ਨਿਰਮਲਾ ਸੰਤ ਮੰਡਲ ਵੱਲੋਂ ਕਾਂਗਰਸ ਦੇ ਬਾਈਕਾਟ ਦਾ ਐਲਾਨ
ਹਤਿੰਦਰ ਮਹਿਤਾ
ਜਲੰਧਰ, 29 ਮਾਰਚ
ਨਿਰਮਲਾ ਸੰਤ ਮੰਡਲ ਪੰਜਾਬ ਨੇ ਕਾਂਗਰਸ ਆਗੂ ਪ੍ਰਤਾਪ ਸਿੰਘ ਬਾਜਵਾ ਵੱਲੋਂ ਪੰਜਾਬ ਵਿਧਾਨ ਸਭਾ ਵਿੱਚ ਪਵਿੱਤਰ ਵੇਈਂ ਦੀ ਕਾਰਸੇਵਾ ਕਰਨ ਵਾਲੇ ਸੰਤ ਬਲਬੀਰ ਸਿੰਘ ਸੀਚੇਵਾਲ ਵਿਰੁੱਧ ਇਤਰਾਜ਼ਯੋਗ ਟਿੱਪਣੀਆਂ ਕਰਨ ਦਾ ਗੰਭੀਰ ਨੋਟਿਸ ਲਿਆ ਹੈ। ਇਸ ਦੌਰਾਨ ਨਿਰਮਲਾ ਸੰਤ ਮੰਡਲ ਨੇ ਪੰਜਾਬ ਵਿੱਚ ਕਾਂਗਰਸ ਦੇ ਬਾਇਕਾਟ ਦਾ ਸੱਦਾ ਦਿੱਤਾ। ਨਿਰਮਲਾ ਸੰਤ ਮੰਡਲ ਦੇ ਸੂਬਾਈ ਪ੍ਰਧਾਨ ਸੰਤ ਸੰਤੋਖ ਸਿੰਘ ਥਲਾ ਨੇ ਪ੍ਰਤਾਪ ਸਿੰਘ ਬਾਜਵਾ ਵੱਲੋਂ ਸੰਤਾਂ ਦੇ ਪ੍ਰਤੀ ਵਰਤੀ ਗਈ ਸ਼ਬਦਾਵਲੀ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ। ਨਿਰਮਲਾ ਸੰਤ ਮੰਡਲ ਪੰਜਾਬ ਦੇ ਸਮੂਹ ਸੰਤਾਂ ਮਹਾਂਪੁਰਸ਼ਾਂ ਵੱਲੋਂ ਇਹ ਫੈਸਲਾ ਕੀਤਾ ਗਿਆ ਹੈ ਕਿ ਜਿੰਨੀ ਦੇਰ ਪ੍ਰਤਾਪ ਸਿੰਘ ਬਾਜਵਾ ਆਪਣੀ ਕੀਤੀ ਹੋਈ ਗਲਤੀ ਦੀ ਮੁਆਫੀ ਨਹੀਂ ਮੰਗਦੇ, ਗੁਰੂ ਘਰਾਂ ਵਿੱਚ ਬਾਜਵੇ ਦਾ ਕੋਈ ਵੀ ਮਾਨ ਸਨਮਾਨ ਨਹੀਂ ਕੀਤਾ ਜਾਵੇਗਾ। ਸੰਤ ਅਮਰੀਕ ਸਿੰਘ ਖਖਰੈਣ ਸੀਨੀਅਰ ਮੀਤ ਪ੍ਰਧਾਨ, ਸੰਤ ਹਰਜਿੰਦਰ ਸਿੰਘ ਚਾਹ ਵਾਲੇ ਮੀਤ ਪ੍ਰਧਾਨ, ਜੀਤ ਸਿੰਘ ਰੜਾ ਸਕੱਤਰ, ਮਹੰਤ ਗਗਨਦੀਪ ਕੌਰ, ਅਵਤਾਰ ਸਿੰਘ ਭੀਖੋਵਾਲ ਪ੍ਰਬੰਧਕ ਗੁਰਦੁਆਰਾ ਭੀਖੋਵਾਲ, ਮਹੰਤ ਮੁਨੀ ਖੇੜਾ ਬੇਟ, ਸੰਤ ਸਮਸ਼ੇਰ ਸਿੰਘ ਭਿੱਟੇਵੱਡ ਜੂਨੀਅਰ ਮੀਤ ਪ੍ਰਧਾਨ ਤੇ ਮਹੰਤ ਜੋਰਾਵਰ ਸਿੰਘ ਖਡੂਰ ਸਾਹਿਬ ਨੇ ਕਿਹਾ ਕਿ ਪੰਜਾਬ ਦਾ ਹਰ ਵਰਗ ਵਾਤਾਵਰਨ ਦੀ ਸੰਭਾਲ ਦੇ ਲਈ ਸੰਤ ਸੀਚੇਵਾਲ ਵੱਲੋਂ ਕੀਤੇ ਗਏ ਕਾਰਜਾਂ ਦੀ ਸ਼ਲਾਘਾ ਕਰਦਾ ਹੈ। ਨਿਰਮਲਾ ਸੰਤ ਮੰਡਲ ਨੇ ਕਿਹਾ ਕਿ ਕਾਂਗਰਸੀ ਆਗੂ ਵੱਲੋਂ ਸਿਰਫ ਆਪਣੀ ਸਿਆਸਤ ਚਮਕਾਉਣ ਲਈ ਅਜਿਹੀ ਬਿਆਨਬਾਜ਼ੀ ਕਰਕੇ ਕਾਂਗਰਸ ਦੀ ਮਾਨਸਿਕਤਾ ਨੂੰ ਸਾਹਮਣੇ ਲੈ ਆਉਂਦੇ ਹਨ।