ਦੁਆਬੇ ’ਚ ਪੰਜ ਮੈਂਬਰੀ ਭਰਤੀ ਕਮੇਟੀ ਦੀ ਮੀਟਿੰਗ ਨੂੰ ਭਰਵਾਂ ਹੁਲਾਰਾ
ਜਲੰਧਰ, 26 ਮਾਰਚ
ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫ਼ਸੀਲ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਲਈ ਬਣੀ ਭਰਤੀ ਕਮੇਟੀ ਦੀ ਜਲੰਧਰ ਵਿੱਚ ਹੋਈ ਦੂਜੀ ਮੀਟਿੰਗ ਨੂੰ ਵੀ ਸੰਗਤ ਨੇ ਭਰਵਾਂ ਹੁੰਗਾਰਾ ਦਿੱਤਾ। ਜਲੰਧਰ ਜ਼ਿਲ੍ਹੇ ਦੀ ਸਥਾਨਕ ਲੀਡਰਸ਼ਿਪ ਅਤੇ ਵਰਕਰਾਂ ਦੇ ਰੂਬਰੂ ਹੋਣ ਲਈ ਭਰਤੀ ਕਮੇਟੀ ਦੇ ਮੈਂਬਰ ਮਨਪ੍ਰੀਤ ਸਿੰਘ ਇਯਾਲੀ, ਜੱਥੇਦਾਰ ਇਕਬਾਲ ਸਿੰਘ ਝੂੰਦਾ, ਜੱਥੇਦਾਰ ਸੰਤਾ ਸਿੰਘ ਉਮੈਦਪੁਰ, ਬੀਬੀ ਸਤਵੰਤ ਕੌਰ, ਗੁਰਪ੍ਰਤਾਪ ਸਿੰਘ ਵਡਾਲਾ ਖਾਸ ਤੌਰ ’ਤੇ ਹਾਜ਼ਰ ਰਹੇ। ਬੀਬੀ ਸਤਵੰਤ ਕੌਰ ਨੇ ਸੰਗਤ ਦੇ ਸਨਮੁੱਖ ਹੁੰਦਿਆਂ ਜਿੱਥੇ ਆਪਣੇ ਪਰਿਵਾਰ ਦੀ ਕੁਰਬਾਨੀ ਦਾ ਜ਼ਿਕਰ ਕੀਤਾ, ਉਥੇ ਹੀ ਅੱਜ ਕੌਮ ਪੰਥ ਅਤੇ ਪੰਥ ਦੀ ਨੁਮਾਇੰਦਾ ਜਮਾਤ ਸ਼੍ਰੋਮਣੀ ਅਕਾਲੀ ਦਲ ਦੇ ਹਾਲਤਾਂ ਦਾ ਜ਼ਿਕਰ ਅਤੇ ਫ਼ਿਕਰ ਵੀ ਕੀਤਾ। ਉਨ੍ਹਾਂ ਕਿਹਾ ਕਿ ਅੱਜ ਹਰ ਪਾਸੇ ਚਰਚਾ ਹੈ ਕਿ ਏਕਤਾ ਹੋਵੇ, ਸਿਆਸੀ ਤਾਕਤ ਮਜ਼ਬੂਤ ਹੋਵੇ, ਨਵੀਂ ਅਤੇ ਤਾਕਤਵਰ ਲੀਡਰਸ਼ਿਪ ਉੱਭਰੇ ਪਰ ਹੁਕਮਨਾਮਾ ਸਾਹਿਬ ਅਨੁਸਾਰ ਜਿਹੜੀ ਲੀਡਰਸ਼ਿਪ ਸਿਆਸੀ ਅਗਵਾਈ ਕਰਨ ਦਾ ਨੈਤਿਕ ਅਧਾਰ ਗੁਆ ਚੁੱਕੀ ਹੈ, ਉਸ ਲੀਡਰਸ਼ਿਪ ਨਾਲ ਏਕੇ ਦੀ ਗੱਲ ਕਿਵੇਂ ਹੋਵੇ, ਪੰਥ ਅਤੇ ਕੌਮ ਨੂੰ ਸੋਚਣਾ ਪਵੇਗਾ। ਸੰਤਾ ਸਿੰਘ ਉਮੈਦਪੁਰ, ਜਥੇਦਾਰ ਉਮੈਦਪੁਰੀ, ਇਕਬਾਲ ਸਿੰਘ ਝੂੰਦਾਂ, ਮਨਪ੍ਰੀਤ ਸਿੰਘ ਇਯਾਲੀ ਨੇ ਵੀ ਸਬੋਧਨ ਕੀਤਾ। ਜੱਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ ਨੇ ਹਾਜ਼ਰ ਸੰਗਤ ਦਾ ਧੰਨਵਾਦ ਕਰਦਿਆਂ ਕਿਹਾ ਕਿ ਅੱਜ ਪੰਜਾਬ ਦੀ ਮਾਂ ਪਾਰਟੀ ਅਤੇ ਪੰਥ ਦੀ ਨੁਮਾਇੰਦਾ ਜਮਾਤ ਸ਼੍ਰੋਮਣੀ ਅਕਾਲੀ ਦਲ ਨੂੰ ਤਕੜਾ ਕਰਨ ਦੀ ਲੋੜ ਹੈ। ਅੱਜ ਹਰ ਵਰਗ ਅੱਗੇ ਆਕੇ ਭਰਤੀ ਕਮੇਟੀ ਨਾਲ ਜੁੜ ਰਿਹਾ ਹੈ। ਇਸ ਮੌਕੇ ਬੀਬੀ ਜਗੀਰ ਕੌਰ, ਸਾਬਕਾ ਮੰਤਰੀ ਸਰਵਨ ਸਿੰਘ ਫਿਲੌਰ, ਸਾਬਕਾ ਵਿਧਾਇਕ ਤੇ ਐਸਜੀਪੀਸੀ ਮੈਬਰ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਖਾਸ ਤੌਰ ’ਤੇ ਹਾਜ਼ਰ ਰਹੇ।