ਬਾਹਰ ਵਾਲੇ ਰੱਬ
ਪ੍ਰਿੰ. ਵਿਜੈ ਕੁਮਾਰ
ਉਦੋਂ ਸਾਡੀ ਮਾਂ ਸਾਨੂੰ ਸਾਰੇ ਭੈਣ ਭਰਾਵਾਂ ਨੂੰ ਸਕੂਲ ਜਾਣ ਤੋਂ ਪਹਿਲਾਂ ਮੰਦਿਰ ਜ਼ਰੂਰ ਭੇਜਦੀ ਹੁੰਦੀ ਸੀ| ਸੰਗਰਾਂਦ ਦੇ ਦਿਹਾੜੇ ਤੇ ਗੁਰਦੁਆਰੇ ਵੀ ਜ਼ਰੂਰ ਜਾਣਾ ਹੁੰਦਾ ਸੀ| ਮੰਦਿਰ ਗੁਰਦੁਆਰੇ ਜਾਣ ਤੋਂ ਬਨਿਾਂ ਨਾਸ਼ਤਾ ਨਹੀਂ ਸੀ ਮਿਲਦਾ| ਜਮਾਤ ਵਿਚ ਬਹੁਤ ਸਾਰੇ ਬੱਚੇ ਅਜਿਹੇ ਹੁੰਦੇ ਸਨ ਜਿਹੜੇ ਇਸ਼ਨਾਨ ਕਰ ਕੇ ਵੀ ਨਹੀਂ ਸੀ ਆਉਂਦੇ, ਮੰਦਿਰ ਗੁਰਦੁਆਰੇ ਜਾਣਾ ਤਾਂ ਦੂਰ ਦੀ ਗੱਲ ਸੀ| ਅਸੀਂ ਕਦੇ ਕਦੇ ਮਾਂ ਨੂੰ ਪੁੱਛਦੇ ਹੁੰਦੇ ਸਾਂ ਕਿ ਮੰਦਿਰ ਗੁਰਦੁਆਰੇ ਜਾਣਾ ਭਲਾ ਜ਼ਰੂਰੀ ਕਿਉਂ ਹੈ? ਮਾਂ ਸਾਡੇ ਇਸ ਪ੍ਰਸ਼ਨ ਦਾ ਬਹੁਤ ਬੁਰਾ ਮਨਾਉਂਦੀ| ਮਾਂ ਦੇ ਯਕੀਨ ਨੇ ਜ਼ਿੰਦਗੀ ਦੇ ਹੁਣ ਤੱਕ ਦੇ ਸਫਰ ਤੱਕ ਮਨ ਵਿਚ ਇਹ ਗੱਲ ਵਸਾਈ ਹੋਈ ਹੈ ਕਿ ਮੰਦਿਰਾਂ ਗੁਰਦੁਆਰਿਆਂ ਵਿਚ ਰੱਬ ਵਸਦਾ ਹੈ| ਮੈਂ ਇਸ ਬਹਿਸ ਵਿਚ ਪੈਣ ਨੂੰ ਤਿਆਰ ਨਹੀਂ ਕਿ ਮੰਦਿਰਾਂ ਗੁਰਦੁਆਰਿਆਂ ਵਿਚ ਕਿਸੇ ਨੇ ਰੱਬ ਦੇਖਿਆ ਹੈ ਜਾਂ ਨਹੀਂ ਪਰ ਮੈਂ ਮੰਦਿਰਾਂ ਗੁਰਦੁਆਰਿਆਂ ਤੋਂ ਬਾਹਰ ਵਸਦੇ ਰੱਬ ਵਰਗੇ ਬੰਦੇ ਜ਼ਰੂਰ ਦੇਖੇ ਹਨ!
ਜੇ ਰੱਬ ਸੱਚਮੁੱਚ ਬਹੁੜਦਾ ਹੈ ਤਾਂ ਉਨ੍ਹਾਂ ਲੋਕਾਂ ਨੂੰ ਰੱਬ ਮੰਨਣ ਤੋਂ ਕੋਈ ਵੀ ਸ਼ਖ਼ਸ ਮੁਨਕਰ ਨਹੀਂ ਹੋ ਸਕਦਾ ਜਿਹੜੇ ਬਨਿਾਂ ਕਿਸੇ ਸਵਾਰਥ, ਜਾਣਕਾਰੀ ਅਤੇ ਮਕਸਦ ਤੋਂ ਲੋੜਵੰਦ ਲੋਕਾਂ ਦੀ ਬਾਂਹ ਫੜ ਲੈਂਦੇ ਹਨ; ਉਨ੍ਹਾਂ ਦੇ ਦੁੱਖਾਂ ਦਰਦਾਂ ਦੀ ਜ਼ਿੰਮੇਵਾਰੀ ਸਾਂਭ ਲੈਂਦੇ ਹਨ| ਪੁੰਨ ਦਾ ਇਹ ਕੰਮ ਉਨ੍ਹਾਂ ਲੋਕਾਂ ਦੇ ਹਿੱਸੇ ਆਉਂਦਾ ਹੈ ਜਨਿ੍ਹਾਂ ਦੇ ਦਿਲਾਂ ਵਿਚ ਮੋਹ-ਮੁਹੱਬਤ ਵੱਸਦੀ ਹੈ|
ਦੋ ਕੁ ਮਹੀਨੇ ਪਹਿਲਾਂ ਮੇਰੇ ਸਕੂਲ ਦੇ ਕੁਝ ਬੱਚੇ ਆਪਣੇ ਮਾਪਿਆਂ ਦੀ ਆਰਥਿਕ ਮੰਦਹਾਲੀ ਕਾਰਨ ਪੜ੍ਹਾਈ ਛੱਡਣ ਲਈ ਮਜਬੂਰ ਹੋ ਰਹੇ ਸਨ| ਉਨ੍ਹਾਂ ਨੇ ਸਕੂਲ ਦੀ ਆਨਲਾਈਨ ਪੜ੍ਹਾਈ ਵਾਲੇ ਗਰੁੱਪਾਂ ਵਿਚੋਂ ਆਪਣੇ ਆਪ ਨੂੰ ਵੱਖ ਕਰ ਲਿਆ ਸੀ| ਬੱਚੇ ਪੜ੍ਹਾਈ ਵਿਚ ਕਾਫੀ ਚੰਗੇ ਸਨ| ਮੈਂ ਨਹੀਂ ਚਾਹੁੰਦਾ ਸਾਂ ਕਿ ਇਹ ਬੱਚੇ ਆਪਣੀ ਪੜ੍ਹਾਈ ਆਰਥਿਕ ਕਾਰਨਾਂ ਕਰ ਕੇ ਇਉਂ ਵਿਚਾਲੇ ਛੱਡਣ ਪਰ ਖਰਚਾ ਜ਼ਿਆਦਾ ਹੋਣ ਕਾਰਨ ਕੋਈ ਵਾਹ ਨਹੀਂ ਸੀ ਚੱਲ ਰਹੀ| ਇਹ ਸੋਚ ਕੇ ਕਿ ਇਨ੍ਹਾਂ ਦੀ ਪੜ੍ਹਾਈ ਦੇ ਖਰਚੇ ਦਾ ਕੋਈ ਹੀਲਾ ਵਸੀਲਾ ਹੀ ਹੋ ਜਾਵੇ, ਆਪਣੇ ਪੱਧਰ ਤੇ ਦਾਨੀ ਸੱਜਣਾਂ ਨੂੰ ਬੇਨਤੀ ਕਰਨ ਬਾਰੇ ਸੋਚਣ ਲੱਗਾ| ਆਪਣੀ ਰੋਜ਼ ਦੀ ਆਦਤ ਅਨੁਸਾਰ ਸਵੇਰੇ ਸਵਖਤੇ ਆਪਣੇ ਮਿੱਤਰਾਂ ਨੂੰ ਸ਼ੁਭ ਸਵੇਰ ਦੇ ਵ੍ਹਟਸਐੱਪ ਸੁਨੇਹੇ ਘੱਲ ਰਿਹਾ ਸਾਂ ਕਿ ਅਚਾਨਕ ਉਨ੍ਹਾਂ ਸੱਜਣਾਂ ਵਿਚੋਂ ਇੱਕ ਸੱਜਣ ਦਾ ਨਾਂ ਦੇਖ ਕੇ ਮਨ ਵਿਚ ਆਇਆ ਕਿ ਇਸ ਸੱਜਣ ਨੂੰ ਬੇਨਤੀ ਕਰ ਕੇ ਦੇਖੀ ਜਾ ਸਕਦੀ ਹੈ| ਹੋ ਸਕਦਾ ਹੈ, ਗੱਲ ਬਣ ਜਾਵੇ| ਉਸ ਸੱਜਣ ਨੂੰ ‘ਸ਼ੁਭ ਸਵੇਰ’ ਕਹਿ ਕੇ ਲੋੜਵੰਦ ਬੱਚਿਆਂ ਦੀ ਫੀਸ ਵਾਲਾ ਸਵਾਲ ਪਾ ਦਿੱਤਾ| ਵ੍ਹਟਸਐਪ ਸੁਨੇਹਾ ਪੜ੍ਹਦਿਆਂ ਸਾਰ ਉਹਨੇ ਇਹ ਸੁਨੇਹਾ ਭੇਜ ਦਿੱਤਾ ਕਿ ਲੋੜਵੰਦ ਬੱਚਿਆਂ ਦੀ ਕੁੱਲ ਫੀਸ ਬਣਾ ਕੇ ਭੇਜੋ| ਕੁੱਲ ਰਕਮ ਤਕਰੀਬਨ ਛੱਬੀ ਹਜ਼ਾਰ ਬਣੀ| ਉਹਨੇ ਉਸੇ ਵੇਲੇ ਜਵਾਬ ਭੇਜ ਦਿੱਤਾ- ਸਾਰੀ ਫੀਸ ਪਹੁੰਚ ਜਾਵੇਗੀ, ਬੱਚਿਆਂ ਨੂੰ ਕਹੋ, ਉਹ ਪੜ੍ਹਾਈ ਜਾਰੀ ਰੱਖਣ, ਪੂਰੀ ਮਿਹਨਤ ਨਾਲ ਪੜ੍ਹਨ|
ਬਾਹਰ ਵਾਲੇ ਰੱਬ ਵਿਚ ਮੇਰਾ ਯਕੀਨ ਹੋਰ ਬੱਝ ਗਿਆ|
ਵੱਡੇ ਵੱਡੇ ਪ੍ਰਵਚਨ ਕਰਨ ਵਾਲਾ ਬਨਿਾਂ ਚੰਗੀ ਸੋਚ ਅਤੇ ਪਰਉਪਕਾਰ ਦੇ ਕੰਮ ਕਰਨ ਤੋਂ ਰੱਬ ਦਾ ਡਾਕੀਆ ਨਹੀਂ ਹੋ ਸਕਦਾ ਪਰ ਉਹ ਸ਼ਖ਼ਸ ਜਿਹੜਾ ਮੰਦਿਰ ਗੁਰਦੁਆਰੇ ਕੋਲ਼ੋਂ ਵੀ ਨਾ ਲੰਘਿਆ ਹੋਵੇ, ਉਂਜ ਆਪਣਾ ਗੁਆ ਕੇ ਮੁਸੀਬਤਾਂ ਅੰਦਰ ਘਿਰੇ ਬੰਦਿਆਂ ਦਾ ਕੁਝ ਸੁਆਰ ਰਿਹਾ ਹੋਵੇ ਤਾਂ ਉਸ ਨੂੰ ਬਾਹਰ ਵਾਲਾ ਰੱਬ ਮੰਨ ਹੀ ਲੈਣਾ ਚਾਹੀਦਾ ਹੈ| ਪੀਜੀਆਈ (ਚੰਡੀਗੜ੍ਹ) ਲਈ ਸਾਡੇ ਸ਼ਹਿਰ, ਨੰਗਲ ਤੋਂ ਹਰ ਰੋਜ਼ ਬੱਸ ਚੱਲਦੀ ਹੈ ਜਿਸ ਵਿਚ ਆਰਥਿਕ ਪੱਖੋਂ ਕਮਜ਼ੋਰ ਅਤੇ ਬਿਮਾਰ ਲੋਕ ਆਪਣਾ ਇਲਾਜ ਕਰਵਾਉਣ ਲਈ ਜਾਂਦੇ ਹਨ| ਇਨ੍ਹਾਂ ਲੋਕਾਂ ਤੋਂ ਕੋਈ ਪੈਸਾ ਨਹੀਂ ਲਿਆ ਜਾਂਦਾ| ਬੱਸ ਦਾ ਸਾਰਾ ਖਰਚਾ ਦਾਨੀ ਸੱਜਣਾਂ ਦੀ ਸਹਾਇਤਾ ਨਾਲ ਚੱਲਦਾ ਹੈ| ਇਨ੍ਹਾਂ ਦਾਨੀ ਸੱਜਣਾਂ ਵਿਚ 82 ਦੋਸਤਾਂ ਦਾ ਇੱਕ ਗਰੁੱਪ ਵੀ ਹੈ ਜੋ ਆਪਣੀ ਕਿਰਤ ਕਮਾਈ ਦੇ ਦਸਵੰਧ ਤਹਿਤ ਡੇਢ ਲੱਖ ਰੁਪਿਆ ਦਾਨ ਦਿੰਦਾ ਹੈ| ਮੇਰੀ ਨਜ਼ਰ ਵਿਚ ਇਹ ਲੋਕ ਬਾਹਰ ਵਾਲੇ ਰੱਬ ਹਨ|
ਅਸੀਂ ਅਕਸਰ ਡਾਕਟਰਾਂ ਬਾਰੇ ਸੁਣਦੇ ਹਾਂ ਕਿ ਇਨ੍ਹਾਂ ਵਿਚੋਂ ਬਹੁਤਿਆਂ ਦਾ ਧਿਆਨ ਮਰੀਜ਼ਾਂ ਦੀ ਬਿਮਾਰੀ ਵੱਲ ਘੱਟ, ਉਨ੍ਹਾਂ ਦੀ ਜੇਬ ਵੱਲ ਵੱਧ ਹੁੰਦਾ ਹੈ| ਬਹੁਤਿਆਂ ਬਾਰੇ ਇਹ ਚਰਚਾ ਵੀ ਅਕਸਰ ਚੱਲਦੀ ਰਹਿੰਦੀ ਹੈ ਕਿ ਇਹ ਦਵਾਈਆਂ ਅਤੇ ਮਰੀਜ਼ਾਂ ਵਿਚੋਂ ਵੀ ਕਮਿਸ਼ਨ ਲੈਂਦੇ ਹਨ ਪਰ ਇਸ ਧਰਤੀ ਤੇ ਰੱਬ ਵਰਗੇ ਉਹ ਡਾਕਟਰ ਵੀ ਹਨ ਜਨਿ੍ਹਾਂ ਨੂੰ ਆਪਣੀ ਜੇਬ ਨਾਲੋਂ ਮਰੀਜ਼ ਦੇ ਸਿਹਤਮੰਦ ਹੋਣ ਦੀ ਫ਼ਿਕਰ ਜ਼ਿਆਦਾ ਹੁੰਦੀ ਹੈ| ਮੈਂ ਜਿਸ ਡਾਕਟਰ ਤੋਂ ਆਪਣੇ ਪਰਿਵਾਰ ਦਾ ਇਲਾਜ ਕਰਵਾਉਂਦਾ ਹਾਂ, ਉਹ ਦਨਿ ਵਿਚ ਅਨੇਕਾਂ ਗਰੀਬ ਲੋਕਾਂ ਤੋਂ ਦਵਾਈ ਦੇ ਪੈਸੇ ਲੈਂਦਾ ਹੀ ਨਹੀਂ| ਗਰੀਬ ਲੋਕਾਂ ਲਈ ਉਹ ਬਾਹਰ ਦਾ ਰੱਬ ਹੈ| ਉਨ੍ਹਾਂ ਲੋਕਾਂ ਨੂੰ ਜ਼ਿੰਦਗੀ ਦਾ ਆਦਰਸ਼ ਬਣਾਇਆ ਜਾਣਾ ਚਾਹੀਦਾ ਹੈ ਜੋ ਦੂਜਿਆਂ ਲਈ ਜਿਊਣ ਦਾ ਜਜ਼ਬਾ ਰੱਖਦੇ ਹਨ; ਜੋ ਮਜ਼ਲੂਮਾਂ, ਬੇਵਸ, ਦੁਖੀ ਅਤੇ ਮੁਸੀਬਤਾਂ ਦੇ ਮਾਰੇ ਲੋਕਾਂ ਦਾ ਦੁੱਖ ਦਰਦ ਵੰਡਾਉਂਦੇ ਹਨ| ਮੇਰੇ ਜਾਣੂ ਇੱਕ ਨੇਕ ਇਨਸਾਨ ਦਾ ਕਹਿਣਾ ਹੈ ਕਿ ਉਹਨੇ ਅੱਜ ਤੱਕ ਕਿਸੇ ਧਾਰਮਿਕ ਸਥਾਨ ਦੀ ਯਾਤਰਾ ਨਹੀਂ ਕੀਤੀ, ਉਹ ਸਗੋਂ ਧਾਰਮਿਕ ਸਥਾਨਾਂ ਦੀ ਯਾਤਰਾ ਤੇ ਪੈਸੇ ਖਰਚਣ ਦੀ ਬਜਾਏ ਲੋੜਵੰਦ ਲੋਕਾਂ ਦੀ ਸਹਾਇਤਾ ਲਈ ਖਰਚ ਦਿੰਦਾ ਹਾਂ| ਇਹੋ ਜਿਹੇ ਲੋਕ ਬਾਹਰ ਵਾਲੇ ਰੱਬ ਹੀ ਤਾਂ ਹਨ|
ਸੰਪਰਕ: 98726-27136