ਗੁਜਰਾਤ: ਪਟਾਕਿਆਂ ਦੇ ਗੋਦਾਮ ਵਿਚ ਅੱਗ ਲੱਗਣ ਕਾਰਨ 18 ਵਿਅਕਤੀਆਂ ਦੀ ਮੌਤ, 5 ਜ਼ਖਮੀ
ਪਾਲਨਪੁਰ (ਗੁਜਰਾਤ), 1 ਅਪ੍ਰੈਲ
ਮੰਗਲਵਾਰ ਨੂੰ ਗੁਜਰਾਤ ਦੇ ਬਨਾਸਕਾਂਠਾ ਜ਼ਿਲ੍ਹੇ ਵਿਚ ਇਕ ਪਟਾਕਿਆਂ ਦੇ ਗੋਦਾਮ ਵਿੱਚ ਹੋਏ ਧਮਾਕੇ ਕਾਰਨ ਅੱਗ ਲੱਗ ਗਈ ਅਤੇ ਇਮਾਰਤ ਢਹਿ ਗਈ। ਇਹ ਘਟਨਾ ਡੀਸਾ ਸ਼ਹਿਰ ਦੇ ਨੇੜੇ ਇਕ ਉਦਯੋਗਿਕ ਖੇਤਰ ਵਿਚ ਸਵੇਰੇ 9.45 ਵਜੇ ਦੇ ਕਰੀਬ ਵਾਪਰੀ। ਪੁਲੀਸ ਸੁਪਰਡੈਂਟ ਅਕਸ਼ੈਰਾਜ ਮਕਵਾਨਾ ਨੇ ਕਿਹਾ, ‘‘ਇੱਕ ਵੱਡੇ ਧਮਾਕੇ ਤੋਂ ਬਾਅਦ ਇਮਾਰਤ ਦੀ ਸਲੈਬ ਡਿੱਗ ਗਈ, ਇਸ ਘਟਨਾ ਵਿੱਚ 18 ਲੋਕਾਂ ਦੀ ਮੌਤ ਹੋ ਗਈ ਅਤੇ ਪੰਜ ਹੋਰ ਜ਼ਖਮੀ ਹੋ ਗਏ ਹਨ।’’ ਉਨ੍ਹਾਂ ਕਿਹਾ ਕਿ ਪੀੜਤ ਮੱਧ ਪ੍ਰਦੇਸ਼ ਦੇ ਮਜ਼ਦੂਰ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਸਨ।
ਉਨ੍ਹਾਂ ਦੱਸਿਆ ਕਿ ਇਹ ਯੂਨਿਟ ਪਟਾਕਿਆਂ ਨੂੰ ਸਟੋਰ ਕਰਨ ਲਈ ਸੀ ਅਤੇ ਹੁਣ ਤੱਕ ਇਸ ਗੱਲ ਦਾ ਕੋਈ ਸੁਰਾਗ ਨਹੀਂ ਮਿਲਿਆ ਹੈ ਕਿ ਪਟਾਕੇ ਬਣਾਏ ਜਾ ਰਹੇ ਸਨ। ਹਾਲਾਂਕਿ ਪਹਿਲਾਂ ਅਧਿਕਾਰੀਆਂ ਨੇ ਕਿਹਾ ਸੀ ਕਿ ਇਹ ਇਕ ਫੈਕਟਰੀ ਸੀ। ਮੁੱਖ ਮੰਤਰੀ ਭੂਪੇਂਦਰ ਪਟੇਲ ਨੇ ਇਸ ਘਟਨਾ ’ਤੇ ਦੁੱਖ ਪ੍ਰਗਟ ਕੀਤਾ ਅਤੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ 4 ਲੱਖ ਰੁਪਏ ਅਤੇ ਜ਼ਖਮੀਆਂ ਨੂੰ 50,000 ਰੁਪਏ ਦੀ ਵਿੱਤੀ ਸਹਾਇਤਾ ਦਾ ਐਲਾਨ ਕੀਤਾ।
ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਮੋਹਨ ਯਾਦਵ ਨੇ ਵੀ ਇਸ ਘਟਨਾ ਵਿੱਚ ਮੱਧ ਪ੍ਰਦੇਸ਼ ਦੇ ਮਜ਼ਦੂਰਾਂ ਦੀ ਬੇਵਕਤੀ ਮੌਤ 'ਤੇ ਦੁੱਖ ਪ੍ਰਗਟ ਕੀਤਾ। ਯਾਦਵ ਨੇ ਕਿਹਾ ਕਿ ਮੱਧ ਪ੍ਰਦੇਸ਼ ਸਰਕਾਰ ਗੁਜਰਾਤ ਅਧਿਕਾਰੀਆਂ ਨਾਲ ਲਗਾਤਾਰ ਸੰਪਰਕ ਵਿੱਚ ਹੈ। ਉਨ੍ਹਾਂ ਕਿਹਾ ਕਿ ਘਟਨਾ ਤੋਂ ਪ੍ਰਭਾਵਿਤ ਮਜ਼ਦੂਰਾਂ ਨੂੰ ਪੂਰੀ ਸਹਾਇਤਾ ਦਿੱਤੀ ਜਾਵੇਗੀ। ਯਾਦਵ ਨੇ ਅੱਗੇ ਕਿਹਾ ਕਿ ਮਜ਼ਦੂਰਾਂ ਦੀ ਸਹਾਇਤਾ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਮਦਦ ਲਈ ਸਾਰੇ ਜ਼ਰੂਰੀ ਯਤਨ ਕੀਤੇ ਜਾਣਗੇ। ਪੀਟੀਆਈ