ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਗ਼ਰੀਬੀ ਲੁਕਾਉਂਦਿਆਂ

12:31 PM Jan 11, 2023 IST

ਜੇ ਕੋਈ ਸਰਕਾਰ ਕਿਸੇ ਸ਼ਹਿਰ ਵਿਚ ਕੋਈ ਸੰਮੇਲਨ ਕਰਨਾ ਚਾਹੁੰਦੀ ਹੋਵੇ ਤਾਂ ਉਹ ਸ਼ਹਿਰ ਕਿਹੋ ਜਿਹਾ ਦਿਸਣਾ ਚਾਹੀਦਾ ਹੈ? ਇਸ ਸਵਾਲ ਦਾ ਇਕੋ ਇਕ ਸੰਭਵ ਜਵਾਬ ਇਹੋ ਹੈ ਕਿ ਉਹ ਸ਼ਹਿਰ ਸੋਹਣਾ ਦਿਸਣਾ ਚਾਹੀਦਾ ਹੈ, ਸ਼ਹਿਰ ਦੀ ਚੰਗੀ ਤਰ੍ਹਾਂ ਸਾਫ਼-ਸਫ਼ਾਈ ਅਤੇ ਟੁੱਟੀਆਂ ਸੜਕਾਂ ਤੇ ਫੁੱਟਪਾਥਾਂ ਦੀ ਮੁਰੰਮਤ ਕਰਵਾਈ ਜਾਣੀ ਚਾਹੀਦੀ ਹੈ; ਅਜਿਹੇ ਕਦਮ ਚੁੱਕੇ ਜਾਣੇ ਚਾਹੀਦੇ ਹਨ ਜਿਨ੍ਹਾਂ ਨਾਲ ਸ਼ਹਿਰ ਦੀ ਸ਼ਖ਼ਸੀਅਤ ਹੋਰ ਨਿੱਖਰੇ। ਇਕ ਹੋਰ ਸਵਾਲ ਇਹ ਹੈ ਕਿ ਜੇ ਉਸ ਸ਼ਹਿਰ ਵਿਚ ਅਜਿਹੀਆਂ ਗ਼ਰੀਬ ਲੋਕਾਂ ਦੀਆਂ ਬਸਤੀਆਂ ਹੋਣ ਜੋ ਦੇਖਣ ਨੂੰ ਸੋਹਣੀਆਂ ਨਾ ਲੱਗਣ ਤਾਂ ਉਨ੍ਹਾਂ ਦਾ ਕੀ ਕੀਤਾ ਜਾਵੇ।

Advertisement

ਇੰਦੌਰ ਵਿਚ ਪਰਵਾਸੀ ਭਾਰਤੀ ਸੰਮੇਲਨ ਸ਼ਹਿਰ ਦੇ ਬਰਿਲੀਐਂਟ ਕਨਵੈਨਸ਼ਨ ਹਾਲ ‘ਚ 8-10 ਜਨਵਰੀ ਨੂੰ ਹੋਇਆ। ਕਨਵੈਨਸ਼ਨ ਹਾਲ ਤਕ ਪਹੁੰਚਣ ਲਈ ਸੁਪਰ ਕਾਰੀਡੋਰ (Super Corridor) ਬਣਾਇਆ ਗਿਆ ਹੈ। ਖ਼ਬਰਾਂ ਅਨੁਸਾਰ ਅਹਿਲਿਆ ਬਾਈ ਏਅਰਪੋਰਟ ਰੋਡ ਤੋਂ ਲੈ ਕੇ ਸੁਪਰ ਕਾਰੀਡੋਰ ਤਕ ਦੀਆਂ ਕਈ ਬਸਤੀਆਂ ਨੂੰ ਦੀਵਾਰਾਂ ਬਣਾ ਕੇ ਅਤੇ ਲੋਹੇ ਦੀਆਂ ਚਾਦਰਾਂ ਲਗਾ ਕੇ ਲੁਕੋ ਦਿੱਤਾ ਗਿਆ। ਇਹ ਵੀ ਦੋਸ਼ ਲਗਾਇਆ ਗਿਆ ਹੈ ਕਿ ਕੁਝ ਘਰਾਂ ‘ਤੇ ਬੁਲਡੋਜ਼ਰ ਚਲਾਇਆ ਗਿਆ। ਪ੍ਰਸ਼ਾਸਨ ਦਾ ਕਹਿਣਾ ਹੈ ਕਿ ਸ਼ਹਿਰ ਵਿਚ ਮੈਟਰੋ ਬਣਾਉਣ ਦਾ ਪ੍ਰਾਜੈਕਟ ਚੱਲ ਰਿਹਾ ਹੈ ਅਤੇ ਇਹ ਦੀਵਾਰਾਂ ਤੇ ਲੋਹੇ ਦੀਆਂ ਚਾਦਰਾਂ ਮੈਟਰੋ ਬਣਾਉਣ ਲਈ ਲਗਾਏ ਗਏ ਹਨ ਪਰ ਨਾਲ ਹੀ ਇਹ ਵੀ ਸਵੀਕਾਰ ਕੀਤਾ ਗਿਆ ਕਿ ਕੁਝ ਹਿੱਸੇ ਨੂੰ ਸੁੰਦਰ ਬਣਾਉਣ ‘ਕੁਝ ਕਾਰਵਾਈ’ ਕੀਤੀ ਗਈ। ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਘਰਾਂ ਅਤੇ ਦੁਕਾਨਾਂ ਸਾਹਮਣੇ ਦੀਵਾਰਾਂ ਖੜ੍ਹੀਆਂ ਕਰ ਦਿੱਤੀਆਂ ਗਈਆਂ ਹਨ ਜਿਸ ਕਾਰਨ ਕਈ ਦੁਕਾਨਾਂ ਦੋ ਮਹੀਨਿਆਂ ਤੋਂ ਜ਼ਿਆਦਾ ਸਮੇਂ ਤੋਂ ਬੰਦ ਹਨ।

