ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਅਕਾਲੀ ਸਿਆਸਤ ਦੇ ਰੰਗ

04:57 AM Apr 09, 2025 IST
ਬਲਕਾਰ ਸਿੰਘ (ਪ੍ਰੋਫੈਸਰ)
Advertisement

ਵਰਤਮਾਨ ਅਕਾਲੀ ਸਿਆਸਤ ਦੇ ਸੰਕਟ ਦੀ ਜੜ੍ਹ ਵਿਚ ਸਦਾ ਵਾਂਗ ਅਕਾਲੀ ਸਿਆਸਤ ਦੇ ਰੰਗ ਹੀ ਹਨ। ਆਪਣਿਆਂ ਹੱਥੋਂ ਆਪ ਮਰਨ ਦੀ ਸਿਆਸਤ ਇਸੇ ਦਾ ਹਾਸਲ ਹੈ। ਪਹਿਲਾਂ ਇਹ ਰੰਗ ਅੰਦਰੋਂ ਉਘੜਦੇ ਰਹਿੰਦੇ ਸਨ ਅਤੇ ਇਸ ਵੇਲੇ ਇਹ ਬਾਹਰੋਂ ਉਘੜਨ ਦੀ ਬੇਤਰਤੀਬੀ ਕਾਰਨ ਬਹੁਤੇ ਹੀ ਖਿੱਲਰੇ-ਖਿੱਲਰੇੇ ਲੱਗਣ ਲੱਗ ਪਏ ਹਨ। ਸੌ ਸਾਲ ਪੁਰਾਣੇ ਅਕਾਲੀ ਦਲ ਦੇ ਸ਼ੁਰੂਆਤੀ ਦੌਰ ਵਿਚ ਬਾਬਾ ਖੜਕ ਸਿੰਘ ਅਤੇ ਮਾਸਟਰ ਤਾਰਾ ਸਿੰਘ ਵਿਚਕਾਰ ਸਿਆਸੀ ਮਤਭੇਦ ਵਾਂਗ ਸਾਹਮਣੇ ਆਏ ਸਨ। ਇਵੇਂ ਹੀ ਪਹੁੰਚ ਮਤਭੇਦ ਵਾਂਗ ਮਾਸਟਰ ਤਾਰਾ ਸਿੰਘ ਅਤੇ ਗਿਆਨੀ ਕਰਤਾਰ ਸਿੰਘ ਵਿਚਕਾਰ ਨਜ਼ਰ ਆਉਂਦੇ ਰਹੇ। ਇਹੀ ਰੰਗ ਮਾਸਟਰ ਤਾਰਾ ਸਿੰਘ ਅਤੇ ਸੰਤ ਫਤਹਿ ਸਿੰਘ ਵਿਚਕਾਰ ਕਾਇਮ ਰਿਹਾ ਸੀ।

ਇਸੇ ਦੀ ਲਗਾਤਾਰਤਾ ਵਿਚ ਪ੍ਰਕਾਸ਼ ਸਿੰਘ ਬਾਦਲ ਅਤੇ ਗੁਰਚਰਨ ਸਿੰਘ ਟੌਹੜਾ ਦੇ ਪਹੁੰਚ ਮਤਭੇਦਾਂ ਦੇ ਬਾਵਜੂਦ ਇਹ ਦੋਵੇਂ ਸਿਆਸੀ ਸ਼ਰੀਕਾਂ ਅਤੇ ਪੰਥਕ ਸਹਿਯੋਗੀਆਂ ਵਾਂਗ ਨਿਭਦੇ ਰਹੇ। ਇਨ੍ਹਾਂ ਬਾਰੇ ਪੰਜਾਬੀ ਚੇਤਨਾ ਦੀ ਇਹ ਧਾਰਨਾ ਨਜ਼ਰ ਆਉਂਦੀ ਰਹੀ ਹੈ ਕਿ ਹਰ ਅਕਾਲੀ ਦੇ ਅੰਦਰ ਬਾਦਲ ਅਤੇ ਟੌਹੜਾ ਦੋਵੇਂ ਗੁੱਥਮ-ਗੁੱਥਾ ਨਜ਼ਰ ਆ ਜਾਂਦੇ ਹਨ। ਇਨ੍ਹਾਂ ਦੋਹਾਂ ਨਾਲੋਂ ਵੱਖਰੀ ਸਿਆਸਤ ਕਰਨ ਦੇ ਇੱਛੁਕਾਂ ਦੀਆਂ ਸਿਆਸੀ ਕੋਸ਼ਿਸ਼ਾਂ ਨੂੰ ਬਹੁਤਾ ਬੂਰ ਉਨ੍ਹਾਂ ਦੇ ਸਹਿਯੋਗੀ ਸੁਰ ਵਿਚ ਹੁੰਦਿਆਂ ਨਹੀਂ ਪਿਆ ਸੀ। ਸੰਤ ਜਰਨੈਲ ਸਿੰਘ ਦੀ ਆਮਦ ਨਾਲ ਪੈਦਾ ਹੋਏ ਹਾਲਾਤ ਵਿਚ ਪੈਦਾ ਹੋਈ ਖਾੜਕੂ ਲਹਿਰ ਨਾਲ ਅਕਾਲੀ ਮੁੱਖਧਾਰਾ ਨਾਲੋਂ ਨਿਖੜ ਕੇ ਸਿਆਸਤ ਕਰਨ ਦੀਆਂ ਸੰਭਾਵਨਾਵਾਂ ਸਾਹਮਣੇ ਆਉਣ ਲੱਗ ਪਈਆਂ ਸਨ। ਇਸੇ ਸਪੇਸ ਵਿਚ ਅਕਾਲੀ ਧੜਿਆਂ ਦੀ ਸ਼ੁਰੂ ਹੋਈ ਸਿਆਸਤ, ਇਸ ਵੇਲੇ ਆਪਣੀ ਸਿਖਰ ’ਤੇ ਇਸ ਤਰ੍ਹਾਂ ਪਹੁੰਚ ਚੁੱਕੀ ਹੈ, ਜਿਵੇਂ ਕੋਈ ਵੀ ਕਿਸੇ ਦੇ ਨਾਲ ਨਾ ਹੋਵੇ।

Advertisement

ਆਪਾ-ਧਾਪੀ ਸਿਆਸਤ ਵਾਲੀ ਅਜਿਹੀ ਹਾਲਤ ਵਿਚ ਅਕਾਲੀ ਧੜਿਆਂ ਨੇ ਅਕਾਲ ਤਖਤ ਸਾਹਿਬ ਦੇ ਤਤਕਾਲੀ ਜਥੇਦਾਰ ਭਾਈ ਮਨਜੀਤ ਸਿੰਘ ਨੂੰ ਬੇਨਤੀ ਕੀਤੀ ਸੀ ਕਿ ਸਾਰਿਆਂ ਨੂੰ ਇਕੱਠੇ ਕਰ ਕੇ ਇਕ ਅਕਾਲੀ ਦਲ ਬਣਾ ਸਕਣ ਦੀਆਂ ਸੰਭਾਵਨਾਵਾਂ ਸਾਹਮਣੇ ਲਿਆਂਦੀਆਂ ਜਾਣ। ਇਸੇ ਦੇ ਨਤੀਜੇ ਵਾਸਤੇ ‘ਅੰਮ੍ਰਿਤਸਰ ਐਲਾਨਨਾਮਾ’ ਤਿਆਰ ਕੀਤਾ ਗਿਆ ਸੀ ਅਤੇ ਪ੍ਰਕਾਸ਼ ਸਿੰਘ ਬਾਦਲ ਤੋਂ ਬਿਨਾਂ ਅਕਾਲੀ ਰੰਗ ਦੇ ਸਾਰੇ ਧੜਿਆਂ ਨੂੰ ਸਾਰੇ ਧੜਾ ਮੁਖੀਆਂ ਦੀ ਸਹਿਮਤੀ ਨਾਲ 1994 ਵਿਚ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਬਣਾ ਦਿੱਤਾ ਗਿਆ ਸੀ। ਇਸ ਨਵੇਂ ਬਣੇ ਅਕਾਲੀ ਦਲ ਦੀ ਪਹਿਲੀ ਕਾਨਫਰੰਸ ਸੁਨਾਮ (ਸੰਗਰੂਰ) ਵਿੱਚ ਸੁਰਜੀਤ ਸਿੰਘ ਦੀ ਅਗਵਾਈ ਵਿਚ ਬੁਲਾਈ ਗਈ ਸੀ। ਇਸ ਤੋਂ ਪਹਿਲਾਂ ਹੀ ਅਕਾਲੀ ਨੇਤਾਵਾਂ ਵਿਚਕਾਰ ਐਲਾਨਨਾਮੇ ਵਿਚਲੇ ਲਫਜ਼ ‘ਕਨਫੈਡਰਲ’ ਬਾਰੇ ਸਮਝਣ ਸਮਝਾਉਣ ਦੀਆਂ ਕੋਸ਼ਿਸ਼ਾਂ ਸ਼ੁਰੂ ਹੋ ਗਈਆਂ ਸਨ। ਸਾਰੇ ਲੀਡਰਾਂ ਨੇ ਆਪਣੇ ਭਾਸ਼ਣਾਂ ਵਿਚ ਇਸ ਲਫਜ਼ ਦੀ ਵਿਧਾਨਕ ਪ੍ਰਸੰਗਕਤਾ ਸਥਾਪਤ ਕਰਨ ਦੀ ਕੋਸ਼ਿਸ਼ ਕੀਤੀ ਸੀ ਅਤੇ ਅਕਾਲੀ ਸਿਆਸਤ ਨੂੰ ਲੋਕਤੰਤਰੀ ਸੁਰ ਵਿਚ ਉਸਾਰੇ ਜਾਣ ਦੀ ਪੈਰਵਾਈ ਕੀਤੀ ਸੀ ਪਰ ਜਦੋਂ ਸਿਮਰਨਜੀਤ ਸਿੰਘ ਮਾਨ ਨੇ ਬੋਲਣਾ ਸ਼ੁਰੂ ਕੀਤਾ ਤਾਂ ਉਨ੍ਹਾਂ ਨੇ ਇਸੇ ਲਫਜ਼ ਦੁਆਲੇ ਆਪਣਾ ਸਿਆਸੀ ਏਜੰਡਾ ਸਾਰਿਆਂ ਦੇ ਸਾਹਮਣੇ ਲਲਕਾਰਵੀਂ ਸੁਰ ਵਿਚ ਰੱਖ ਦਿੱਤਾ ਸੀ। ਇਸ ਨਾਲ ਕਿਸੇ ਵੀ ਲੀਡਰ ਦੀ ਸਹਿਮਤੀ ਨਾ ਹੋਣ ਕਰ ਕੇ ਨਵੇਂ ਬਣੇ ਅਕਾਲੀ ਦਲ ਦੀ ਅਗਵਾਈ ਫਿਰ ਇਕ ਧੜੇ ਵਾਲੇ ਰੰਗ ਦੇ ਮੁਦਈ ਅਕਾਲੀ ਦਲ ਮਾਨ ਦੇ ਹੱਥ ਆ ਗਈ ਸੀ। ਬਾਦਲਕਿਆਂ ਨੇ ਇਸ ਅਵਸਰ ਨੂੰ ਵਰਤ ਕੇ ਬਹੁਤੇ ਅਕਾਲੀ ਰੰਗਾਂ ਨੂੰ ਆਪਣੀ ਛਤਰੀ ਹੇਠ ਬੇਸ਼ੱਕ ਲੈ ਆਂਦਾ ਸੀ ਪਰ ਸਾਰੇ ਅਕਾਲੀ ਰੰਗ ਆਪੋ-ਆਪਣੇ ਰੰਗ ਵਿਚ ਸਿਆਸਤ ਅੰਦਰੋਂ ਵੀ ਅਤੇ ਬਾਹਰੋਂ ਵੀ ਕਰਦੇ ਰਹੇ ਸਨ।

ਬਾਦਲਕਿਆਂ ਦੇ ਇਸੇ ਰੰਗ ਨਾਲ 'ਪਿਦਰਮ ਸੁਲਤਾਨ ਬੂਦ' ਦੀ ਭਾਵਨਾ ਵਿਚ ਨਿਭਣ ਦੀਆਂ ਕੋਸ਼ਿਸ਼ਾਂ ਅਕਾਲੀ ਦਲ ’ਤੇ ਕਾਬਜ਼ ਧੜੇ ਵੱਲੋਂ ਹੋ ਰਹੀਆਂ ਹਨ ਹਾਲਾਂਕਿ 2 ਦਸੰਬਰ 2024 ਨੂੰ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਰਾਹੀਂ ਦਾਗ਼ੀਆਂ ਅਤੇ ਬਾਗ਼ੀਆਂ ਦੀ ਅਕਾਲੀ ਲਡਿਰਸ਼ਿਪ ਨੂੰ ਅਗਵਾਈ ਕਰਨ ਦੀ ਨੈਤਿਕਤਾ ਗੁਆ ਚੁੱਕੀ ਐਲਾਨ ਦਿੱਤਾ ਗਿਆ ਸੀ ਅਤੇ ਅਕਾਲੀ ਰੰਗ ਵਾਲੇ ਸਿਆਸੀ ਧੜਿਆਂ ਨੂੰ ਆਪੋ-ਆਪਣੀਆਂ ਦੁਕਾਨਾਂ ਸਮੇਟਣ ਵਾਸਤੇ ਕਿਹਾ ਗਿਆ ਸੀ। ਸੰਗਤੀ ਸਾਖ ਵਾਲੇ ਅਕਾਲੀ ਦਲ ਵਾਸਤੇ ਨਵੇਂ ਸਿਰਿਉਂ ਭਰਤੀ ਕਰਨ ਦੀ ਦੇਖ-ਰੇਖ ਵਾਸਤੇ 7 ਮੈਂਬਰੀ ਕਮੇਟੀ ਬਣਾਈ ਗਈ ਸੀ, ਜਿਹੜੀ ਇਸ ਵੇਲੇ ਪੰਜ ਮੈਂਬਰੀ ਕਮੇਟੀ ਦੇ ਰੂਪ ਵਿਚ, ਹੁਣ ਹੋ ਰਹੀ ਭਰਤੀ ਦੀ ਨਜ਼ਰਸਾਨੀ ਕਰ ਰਹੀ ਹੈ। ਅਕਾਲੀਆਂ ਵੱਲੋਂ ਮਿਲ ਰਿਹਾ ਉਤਸ਼ਾਹੀ ਹੁੰਗਾਰਾ, ਪੰਜਾਬ ਨੂੰ ਸੂਬਾਈ ਪਾਰਟੀ ਦੀ ਲੋੜ ਵੱਲ ਇਸ਼ਾਰਾ ਕਰ ਰਿਹਾ ਹੈ। ਇਸ ਨਾਲ ਖਾੜਕੂ ਸਿਆਸਤ ਦੇ ਮੁਦਈਆਂ ਵਿਚਕਾਰ ਹਿੱਲਜੁਲ ਸ਼ੁਰੂ ਹੋ ਗਈ ਹੈ। ਖਾੜਕੂ ਸਿਆਸਤ ਦੇ ਮੁਦਈ ਅਕਾਲੀ ਰੰਗਾਂ ਵਿਚ ਅਕਾਲੀ ਦਲ ਮਾਨ ਅਤੇ ਅਕਾਲੀ ਦਲ ਅੰਮ੍ਰਿਤਪਾਲ ਮੁੱਖ ਹਨ। ਇਨ੍ਹਾਂ ਦੋਹਾਂ ਨੂੰ ਖਾੜਕੂ ਦਾਨਸ਼ਵਰ ਇਕੱਠੇ ਕਰ ਕੇ ਪੰਜਾਬ ਦੀ ਥਾਂ ਦੁਨੀਆ ਭਰ ਦੇ ਸਿੱਖਾਂ ਨੂੰ ਲੋੜੀਂਦੇ ਅਕਾਲੀ ਦਲ ਵਾਂਗ ਸਾਹਮਣੇ ਲਿਆਉਣਾ ਚਾਹੁੰਦੇ ਹਨ ਪਰ ਅਕਾਲੀ ਦਲ ਨੂੰ ਅਕਾਲੀ ਦੁਕਾਨਾਂ ਵਾਂਗ ਚਲਾਏ ਜਾਣ ਦੀ ਸਿਆਸਤ ਤੋਂ ਉਪਰ ਉੱਠ ਕੇ ਪੰਥਕ ਸੁਰ ’ਤੇ ਪਹਿਰਾ ਦੇ ਸਕਣ ਦੀ ਸਿਆਸਤ ਦੀਆਂ ਸੰਭਾਵਨਾਵਾਂ ਕਿਧਰੇ ਨਜ਼ਰ ਨਹੀਂ ਆਉਂਦੀਆਂ।

ਪਿਛਲੇ ਦਿਨਾਂ ਵਿਚ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਨਾਮ ’ਤੇ ਪਹਿਲਾਂ ਜਨਮ ਦਿਨ ’ਤੇ ਅਤੇ ਫਿਰ ਪਹਿਲੀ ਅਪਰੈਲ ਨੂੰ ਬਰਸੀ ’ਤੇ ਜਿਸ ਤਰ੍ਹਾਂ ਬਾਦਲਕਿਆਂ ਤੋਂ ਬਿਨਾਂ ਅਕਾਲੀ ਦਲ ਦੇ ਬਹੁਤੇ ਰੰਗ ਜੁੜ ਕੇ ਬੈਠੇ ਸਨ, ਉਸ ਨਾਲ ਟੌਹੜਾ ਸ਼ੈਲੀ ਵਿਚ ਅਕਾਲੀ ਦਲ ਦੇ ਬਹੁਤੇ ਰੰਗਾਂ ਨੂੰ ਇਕ ਪਲੈਟਫਾਰਮ ’ਤੇ ਲਿਆਂਦਾ ਜਾ ਸਕਦਾ ਹੈ। ਟੌਹੜਾ ਸ਼ੈਲੀ ਇਹ ਹੈ ਕਿ ਅਕਾਲੀ ਦਲ ਦੇ ਦੁਕਾਨਨੁਮਾ ਧੜਿਆਂ ਦੀ ਥਾਂ ਸੰਗਤੀ ਸੁਰ ਵਿਚ ਸਰਬੱਤ ਦੇ ਭਲੇ ਵਾਲੀ ਅਕਾਲੀਅਤ ਵਾਸਤੇ ਅਗਵਾਈ ਕਰਨ ਦੇ ਮੌਕੇ ਤਲਾਸ਼ੇ ਜਾਣ। ਅਜਿਹੀ ਤਲਾਸ਼ ਦਾ ਮੁੱਦਾ ‘ਪੰਥ ਵਸੇ ਮੈਂ ਉਜੜਾਂ ਮਨ ਚਾਉ ਘਨੇਰਾ’ ਹੋਣਾ ਚਾਹੀਦਾ ਹੈ। ਇਸ ਨੂੰ ਸਿਆਸੀ ਨਾਅਰੇ ਵਾਂਗ ਵਰਤਣ ਦੀ ਥਾਂ ‘ਨਿਆਸਰਿਆਂ ਦੀ ਓਟ’ ਦੀ ਸਿਧਾਂਤਕੀ ਵਾਂਗ ਆਮ ਪੰਜਾਬੀ ਮਾਨਸਿਕਤਾ ਵਿਚ ਉਤਾਰੇ ਜਾਣ ਦੀ ਲੋੜ ਹੈ। ਅਕਾਲੀਅਤ, ਪੰਥਕ ਹੋ ਕੇ ਵੀ ਪੰਜਾਬੀਅਤ ਨੂੰ ਨਾਲ ਲੈ ਕੇ ਤੁਰਦੀ ਰਹੀ ਹੈ। ਅਕਾਲੀ ਸਿਆਸਤ ਵਿੱਚੋਂ ਇਹ ਭਾਵਨਾ ਖਾੜਕੂ ਦੌਰ ਵਿਚ ਕਿਰਨੀ ਸ਼ੁਰੂ ਹੋਈ ਸੀ ਅਤੇ ਉਹੀ ਅੱਜ ਤੱਕ ਗਲ ਪਏ ਢੋਲ ਵਾਂਗ ਲਟਕੀ ਜਾਂਦੀ ਹੈ। ਇਸ ਨਾਲੋਂ ਨਿਖੜ ਕੇ ਤੁਰ ਸਕਣ ਦਾ ਕਿਰਿਆਸ਼ੀਲ (ਪ੍ਰੋਐਕਟਿਵ) ਸਿਆਸੀ ਏਜੰਡਾ ਜਿੰਨਾ ਚਿਰ ਤਿਆਰ ਨਹੀਂ ਕਰਾਂਗੇ, ਓਨਾ ਚਿਰ ਖਾੜਕੂ ਸਿਆਸਤ ਦੀ ਚੂਲ ਪ੍ਰਤੀਕਿਰਿਆਸ਼ੀਲ (ਰਿਐਕਟਿਵ) ਏਜੰਡੇ ਦੀ ਸਿਆਸੀ ਹੋਣੀ ਭੁਗਤਣੀ ਪਵੇਗੀ। ਪੰਜਾਬ ਦੀ ਸਿਆਸਤ ਵਿਚ ਵਿਚਰਦੇ ਸਿਆਸਤਦਾਨਾਂ ਦੇ ਧਿਆਨ ਵਿਚ ਇਹ ਰਹਿਣਾ ਚਾਹੀਦਾ ਹੈ ਕਿ ਜਿਵੇਂ ਪੰਜਾਬ ਦੀ ਕਮਿਊਨਿਸਟ ਸਿਆਸਤ ਨੂੰ ਨਕਸਲਬਾੜੀ ਸਿਆਸਤ ਨੇ ਅਪ੍ਰਸੰਗਕ ਕੀਤਾ ਹੋਇਆ ਹੈ, ਉਸੇ ਤਰ੍ਹਾਂ ਅਕਾਲੀ ਸਿਆਸਤ ਨੂੰ ਖਾੜਕੂ ਸਿਆਸਤ ਨੇ ਅਪ੍ਰਸੰਗਕ ਕੀਤਾ ਹੋਇਆ ਹੈ। ਇਸ ਨੂੰ ਨਹੀਂ ਸਮਝਾਂਗੇ ਤਾਂ ਮਿਲੀ ਹੋਈ ਸਥਿਤੀ ਵਿਚ ਸ਼ਾਹ ਮੁਹੰਮਦ ਦੀ ਇਹ ਗੱਲ ਸਿਆਸੀ ਸਚਾਈ ਵਾਂਗ ਯਾਦ ਰੱਖਣੀ ਪਵੇਗੀ ਕਿ ‘ਘਰੋਂ ਗਏ ਫਿਰੰਗੀ ਦੇ ਮਾਰਨੇ ਨੂੰ ਸਗੋਂ ਕੁੰਜੀਆਂ ਹੱਥ ਫੜਾ ਆਏ’।

ਸੰਪਰਕ: 93163-01328

Advertisement