ਵਿਰਸੇ ਦੀ ਸੰਭਾਲ ਦਾ ਸੱਦਾ ਦਿੰਦਾ ਵਿਰਾਸਤੀ ਮੇਲਾ ਸਮਾਪਤ
ਜਸਬੀਰ ਸਿੰਘ ਚਾਨਾ
ਕਪੂਰਥਲਾ, 23 ਮਾਰਚ
ਪੰਜਾਬ ਸਰਕਾਰ ਦੇ ਸੈਰ ਸਪਾਟਾ ਵਿਭਾਗ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਗੁਰੂ ਨਾਨਕ ਸਟੇਡੀਅਮ ਵਿੱਚ ਕਰਵਾਇਆ ਜਾ ਰਿਹਾ ਵਿਰਾਸਤੀ ਮੇਲਾ-2025 ਸੂਬੇ ਦੇ ਅਮੀਰ ਸੱਭਿਆਚਾਰ ਤੇ ਵਿਸ਼ੇਸ਼ ਕਰਕੇ ਕਪੂਰਥਲੇ ਦੀ ਵਿਰਾਸਤ ਨੂੰ ਰੂਪਮਾਨ ਕਰਦਾ ਹੋਇਆ ਸਮਾਪਤ ਹੋਇਆ।
ਸਥਾਨਕ ਗੁਰੂ ਨਾਨਕ ਸਟੇਡੀਅਮ ਵਿੱਚ ਤਿੰਨ ਦਿਨ ਵੱਡੀ ਗਿਣਤੀ ਵਿਚ ਲੋਕਾਂ ਨੇ ਵੱਖ-ਵੱਖ ਸੱਭਿਆਚਾਰਕ ਵੰਨਗੀਆਂ ਭੰਗੜਾ, ਗਿੱਧਾ, ਸੰਮੀ, ਢਾਡੀ ਕਲਾ, ਬੋਲੀਆਂ, ਕਵਿਤਾ ਗਾਇਨ , ਸਟੈਂਡ ਅਪ ਕਾਮੇਡੀ ਦੇ ਨਾਲ-ਨਾਲ ਨਾਮੀ ਗਾਇਕਾਂ ਕੰਵਰ ਗਰੇਵਾਲ, ਮੁਹੰਮਦ ਇਰਸ਼ਾਦ ਤੇ ਮੀਤ ਕੌਰ ਦੇ ਗੀਤਾਂ ਦਾ ਅਨੰਦ ਮਾਣਿਆ।
ਮੇਲੇ ਵਿੱਚ ਪੰਜਾਬੀ ਸੰਗੀਤ, ਨਾਚ, ਹੱਥ-ਕਲਾ, ਅਤੇ ਪਰੰਪਰਾਗਤ ਖਾਣ-ਪੀਣ ਦੀਆਂ ਵੰਨਗੀਆਂ ਦਾ ਵਿਸ਼ੇਸ਼ ਪ੍ਰਦਰਸ਼ਨ ਲੋਕਾਂ ਲਈ ਖਿੱਚ ਦਾ ਕੇਂਦਰ ਰਿਹਾ। ਇਸ ਤੋਂ ਇਲਾਵਾ ਸਥਾਨਕ ਕਲਾਕਾਰਾਂ ਅਤੇ ਦਸਤਕਾਰਾਂ ਨੂੰ ਆਪਣੀ ਕਲਾ ਦਿਖਾਉਣ ਦਾ ਮੌਕਾ ਮਿਲਿਆ ਜਿਸ ਨਾਲ ਵਿਰਾਸਤੀ ਮੇਲੇ ਦਾ ਮਹੱਤਵ ਹੋਰ ਵਧ ਗਿਆ।
ਵਿਰਾਸਤੀ ਮੇਲੇ ਦੀ ਸਮਾਪਤੀ ਵਾਲੀ ਸ਼ਾਮ ਗਾਇਕ ਪ੍ਰਭ ਗਿੱਲ ਨੇ ਆਪਣੀ ਮਨਮੋਹਕ ਗੀਤਾਂ ਨਾਲ ਦਰਸ਼ਕਾਂ ਨੂੰ ਨੱਚਣ ਲਾ ਦਿੱਤਾ।
ਡਿਪਟੀ ਕਮਿਸ਼ਨਰ ਅਮਿਤ ਕੁਮਾਰ ਪੰਚਾਲ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਕਰਵਾਏ ਜਾ ਰਹੇ ਇਸ ਵਿਰਾਸਤੀ ਮੇਲੇ ਦਾ ਮੁੱਖ ਮਕਸਦ ਲੋਕਾਂ ਨੂੰ ਪੰਜਾਬ ਦੇ ਅਮੀਰ ਵਿਰਸੇ ਤੇ ਸੱਭਿਆਚਾਰ ਨਾਲ ਜੋੜਨਾ ਸੀ, ਜਿਸ ਵਿਚ ਪੰਜਾਬ ਸਰਕਾਰ ਦੇ ਯਤਨਾਂ ਨੂੰ ਕਾਮਯਾਬੀ ਮਿਲੀ ਹੈ
ਡਿਪਟੀ ਕਮਿਸ਼ਨਰ ਵੱਲੋਂ ਗਾਇਕ ਪ੍ਰਭ ਗਿੱਲ ਤੇ ਹੋਰਨਾਂ ਕਲਾਕਾਰਾਂ ਤੇ ਵਿਦਿਆਰਥੀਆਂ ਦਾ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਪਰਸਨ ਲਲਿਤ ਸਕਲਾਨੀ , ਵਧੀਕ ਡਿਪਟੀ ਕਮਿਸ਼ਨਰ ਨਵਨੀਤ ਕੌਰ ਬੱਲ , ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਵਰਿੰਦਰਪਾਲ ਸਿੰਘ ਬਾਜਵਾ , ਵਿਸ਼ਾਲ ਵਾਟਸ ਪੀ ਸੀ ਐਸ ਅੰਡਰ ਟਰੇਨਿੰਗ , ਆਮ ਆਦਮੀ ਪਾਰਟੀ ਦੇ ਆਗੂ ਤੇ ਸਾਇੰਸ ਟੈਕਨਾਲੌਜੀ ਬੋਰਡ ਦੇ ਮੈਂਬਰ ਕੰਵਰ ਇਕਬਾਲ ਸਿੰਘ , ਜੁਆਇੰਟ ਸਕੱਤਰ ਗੁਰਪਾਲ ਸਿੰਘ ਇੰਡੀਅਨ , ਜੁਆਇੰਟ ਸਕੱਤਰ ਪਰਵਿੰਦਰ ਸਿੰਘ ਢੋਟ , ਐਸ ਡੀ ਐਮ ਮੇਜਰ ਇਰਵਿਨ ਕੌਰ ਤੇ ਹੋਰ ਹਾਜ਼ਰ ਸਨ।