ਦੀਵਾਰਾਂ ਬਣਾਉਣ ਦਾ ਇਹ ਸਿਲਸਿਲਾ ਨਵਾਂ ਨਹੀਂ ਹੈ। ਫਰਵਰੀ 2020 ਵਿਚ ਤਤਕਾਲੀਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਅਹਿਮਦਾਬਾਦ ਦੌਰੇ ਦੌਰਾਨ ਵੀ ਸਲੱਮ (ਗੰਦੀ ਤੇ ਭੀੜੀ ਬਸਤੀ) ਨੂੰ ਲੁਕਾਉਣ ਲਈ ਅੱਧਾ ਕਿਲੋਮੀਟਰ ਲੰਮੀ ਦੀਵਾਰ ਬਣਾਈ ਗਈ ਸੀ। ‘ਨਮਸਤੇ ਟਰੰਪ’ ਦੇ ਉਸ ਸਮਾਗਮ ਦੌਰਾਨ ਵੀ ਕਈ ਲੋਕਾਂ ਨੂੰ ਘਰ ਖਾਲੀ ਕਰਨ ਦੇ ਹੁਕਮ ਦਿੱਤੇ ਗਏ ਸਨ। ਉਸ ਸਮੇਂ ਵੀ ਪ੍ਰਸ਼ਾਸਨ ਦਾ ਕਹਿਣਾ ਸੀ ਕਿ ਉਹ ਦੀਵਾਰ ਬਣਾਉਣ ਦੀ ਕਾਰਵਾਈ ‘ਸੁਰੱਖਿਆ, ਸ਼ਹਿਰ ਨੂੰ ਸੁੰਦਰ ਬਣਾਉਣ ਤੇ ਸਫ਼ਾਈ ਕਰਾਉਣ’ ਦੀ ਮੁਹਿੰਮ ਦਾ ਹਿੱਸਾ ਸੀ। ਪ੍ਰਮੁੱਖ ਪ੍ਰਸ਼ਨ ਇਹ ਹੈ ਕਿ ਅਸੀਂ ਹਕੀਕਤ ਤੋਂ ਮੂੰਹ ਕਿਉਂ ਮੋੜਨਾ ਚਾਹੁੰਦੇ ਹਾਂ। ਸਾਡੇ ਦੇਸ਼ ਦੇ ਸ਼ਹਿਰਾਂ ਵਿਚ ਬਹੁਤ ਘੱਟ ਉਜਰਤ ‘ਤੇ ਕੰਮ ਕਰਨ ਵਾਲੇ ਮਿਹਨਤਕਸ਼ ਲੋਕ ਭੀੜੀਆਂ ਤੇ ਗੰਦੀਆਂ ਬਸਤੀਆਂ (ਸਲੱਮਜ਼) ਵਿਚ ਰਹਿੰਦੇ ਹਨ। ਕਈ ਸ਼ਹਿਰਾਂ ਵਿਚ ਹੇਠਲੇ ਮੱਧ ਵਰਗ ਨਾਲ ਸਬੰਧ ਰੱਖਦੇ ਲੋਕਾਂ ਦੇ ਘਰ ਵੀ ਬਿਨਾ ਤਰਤੀਬ ਤੋਂ ਬਣੇ ਹੋਏ ਹਨ ਜੋ ਸੁਹਜਾਤਮਕ ਪੱਖ ਤੋਂ ਚੰਗੇ ਨਹੀਂ ਲੱਗਦੇ। ਇਸ ਵਿਚ ਸ਼ਹਿਰ ਦਾ ਫੈਲਾਅ ਯੋਜਨਾਬੱਧ ਤਰੀਕੇ ਨਾਲ ਕਰਨ ਵਾਲੀਆਂ ਸਰਕਾਰੀ ਏਜੰਸੀਆਂ ਦੀ ਭੂਮਿਕਾ ਮਹੱਤਵਪੂਰਨ ਹੁੰਦੀ ਹੈ। ਇੰਦੌਰ ਨੂੰ ਕਈ ਸਾਲਾਂ ਤੋਂ ਦੇਸ਼ ਦੇ ਸਭ ਤੋਂ ਸਾਫ਼ ਸ਼ਹਿਰ ਵਜੋਂ ਚੁਣਿਆ ਜਾ ਰਿਹਾ ਹੈ। ਸ਼ਹਿਰ ਦਾ ਕੁਝ ਹਿੱਸਾ ਗ਼ਰੀਬ ਜ਼ਰੂਰ ਹੋ ਸਕਦਾ ਹੈ ਪਰ ਜੇ ਸੂਬਾ ਸਰਕਾਰ ਤੇ ਸਥਾਨਕ ਪ੍ਰਸ਼ਾਸਨ ਚਾਹੁਣ ਤਾਂ ਉਸ ਹਿੱਸੇ ਵਿਚ ਵੀ ਸਾਫ਼-ਸਫ਼ਾਈ ਕਰ ਕੇ ਵੱਡੇ ਸੁਧਾਰ ਲਿਆਂਦੇ ਜਾ ਸਕਦੇ ਹਨ। ਕਿਸੇ ਬਸਤੀ ਨੂੰ ਇਸ ਲਈ ਯਾਤਰੀਆਂ ਦੀਆਂ ਨਜ਼ਰਾਂ ਤੋਂ ਬਚਾਉਣਾ ਕਿ ਉੱਥੇ ਗ਼ਰੀਬ ਲੋਕ ਮਾੜੇ ਹਾਲਾਤ ਵਿਚ ਰਹਿੰਦੇ ਹਨ, ਉੁਸ ਬਸਤੀ ਦੇ ਵਸਨੀਕਾਂ ਦਾ ਅਪਮਾਨ ਕਰਨਾ ਹੈ। ਅਜਿਹੀਆਂ ਘਟਨਾਵਾਂ ਤੋਂ ਇਹ ਬੁਨਿਆਦੀ ਪ੍ਰਸ਼ਨ ਵੀ ਪੈਦਾ ਹੁੰਦਾ ਹੈ ਕਿ ਕੀ ਸਾਡੇ ਆਗੂ ਤੇ ਪ੍ਰਸ਼ਾਸਕ ਗ਼ਰੀਬ ਲੋਕਾਂ ਨੂੰ ਘ੍ਰਿਣਾ ਕਰਦੇ ਹਨ। ਪਰਵਾਸੀ ਭਾਰਤੀਆਂ ਨੇ ਇਸ ਦੇਸ਼ ਤੋਂ ਹੀ ਪਰਵਾਸ ਕੀਤਾ ਹੈ। ਉਹ ਜਾਣਦੇ ਹਨ ਕਿ ਸਾਡੇ ਦੇਸ਼ ਦਾ ਵੱਡਾ ਹਿੱਸਾ ਘੱਟ ਸਾਧਨਾਂ ਵਾਲੇ ਲੋਕਾਂ ਦਾ ਹੈ। ਜੇ ਉਨ੍ਹਾਂ ਵਿਚੋਂ ਕੁਝ ਲੋਕ ਬਹੁਤ ਖ਼ਰਾਬ ਹਾਲਾਤ ਵਿਚ ਰਹਿ ਰਹੇ ਹਨ ਤਾਂ ਕਸੂਰ ਉਨ੍ਹਾਂ ਦਾ ਨਹੀਂ ਸਗੋਂ ਸਰਕਾਰਾਂ ਦਾ ਹੈ।

Advertisement

Advertisement