ ਕੀਤਾ। ਚੀਨ ਦੀ ਯਿਹਾਨ ਜ਼ਾਂਗ ਨੇ 13.650 ਦੇ ਸਕੋਰ ਨਾਲ ਸੋਨ ਤਗਮਾ, ਜਦਕਿ ਵੀਅਤਨਾਮ ਦੀ ਥੀ ਕੁਇਨ ਨਹੂ ਐੱਨ ਨੇ 13.583 ਦੇ ਸਕੋਰ ਨਾਲ ਚਾਂਦੀ ਦਾ ਤਗਮਾ ਜਿੱਤਿਆ। ਨੌਜਵਾਨ ਭਾਰਤੀ ਜਿਮਨਾਸਟ ਪ੍ਰੋਟਿਸਟਾ ਸਾਮੰਤਾ ਨੇ ਵੀ ਇਸ ਮੁਕਾਬਲੇ ਵਿੱਚ ਪ੍ਰਭਾਵਿਤ ਕੀਤਾ। ਉਹ 13.016 ਦੇ ਸਕੋਰ ਨਾਲ ਚੌਥੇ ਸਥਾਨ ’ਤੇ ਰਹੀ। ਪ੍ਰਣਤੀ ਨੇ ਇਸ ਤੋਂ ਪਹਿਲਾਂ 2019 ਵਿੱਚ ਕਾਂਸੇ ਦਾ ਤਗ਼ਮਾ ਜਿੱਤਿਆ ਸੀ ਅਤੇ ਮਗਰੋਂ 2022 ਵਿੱਚ ਦੋਹਾ ’ਚ ਤੀਜੇ ਸਥਾਨ ’ਤੇ ਰਹੀ ਸੀ। ਇਸ ਤਰ੍ਹਾਂ ਪ੍ਰਣਤੀ ਨੇ ਏਸ਼ੀਅਨ ਚੈਂਪੀਅਨਸ਼ਿਪ ਵਿੱਚ ਕੁੱਲ ਤਿੰਨ ਤਗ਼ਮੇ ਜਿੱਤ ਕੇ ਦੀਪਾ ਕਰਮਾਕਰ ਨੂੰ ਪਛਾੜ ਦਿੱਤਾ ਹੈ, ਜਿਸ ਦੇ ਨਾਮ ਦੋ ਤਗ਼ਮੇ ਹਨ। ਦੀਪਾ ਨੇ ਹੀਰੋਸ਼ੀਮਾ ਵਿੱਚ ਵੌਲਟ ’ਚ ਕਾਂਸੇ ਦਾ ਤਗ਼ਮਾ ਜਿੱਤਣ ਤੋਂ ਇੱਕ ਸਾਲ ਬਾਅਦ 2015 ਵਿੱਚ ਤਾਸ਼ਕੰਦ ’ਚ ਸੋਨ ਤਗਮਾ ਜਿੱਤਿਆ ਸੀ। -ਪੀਟੀਆਈ